ਰਾਹੁਲ ਗਾਂਧੀ ਨੂੰ ਨਾ ਮਿਲਿਆ ਸਿਰੋਪਾਓ, ਨਾ ਮਿਲਿਆ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਪ੍ਰਸ਼ਾਦ (ਦੇਖੋ ਤਸਵੀਰਾਂ)

06/11/2017 2:05:40 PM

ਅੰਮ੍ਰਿਤਸਰ (ਪ੍ਰਵੀਨ ਪੁਰੀ) - ਆਪ੍ਰੇਸ਼ਨ ਬਲਿਊ ਸਟਾਰ ਦੀ 33ਵੀਂ ਬਰਸੀ ਦੇ 4 ਦਿਨ ਬਾਅਦ ਅੰਮ੍ਰਿਤਸਰ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਾ ਤਾਂ ਸਿਰੋਪਾਓ ਮਿਲਿਆ ਤੇ ਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਪ੍ਰਸ਼ਾਦ ਦੀ ਬਖਸ਼ਿਸ਼ ਹੋਈ। ਉਨ੍ਹਾਂ ਨੂੰ ਅੰਦਰ ਬੈਠ ਕੇ ਕੀਰਤਨ ਵੀ ਸਰਵਣ ਨਹੀਂ ਕਰਨ ਦਿੱਤਾ ਗਿਆ, ਜਦੋਂ ਕਿ ਉਹ ਅੰਦਰ ਬੈਠ ਕੇ ਕੀਰਤਨ ਸਰਵਣ ਕਰਨਾ ਚਾਹੁੰਦੇ ਸਨ। ਉਨ੍ਹਾਂ ਨਾਲ ਆਏ ਅਧਿਕਾਰੀਆਂ ਵੱਲੋਂ ਮੌਜੂਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ ''ਤੇ ਦਬਾਅ ਵੀ ਪਾਇਆ ਗਿਆ ਕਿ ਰਾਹੁਲ ਗਾਂਧੀ ਅੰਦਰ ਬੈਠ ਕੇ ਕੀਰਤਨ ਸਰਵਣ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ, ਜਿਸ ਕਰ ਕੇ ਉਹ ਤੁਰੰਤ ਪ੍ਰਬੰਧ ਨਹੀਂ ਕਰ ਸਕਦੇ। ਉਹ ਕੁਝ ਸਮਾਂ ਅੰਦਰ ਬੈਠਣ ਲਈ ਇੰਤਜ਼ਾਰ ਵੀ ਕਰਦੇ ਰਹੇ ਪਰ ਇਨਕਾਰ ਹੋਣ ਤੋਂ ਬਾਅਦ ਉਹ ਬਾਹਰ ਬੈਠ ਕੇ ਤਕਰੀਬਨ ਅੱਧਾ ਘੰਟਾ ਕੀਰਤਨ ਸਰਵਣ ਕਰਦੇ ਰਹੇ।


ਉਹ ਅੱਜ ਜ਼ਿਆਦਾ ਸੁਰੱਖਿਆ ਘੇਰੇ ਵਿਚ ਨਹੀਂ ਸਨ, ਉਨ੍ਹਾਂ ਨਾਲ ਕੁਝ ਹੀ ਸੁਰੱਖਿਆ ਕਰਮਚਾਰੀ ਸਨ। ਕਾਂਗਰਸੀਆਂ ''ਚੋਂ ਵੀ ਉਨ੍ਹਾਂ ਨਾਲ ਸਿਰਫ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹੀ ਸਨ। ਉਹ ਤਕਰੀਬਨ ਸਾਢੇ 4 ਵਜੇ ਦੇ ਕਰੀਬ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਆਏ ਤੇ ਇਕ ਘੰਟਾ ਕੰਪਲੈਕਸ ਵਿਚ ਰਹਿਣ ਤੋਂ ਬਾਅਦ ਵਾਪਸ ਰਵਾਨਾ ਹੋ ਗਏ। ਉਨ੍ਹਾਂ ਨੇ ਆਮ ਸ਼ਰਧਾਲੂਆਂ ਵਾਲੀ ਲਾਈਨ ''ਚ ਲੱਗ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਿਆ। ਇਸ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਵੀ ਨਤਮਸਤਕ ਹੋਏ।


ਏਅਰਪੋਰਟ ''ਤੇ ਪੁੱਜਣ ''ਤੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ''ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਕੁਝ ਸਥਾਨਕ ਵਿਧਾਇਕ ਸਨ, ਜਿਨ੍ਹਾਂ ਨੂੰ ਨਾਲ ਜਾਣ ਤੋਂ ਰੋਕ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਦੇ ਇਕ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਪਹਿਲਾਂ ਹੀ ਇਥੇ ਮੌਜੂਦ ਸਨ। ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਇਥੇ ਸਿਰਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ''ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਨ।


ਕਾਂਗਰਸੀਆਂ ਨੇ ਮਨਾਇਆ ਬੁਰਾ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਮ ਸ਼ਰਧਾਲੂ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ''ਤੇ ਨਤਮਸਤਕ ਹੋਣ ਲਈ ਇਥੇ ਪੁੱਜੇ ਸਨ। ਉਹ ਇਥੇ ਸਿਰਫ ਮੱਥਾ ਟੇਕਣ ਲਈ ਆਏ ਸਨ, ਉਨ੍ਹਾਂ ਦਾ ਇਥੇ ਆਉਣ ਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਸੀ। ਉਨ੍ਹਾਂ ਨੇ ਇਹ ਵੀ ਤਾਕੀਦ ਕੀਤੀ ਸੀ ਕਿ ਇਥੇ ਆਉਣ ਨਾਲ ਕੋਈ ਵੀ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ, ਇਸੇ ਕਰ ਕੇ ਉਨ੍ਹਾਂ ਆਮ ਸ਼ਰਧਾਲੂਆਂ ਵਾਲੀ ਲਾਈਨ ''ਚ ਅੰਦਰ ਜਾ ਕੇ ਮੱਥਾ ਟੇਕਿਆ। ਐੱਮ. ਪੀ. ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਵਿਵਹਾਰ ਨੂੰ ਠੀਕ ਨਹੀਂ ਦੱਸਿਆ।