ਰੇਲ ਬਜਟ : ਚੰਡੀਗੜ੍ਹ ਨੂੰ ਕੋਈ ਨਵਾਂ ਪ੍ਰਾਜੈਕਟ ਨਹੀਂ ਮਿਲਿਆ, ਪੁਰਾਣੇ ਪ੍ਰਾਜੈਕਟ ਪੂਰਾ ਕਰਨ ਨੂੰ ਤਰਜ਼ੀਹ

02/02/2022 12:31:25 PM

ਚੰਡੀਗੜ੍ਹ (ਲਲਨ) : ਸਰਕਾਰ ਵੱਲੋਂ ਆਮ ਬਜਟ ’ਚ ਰੇਲਵੇ ਬਜਟ ਪੇਸ਼ ਕੀਤਾ ਗਿਆ ਸੀ ਪਰ ਇਸ ਵਾਰ ਵੀ ਚੰਡੀਗੜ੍ਹ ਦੇ ਹੱਥ ਕੁਝ ਨਹੀਂ ਲੱਗਾ। ਹਾਲਾਂਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਰੇਲਵੇ ਬਜਟ ਵਿਚ 1 ਲੱਖ 37 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਨਾਲ ਵੰਦੇ ਭਾਰਤ ਟ੍ਰੇਨ ਮਿਲਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ ਕਿਉਂਕਿ ਵਿੱਤ ਮੰਤਰੀ ਨੇ ਬਜਟ ਵਿਚ 400 ਨਵੀਆਂ ਵੰਦੇ ਭਾਰਤ ਟ੍ਰੇਨਾਂ ਦਾ ਐਲਾਨ ਕਰਨ ਦੀ ਗੱਲ ਕਹੀ ਹੈ। ਚੰਡੀਗੜ੍ਹ ਨੂੰ ਇਸ ਸਾਲ ਵੀ ਸਰਕਾਰ ਨੇ ਪਾਸੇ ਕਰ ਦਿੱਤਾ ਹੈ। ਭਾਵੇਂ ਬਜਟ ਵਿਚ ਚੰਡੀਗੜ੍ਹ ਵਿਚ ਰੇਲਵੇ ਵੱਲੋਂ ਪਾਸ ਕੀਤੇ ਪ੍ਰਾਜੈਕਟਾਂ ਦੇ ਫੰਡਾਂ ਵਿਚ ਵਾਧਾ ਕੀਤਾ ਗਿਆ ਹੈ ਪਰ ਸ਼ਹਿਰ ਵਾਸੀਆਂ ਨੂੰ ਨਵਾਂ ਪ੍ਰਾਜੈਕਟ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ

ਪਿਛਲੇ 7 ਸਾਲਾਂ ਤੋਂ ਚੰਡੀਗੜ੍ਹ ਨੂੰ ਸਿਰਫ਼ ਲੁਭਾਉਣੇ ਸੁਫ਼ਨੇ ਦਿਖਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਰਕਾਰ 2014 ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਹੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ 2014 ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਨਵੀਂ ਰੇਲ ਗੱਡੀ ਪਾਟਲੀਪੁੱਤਰ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ ਸਰਕਾਰ ਵੱਲੋਂ 2014 ਤੋਂ ਬਾਅਦ ਪਹਿਲਾਂ ਤੇਜਸ, ਫਿਰ ਸੈਮੀ ਹਾਈ ਸਪੀਡ ਅਤੇ ਹੁਣ ਟ੍ਰੇਨ-18 ਅਤੇ ਵੰਦੇ ਭਾਰਤ ਟ੍ਰੇਨਾਂ ਦੇ ਮਨਮੋਹਕ ਸੁਫ਼ਨੇ ਦਿਖਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ 'ਸ਼ਾਲ' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ
ਜਗਾਧਰੀ ਰੇਲਵੇ ਲਾਈਨ ਵਿਛਾਉਣ ਦੀਆਂ ਸੰਭਾਵਨਾਵਾਂ ਵਧੀਆਂ
ਬਜਟ ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਗਾਧਰੀ ਤੱਕ ਸਿੱਧੀ ਰੇਲਵੇ ਲਾਈਨ ਵਿਛਾਉਣ ਦੀ ਗੱਲ ਕੀਤੀ ਗਈ ਹੈ, ਜਿਸ ਲਈ ਰੇਲਵੇ ਬਜਟ ਵਿਚ ਵਿੱਤ ਮੰਤਰੀ ਵੱਲੋਂ ਰੁਕੇ ਹੋਏ ਪ੍ਰਾਜੈਕਟਾਂ ਦੇ ਫੰਡਾਂ ਵਿਚ ਵਾਧਾ ਕੀਤਾ ਗਿਆ ਹੈ। ਅਜਿਹੇ ’ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰੁਕੇ ਹੋਏ ਪ੍ਰਾਜੈਕਟ ਜਲਦ ਸ਼ੁਰੂ ਹੋ ਸਕਦੇ ਹਨ। ਇਸ ਨਾਲ ਪਿਛਲੇ ਕਈ ਸਾਲਾਂ ਤੋਂ ਰੁਕੀ ਚੰਡੀਗੜ੍ਹ-ਬੱਦੀ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਕੰਮ ਵਿਚ ਤੇਜ਼ੀ ਆ ਸਕਦੀ ਹੈ ਕਿਉਂਕਿ ਇਹ ਮਾਮਲਾ ਹਿਮਾਚਲ ਵੱਲੋਂ ਪਾਸ ਹੋ ਚੁੱਕਾ ਹੈ ਪਰ ਹਰਿਆਣਾ ਸਰਕਾਰ ਵੱਲੋਂ ਜ਼ਮੀਨ ’ਤੇ ਨਵੀਂ ਰੇਲਵੇ ਲਾਈਨ ਵਿਛਾਉਣ ਦਾ ਕੰਮ ਠੱਪ ਹੋ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News