ਆਰ.ਐੱਸ.ਐੱਸ. ਦੇ ਮੁਖੀ ਦੇ ਕਤਲ ''ਤੇ ਪ੍ਰਗਟਾਇਆ ਰੋਸ

10/19/2017 2:55:45 AM

ਰੂਪਨਗਰ, (ਵਿਜੇ)- ਰਾਸ਼ਟਰੀ ਸਵੈਮ ਸੇਵੀ ਸੰਘ (ਆਰ.ਐੱਸ.ਐੱਸ.) ਰੂਪਨਗਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਆਰ.ਐੱਸ.ਐੱਸ. ਵਰਕਰਾਂ ਦੇ ਕੀਤੇ ਜਾ ਰਹੇ ਕਤਲਾਂ 'ਤੇ ਰੋਕ ਲਾਉਣ ਲਈ ਠੋਸ ਕਦਮ ਚੁੱਕੇ ਜਾਣ। 
ਇਸ ਸੰਬੰਧੀ ਵਰਕਰਾਂ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੀ ਸ਼ਿਵਪੁਰੀ 'ਚ ਲੱਗਣ ਵਾਲੀ ਸੰਘ ਦੀ ਸ਼ਾਖਾ ਦੇ ਮੁਖੀ ਰਵਿੰਦਰ ਗੋਸਾਈਂ ਦਾ ਕੀਤਾ ਗਿਆ ਕਤਲ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਮੂੰਹ ਬੋਲਦੀ ਤਸਵੀਰ ਹੈ। ਦੋ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਦਕਿ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਣਾ ਕਾਨੂੰਨ ਵਿਵਸਥਾ 'ਤੇ ਸਵਾਲੀਆ ਚਿੰਨ੍ਹ ਲਾ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਜਲੰਧਰ ਦੇ ਭੀੜ ਵਾਲੇ ਜੋਤੀ ਚੌਕ 'ਚ ਪੰਜਾਬ ਦੇ ਸਹਿ ਸੰਘ ਚਾਲਕ ਜਗਦੀਸ਼ ਗਗਨੇਜਾ ਦਾ ਵੀ ਕਤਲ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਨਾਮਧਾਰੀ ਗੁਰੂ ਮਾਤਾ ਚਾਂਦ ਕੌਰ ਹਿੰਦੂ ਸੰਗਠਨ ਦੇ ਕਾਰਜਕਰਤਾ ਅਮਿਤ ਸ਼ਰਮਾ, ਪਾਦਰੀ ਸੁਲਤਾਨ ਮਸੀਹ ਅਤੇ ਹੋਰਨਾਂ ਦੇ ਕਤਲ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ 'ਚ ਕਾਨੂੰਨ ਵਿਵਸਥਾ ਅਤੇ ਪੁਲਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। 
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਲੁਧਿਆਣਾ 'ਚ ਦਿਨ-ਦਿਹਾੜੇ ਰਾਸ਼ਟਰੀ ਸਵੈਮ ਸੇਵੀ ਸੰਘ ਦੇ ਅਧਿਕਾਰੀ ਦੇ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਆਰ.ਐੱਸ.ਐੱਸ., ਭਾਜਪਾ, ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਵਫ਼ਦ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। 
ਸੰਘ ਦੇ ਅਧਿਕਾਰੀ ਨਰਿੰਦਰ ਜੈਨ, ਸੰਜੀਵ ਦੁੱਗਲ, ਸੁਸ਼ੀਲ ਕੁਮਾਰ ਅਗਰਵਾਲ ਅਤੇ ਵਿਹਿਪ ਦੇ ਰਾਮ ਸਰੂਪ ਜੋਸ਼ੀ ਨੇ ਦੱਸਿਆ ਕਿ ਲੁਧਿਆਣਾ ਵਿਖੇ ਆਰ.ਐੱਸ.ਐੱਸ. ਦੇ ਅਧਿਕਾਰੀ ਰਵਿੰਦਰ ਗੋਸਾਈਂ ਦੀ ਮੰਗਲਵਾਰ ਸਵੇਰੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ। 2 ਸਾਲਾਂ ਤੋਂ ਸੰਘ ਦੇ ਅਧਿਕਾਰੀਆਂ ਅਤੇ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਕਾਤਲ ਹਰ ਵਾਰ ਕਤਲ ਕਰ ਕੇ ਭੱਜ ਨਿਕਲਦੇ ਹਨ, ਜਿਸ ਨਾਲ ਕਾਨੂੰਨ ਵਿਵਸਥਾ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਪੰਜਾਬ ਦੇ ਹਿੱਤ ਤੇ ਸਮਾਜਿਕ ਭਾਈਚਾਰੇ ਨੂੰ ਬਣਾਈ ਰੱਖਣ ਲਈ ਸਖ਼ਤ ਕਦਮ ਉਠਾਏ ਜਾਣ। ਇਸ ਮੌਕੇ ਕਰਨ ਦੀਵਾਨ ਯੁਵਾ ਮੋਰਚਾ, ਜ਼ਿਲਾ ਭਾਜਪਾ ਦੇ ਪ੍ਰਧਾਨ ਸੰਜੀਵ ਭਾਰਦਵਾਜ, ਸੁਦਰਸ਼ਨ ਕੁਮਾਰ, ਵਿਕਾਸ ਨਾਰਦ, ਅਨਿਲ ਸਹਿਗਲ, ਐਡਵੋਕੇਟ ਜੇ.ਕੇ. ਦੱਤਾ, ਬਲਵੰਤ ਸਿੰਘ ਮੰਡਲ ਆਦਿ ਹਾਜ਼ਰ ਸਨ।