ਸਾਬਕਾ ਕੌਂਸਲਰ ਦੇ ਪੋਤੇ ਰਾਹੁਲ ਦੀ ਮੌਤ ਦਾ ਭੇਤ ਬਰਕਰਾਰ, ਪੁਲਸ ਖੁਫੀਆ ਢੰਗ ਨਾਲ ਕਰ ਰਹੀ ਹੈ ਜਾਂਚ

04/18/2018 11:36:45 AM

ਜਲੰਧਰ (ਰਮਨ)— ਭਗਤ ਸਿੰਘ ਕਾਲੋਨੀ ਤੋਂ ਬੁੱਧਵਾਰ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਪੋਤੇ ਰਾਹੁਲ ਉਰਫ ਆਸ਼ੂ ਦੀ ਲਾਸ਼ ਵੀਰਵਾਰ 1.40 ਵਜੇ ਪੁਲਸ ਨੂੰ ਭਗਤ ਸਿੰਘ ਕਾਲੋਨੀ ਕੋਲ ਹੀ ਇਕ ਸੀਵਰੇਜ ਡਿਸਪੋਜ਼ਲ ਦੇ ਖੂਹ 'ਚੋਂ ਮਿਲੀ ਸੀ। ਕਰੀਬ 7 ਦਿਨ ਬੀਤਣ ਤੋਂ ਬਾਅਦ ਵੀ ਪੁਲਸ ਅਜੇ ਤੱਕ ਇਸ ਮਾਮਲੇ ਨੂੰ ਸੁਲਝਾ ਨਹੀਂ ਸਕੀ। ਥਾਣਾ ਨੰ. 1 ਦੀ ਪੁਲਸ ਖੁਫੀਆ ਅਤੇ ਇੰਟਰਨਲ ਤਰੀਕੇ ਨਾਲ ਜਾਂਚ 'ਚ ਜੁਟੀ ਹੋਈ ਹੈ। ਪੁਲਸ ਨੂੰ ਇਸ ਮਾਮਲੇ 'ਚ ਕੋਈ ਗਵਾਹ ਨਹੀਂ ਮਿਲ ਸਕਿਆ।
ਪੁਲਸ ਕਈ ਵਾਰ ਸੀ. ਸੀ. ਟੀ. ਵੀ. ਫੁਟੇਜ ਕਢਵਾ ਚੁੱਕੀ ਹੈ ਅਤੇ ਮੁਹੱਲੇ ਦੇ ਲੋਕਾਂ, ਬੱਚਿਆਂ ਤੇ ਆਸ਼ੂ ਦੇ ਦੋਸਤਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਪਰ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਮਾਮਲੇ ਦੀ ਜਾਂਚ ਅਜੇ ਖਤਮ ਨਹੀਂ ਹੋਈ। ਪੁਲਸ ਨੂੰ ਸ਼ੱਕ ਹੈ ਕਿ ਬੱਚੇ ਨੂੰ ਕਿਸੇ ਨੇ ਖੇਡ-ਖੇਡ 'ਚ ਧੱਕਾ ਦਿੱਤਾ ਹੋ ਸਕਦਾ ਹੈ। ਪੁਲਸ ਦਾ ਦਾਅਵਾ ਹੈ ਕਿ ਮੌਕਾ-ਏ-ਵਾਰਦਾਤ ਤੋਂ ਕਾਲ ਡੰਪ ਚੁੱਕਿਆ ਗਿਆ, ਵਾਰਦਾਤ ਸਮੇਂ 200 ਤੋਂ ਜ਼ਿਆਦਾ ਮੋਬਾਇਲ ਐਕਟਿਵ ਸਨ। ਅਜਿਹੇ 'ਚ ਪੁਲਸ ਹਰ ਇਕ ਨੰਬਰ ਨੂੰ ਇਕ-ਇਕ ਕਰਕੇ ਟਰੇਸ ਕਰ ਰਹੀ ਹੈ।  ਏ. ਡੀ. ਸੀ. ਪੀ. ਨਵਨੀਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪਰ ਪੁਲਸ ਨੂੰ ਕੋਈ ਠੋਸ ਸਬੂਤ ਜਾਂ ਗਵਾਹ ਨਹੀਂ ਮਿਲਿਆ, ਜਿਸ ਦੇ ਆਧਾਰ 'ਤੇ ਕਾਰਵਾਈ ਅੱਗੇ ਵਧਾਈ ਜਾ ਸਕੇ। ਬਿਨਾਂ ਗਵਾਹ, ਬਿਨਾਂ ਸਬੂਤ ਦੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪੁਲਸ ਨੇ ਇਸ ਮਾਮਲੇ 'ਚ ਐੱਫ. ਐੱਸ. ਐੱਲ. ਖਰੜ ਲੈਬਾਰਟਰੀ ਦੀ ਟੀਮ ਨੂੰ ਵੀ ਬੁਲਾਇਆ ਹੈ, ਜੋ ਟੈਕਨੀਕਲੀ ਜਾਂਚ ਕਰ ਰਹੀ ਹੈ। ਪੁਲਸ ਨੂੰ ਜਿਨ੍ਹਾਂ ਲੋਕਾਂ 'ਤੇ ਸ਼ੱਕ ਸੀ, ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ, ਪੂਰੀ ਕਾਲ ਡਿਟੇਲ, ਦੋਸਤਾਂ, ਆਟੋ ਚਾਲਕ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਪਰ ਕਈ ਸੁਰਾਗ ਨਹੀਂ ਮਿਲਿਆ, ਫਿਰ ਵੀ ਪੁਲਸ ਦੀ ਜਾਂਚ ਜਾਰੀ ਹੈ। 
ਡੇਢ ਮਹੀਨਾ ਪਹਿਲਾਂ ਕਤਲ ਹੋਏ ਰੋਹਿਤ ਦਾ ਕੇਸ ਵੀ ਨਹੀਂ ਹੋਇਆ ਹੱਲ
ਇਸੇ ਤਰ੍ਹਾਂ ਲਗਭਗ ਡੇਢ ਮਹੀਨਾ ਪਹਿਲਾਂ ਕਰੀਬ 12 ਸਾਲਾ ਰੋਹਿਤ ਦੀ ਇਕ ਅਕਾਲੀ-ਭਾਜਪਾ ਕੌਂਸਲਰ ਦੇ ਖਾਲੀ ਪਲਾਟ ਨੇੜੇ ਰਾਮ ਨਗਰ ਫਾਟਕ ਇੰਡਸਟਰੀਅਲ ਏਰੀਏ 'ਚ ਭੇਤਭਰੇ ਹਾਲਾਤ 'ਚ ਹੱਤਿਆ ਹੋਈ ਸੀ। ਪੁਲਸ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਇਹ ਮਰਡਰ ਮਿਸਟਰੀ ਹੱਲ ਨਹੀਂ ਕਰ ਸਕੀ। ਭਾਵੇਂ ਥਾਣਾ ਨੰ. 1 'ਚ ਇਕ ਤੇਜ਼-ਤਰਾਰ ਔਰਤ ਆਈ. ਪੀ. ਐੈੱਸ. ਬਤੌਰ ਐੱਸ. ਐੈੱਚ. ਓ. ਕੰਮ ਕਰ ਰਹੀ ਹੈ ਪਰ ਫਿਰ ਵੀ ਪੁਲਸ ਇਲਾਕੇ ਵਿਚ ਹੱਤਿਆ ਜਿਹੇ ਕੇਸ ਸੁਲਝਾ ਨਹੀਂ ਸਕੀ ਹੈ।