ਟਰੈਕਟਰ-ਟਰਾਲੀ ''ਚੋਂ ਗੈਸ ਸਿਲੰਡਰ ਲਾਹੁਣ ਵੇਲੇ ਡਿੱਗਾ ਲੜਕਾ; ਮੌਤ

05/06/2018 12:24:02 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਬਾਅਦ ਦੁਪਹਿਰ ਨਜ਼ਦੀਕੀ ਅੰਬ ਵਾਲਾ ਚੌਕ ਕੋਲ ਖੜ੍ਹਦੀ ਐੱਚ.ਪੀ. ਗੈਸ ਏਜੰਸੀ ਸ੍ਰੀ ਕੀਰਤਪੁਰ ਸਾਹਿਬ ਦੀ ਸਿਲੰਡਰਾਂ ਨਾਲ ਭਰੀ ਟਰੈਕਟਰ-ਟਰਾਲੀ ਤੋਂ ਆਪਣੇ ਲਈ ਭਰਿਆ ਹੋਇਆ ਗੈਸ ਦਾ ਸਿਲੰਡਰ ਲਾਹੁਣ ਸਮੇਂ ਹੇਠਾਂ ਡਿੱਗਣ ਕਾਰਨ ਇਕ ਨਾਬਾਲਗ ਲੜਕੇ ਦੀ ਮੌਤ ਹੋ ਗਈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਜੀਤ ਰਾਮ ਨੇ ਦੱਸਿਆ ਕਿ ਮਨਿੰਦਰ ਸਿੰਘ (17) ਪੁੱਤਰ ਇੰਦਰਪਾਲ ਸਿੰਘ ਵਾਸੀ ਪਿੰਡ ਦਬੂੜ ਥਾਣਾ ਸ੍ਰੀ ਕੀਰਤਪੁਰ ਸਾਹਿਬ, ਜੋ ਕਿ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਰਕਾਰੀ ਸਕੂਲ ਮੱਸੇਵਾਲ ਵਿਖੇ ਪੜ੍ਹਦਾ ਸੀ, ਨੇ 10ਵੀਂ ਜਮਾਤ ਦੇ ਪੇਪਰ ਦਿੱਤੇ ਹੋਏ ਸਨ। ਉਹ ਆਪਣੇ ਚਾਚੇ ਦੇ ਲੜਕੇ ਸੁਖਵਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ ਪਿੰਡ ਦਬੂੜ ਤੋਂ ਉਕਤ ਥਾਂ 'ਤੇ ਸਿਲੰਡਰ ਲੈਣ ਆਇਆ ਸੀ। ਸਿਲੰਡਰ ਦੀ ਪਰਚੀ ਲੈਣ ਤੋਂ ਬਾਅਦ ਜਦੋਂ ਮਨਿੰਦਰ ਸਿੰਘ ਨੇ ਟਰੈਕਟਰ-ਟਰਾਲੀ ਉਪਰ ਚੜ੍ਹ ਕੇ ਆਪਣੇ ਲਈ ਭਰਿਆ ਹੋਇਆ ਗੈਸ ਦਾ ਸਿਲੰਡਰ ਹੇਠਾਂ ਸੁੱਟਿਆ ਤਾਂ ਉਸ ਦੀ ਚੱਪਲ ਟਰਾਲੀ ਦੇ ਉਪਰ ਹੀ ਕਿਤੇ ਫਸ ਗਈ, ਜਿਸ ਕਾਰਨ ਉਹ ਹੇਠਾਂ ਛਾਤੀ ਭਾਰ ਸਿਲੰਡਰ 'ਤੇ ਡਿੱਗ ਪਿਆ। ਉਸ ਨੂੰ ਉਲਟੀਆਂ ਆਉਣ ਅਤੇ ਸਾਹ ਦੀ ਤਕਲੀਫ਼ ਹੋਣ 'ਤੇ ਮੁੱਢਲਾ ਸਿਹਤ ਕੇਂਦਰ ਲਿਆਂਦਾ ਗਿਆ, ਜਿਥੇ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ।
ਏ.ਐੱਸ.ਆਈ. ਜੀਤ ਰਾਮ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਸੁਖਵਿੰਦਰ ਸਿੰਘ ਦੇ ਬਿਆਨਾਂ ਅਤੇ ਮ੍ਰਿਤਕ ਦੇ ਪਿਤਾ ਇੰਦਰਪਾਲ ਦੀ ਪੁਸ਼ਟੀ ਤੋਂ ਬਾਅਦ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।