ਫੂਡ ਐਂਡ ਸਿਵਲ ਸਪਲਾਈ ਵਿਭਾਗ ਨੇ ਛਾਪੇਮਾਰੀ ਕਰ ਕੇ ਫੜਿਆ ਕਣਕ ਦਾ ਜ਼ਖੀਰਾ

07/23/2017 5:25:57 AM

ਲੁਧਿਆਣਾ(ਖੁਰਾਣਾ)-ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਕੰਟ੍ਰੋਲਰ ਰਾਕੇਸ਼ ਭਾਸਕਰ ਨੇ ਅੱਜ ਸਵੇਰੇ ਕਰੀਬ 6 ਵਜੇ ਪਿੰਡ ਫੁੱਲਾਂਵਾਲ ਦੇ ਨੇੜੇ ਛਾਪੇਮਾਰੀ ਦੇ ਦੌਰਾਨ ਟਰੈਕਟਰ ਟਰਾਲੀ 'ਚ ਭਰੀ ਕਣਕ ਦੇ ਗੈਰ ਕਾਨੂੰਨੀ ਜ਼ਖੀਰੇ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਭਾਸਕਰ ਦੇ ਮੁਤਾਬਕ ਮੌਕੇ 'ਤੇ ਫੜੇ ਗਏ ਤਿੰਨ ਮੁਲਜ਼ਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭਾਸਕਰ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਖਬਰ ਲਿਖੇ ਜਾਣ ਤਕ ਪੁਲਸ ਵਲੋਂ ਉਕਤ ਮੁਲਜ਼ਮਾਂ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਥਾਣਾ ਪੁਲਸ ਦੇ ਮੁਤਾਬਕ ਉਨ੍ਹਾਂ ਦੀ ਹਿਰਾਸਤ ਵਿਚ 1 ਹੀ ਮੁਲਜ਼ਮ ਹੈ। ਇਸ ਦੌਰਾਨ ਸਵਾਲ ਪੈਦਾ ਹੁੰਦਾ ਹੈ ਕਿ ਪੁਲਸ ਨੂੰ ਸੌਂਪੇ ਗਏ ਹੋਰ ਦੋ ਮੁਲਜ਼ਮ ਕਿਥੇ ਗਏ। ਸੂਤਰਾਂ ਦੇ ਮੁਤਾਬਕ ਇਸ ਸਾਰੇ ਮਾਮਲੇ 'ਚ ਸਿਆਸੀ ਦਖਲਅੰਦਾਜ਼ੀ ਕਾਰਨ ਹੁਣ ਤਕ ਮਾਮਲਾ ਦਰਜ ਨਹੀਂ ਹੋਇਆ ਹੈ। ਇਸ ਸਬੰਧੀ ਡੀ. ਐੱਫ. ਐੱਸ. ਸੀ. ਰਾਕੇਸ਼ ਭਾਸਕਰ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਏਰੀਆ 'ਚ ਰਾਊਂਡ 'ਤੇ ਨਿਕਲੇ ਹੋਏ ਸਨ। ਇਸ ਦੌਰਾਨ ਪਿੰਡ ਫੁੱਲਾਂਵਾਲ ਦੇ ਨੇੜੇ ਪੈਂਦੇ ਇਲਾਕੇ 'ਚ ਤਿੰਨ ਨੌਜਵਾਨਾਂ ਵਲੋਂ ਸਾਲ 2016-17 ਦੇ ਨਵੇਂ ਸਰਕਾਰੀ ਬਾਰਦਾਨੇ 'ਚ ਭਰੀ ਕਣਕ ਨੂੰ ਟਾਟਾ 407 ਨਾਲ ਟਰਾਲੀ 'ਚ ਭਰਿਆ ਜਾ ਰਿਹਾ ਸੀ, ਜਿਸ 'ਤੇ ਸ਼ੱਕ ਹੋਣ 'ਤੇ ਜਦ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੌਕੇ 'ਤੇ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਭਾਸਕਰ ਦੇ ਅਨੁਸਾਰ ਉਨ੍ਹਾਂ ਭੱਜਦੇ ਹੋਏ ਨੌਜਵਾਨਾਂ ਨੂੰ ਫੜ ਲਿਆ ਅਤੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦੇਣ ਦੇ ਬਾਅਦ ਮੌਕੇ 'ਤੇ ਪੀ. ਸੀ. ਆਰ. ਜਵਾਨਾਂ ਦੀ ਮਦਦ ਨਾਲ ਥਾਣਾ ਪੁਲਸ ਸ਼ਹੀਦ ਭਗਤ ਸਿੰਘ ਨਗਰ ਦੇ ਹਵਾਲੇ ਕਰ ਦਿੱਤਾ।