ਸੰਸਦ ਮੈਂਬਰ ਗੁਰਜੀਤ ਔਜਲਾ ਘਰ ''ਚ ਹੋਏ ਕੁਆਰੰਟਾਈਨ

08/08/2020 5:54:06 PM

ਅੰਮ੍ਰਿਤਸਰ (ਮਮਤਾ/ਦਲਜੀਤ) : ਜ਼ਿਲ੍ਹੇ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਕਹਿਰ ਇਸ ਕਦਰ ਵੱਧ ਰਿਹਾ ਹੈ ਕਿ ਹੁਣ ਇਸ ਨੇ ਰਾਜਨੀਤਿਕ ਹਸਤੀਆਂ ਦੇ ਘਰਾਂ 'ਚ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹੇ 'ਚ ਨਵੇਂ ਮਾਮਲਿਆਂ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਉਹ ਪਿਛਲੇ 2 ਦਿਨਾਂ ਤੋਂ ਬੁਖਾਰ ਤੋਂ ਪੀੜਤ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਅਫਰਾ-ਦਫੜੀ ਮੱਚ ਗਈ ਹੈ। ਇਸ ਦੇ ਨਾਲ ਦਿਨੇਸ਼ ਬੱਸੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੰਿਮ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਆਪਣੇ ਘਰ 'ਚ ਕੁਆਰੰਟਾਈਨ ਹੋ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਦੋ ਦਿਨ ਪਹਿਲਾਂ ਦਿਨੇਸ਼ ਬੱਸੀ ਅਤੇ ਗੁਰਜੀਤ ਸਿੰਘ ਔਜਲਾ ਨੇ ਇੱਕਠੇ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਤੋਂ ਇਲਾਵਾ ਉਹ ਦੋਨੋ ਮੀਟਿੰਗਾਂ 'ਚ ਵੀ ਨਾਲ ਨਾਲ ਰਹੇ ਸਨ। ਦਿਨੇਸ਼ ਬੱਸੀ ਨੇ ਖੁਦ ਸੰਪਰਕ ਵਿਚ ਆਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਟੈਸਟ ਕਰਵਾ ਲੈਣ। ਦਿਨੇਸ਼ ਬੱਸੀ ਨੂੰ ਫਿਲਹਾਲ ਉਨ੍ਹਾਂ ਦੇ ਘਰ 'ਚ ਹੀ ਇਕਾਂਤਵਾਸ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ 2 ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਮੌਤ ਹੋ ਗਈ ਹੈ, ਜਿਸ ਦੇ ਨਾਲ ਹੁਣ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪਹੁੰਚ ਗਈ ਹੈ। ਪਾਜ਼ੇਟਿਵ ਮਰੀਜਾਂ 'ਚ 33 ਕਮਿਊਨਿਟੀ ਨਾਲ ਹਨ, ਜਦੋਂ ਕਿ 26 ਸੰਪਰਕ ਵਾਲੇ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਮਰੀਜ਼ ਨੇ ਵੀ ਤੋੜਿਆ ਦਮ

ਪਠਾਨਕੋਟ ਦੇ ਹਲਕਾ ਵਿਧਾਇਕ 'ਕੋਰੋਨਾ' ਪਾਜ਼ੇਟਿਵ
ਪਠਾਨਕੋਟ ਦੇ ਹਲਕਾ ਵਿਧਾਇਕ ਅਮਿਤ ਵਿਜ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਦਾ ਇਲਾਜ ਸਿਹਤ ਮਹਿਕਮੇ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਪਠਾਨਕੋਟ ਦੇ ਸਿਵਲ ਸਰਜਨ ਭੁਪਿੰਦਰ ਸਿੰਘ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਪਠਾਨਕੋਟ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 526 ਹੋ ਚੁੱਕੀ ਹੈ ਜਦਕਿ 341 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਇਥੇ ਹੁਣ ਤੱਕ 13 ਮਰੀਜ਼ ਦਮ ਤੋੜ ਚੁੱਕੇ ਹਨ।

ਇਹ ਵੀ ਪੜ੍ਹੋ : ਮਿਸਾਲ ਬਣੀ 'ਚਾਹ ਵਾਲੇ ਦੀ ਗੁਰੂ ਦਕਸ਼ਣਾ', ਦੁਕਾਨ ਨੂੰ ਬਣਾਇਆ ਹੈਲਪ ਡੈਸਕ

ਅੰਮ੍ਰਿਤਸਰ 'ਚ ਕੋਰੋਨਾ ਦੇ ਹਾਲਾਤ
ਸਿਹਤ ਮਹਿਕਮੇ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ ਕੁੱਲ 2195 ਪਾਜ਼ੇਟਿਵ ਆ ਚੁੱਕੇ ਹਨ, ਜਦੋਂ ਕਿ 458 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 1647 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਜਾ ਚੁੱਕੇ ਹਨ। ਬੀਤੇ ਦਿਨੀਂ ਮਰਨ ਵਾਲਿਆਂ ਵਿਚ ਚਰਨ ਕੌਰ (80) ਵਾਸੀ ਖੂਹ ਕੱਲੂਵਾਲਾ ਵੇਰਕਾ, ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸੀ ਉਹ ਸ਼ੂਗਰ ਅਤੇ ਹਾਈਪ੍ਰਟੈਂਸ਼ਨ ਤੋਂ ਪੀੜਤ ਸੀ।  ਇਸੇ ਤਰ੍ਹਾਂ 25 ਸਾਲ ਦਾ ਜੱਜ ਨਗਰ ਵਾਸੀ ਰਿੰਕੂ ਦੀ ਮੌਤ ਹੋ ਗਈ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਸੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ।

Anuradha

This news is Content Editor Anuradha