ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ PWRDA ਦੇਵੇਗੀ ਆਰਜ਼ੀ ਮਨਜ਼ੂਰੀ

11/19/2020 3:21:33 PM

ਚੰਡੀਗੜ੍ਹ : ਧਰਤੀ ਹੇਠੋਂ ਪਾਣੀ ਕੱਢਣ ਲਈ ਬਣਾਏ ਡਰਾਫਟ ਦੇ ਦਿਸ਼ਾ-ਨਿਰਦੇਸ਼ ਜਦੋਂ ਤੱਕ ਫਾਈਨਲ ਨਹੀਂ ਹੋ ਜਾਂਦੇ, ਉਦੋਂ ਤੱਕ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ. ਡਬਲਯੂ. ਆਰ. ਡੀ. ਏ.) ਸੂਬੇ ਦੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਆਰਜ਼ੀ ਮਨਜ਼ੂਰੀ ਦੇਵੇਗੀ। ਇਸ ਤੋਂ ਪਹਿਲਾਂ ਅਜਿਹੀਆਂ ਇਕਾਈਆਂ ਨੂੰ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਅਥਾਰਟੀ ਵੱਲੋਂ 12 ਨਵੰਬਰ, 2020 ਨੂੰ ਧਰਤੀ ਹੇਠੋਂ ਪਾਣੀ ਕੱਢਣ ਅਤੇ ਸੰਭਾਲ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਤੇ ਜਨਤਾ ਦੇ ਇਤਰਾਜ਼ਾਂ ਦੀ ਮੰਗ ਕੀਤੀ ਗਈ ਸੀ। ਇਹ irrigation.punjab.gov.in ਵੈੱਬਸਾਈਟ 'ਤੇ 'ਨੋਟਿਸ ਬੋਰਡ, ਵਟਸ ਨਿਊ' ਫੋਲਡਰ 'ਚ ਅਤੇ ਵੈੱਬਸਾਈਟ www.punjab.gov.in 'ਤੇ 'ਵਟਸ ਨਿਊ' ਫੋਲਡਰ 'ਚ ਉਪਲੱਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਥਾਰਟੀ ਇਸ ਸ਼ਰਤ 'ਤੇ ਆਰਜੀ ਮਨਜ਼ੂਰੀ ਦੇਵੇਗੀ ਕਿ ਬਿਨੈਕਾਰ ਡਰਾਫਟ 'ਚ ਦਰਜ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ ਅਤੇ ਜਦੋਂ ਅੰਤਿਮ ਦਿਸ਼ਾ-ਨਿਰਦੇਸ਼ ਨੋਟੀਫਾਈ ਕੀਤੇ ਜਾਣਗੇ ਤਾਂ ਉਨ੍ਹਾਂ ਦੀ ਪਾਲਣਾ ਵੀ ਕਰੇਗਾ।

ਡਰਾਫਟ 'ਚ ਦਰਜ ਦਿਸ਼ਾ-ਨਿਰਦੇਸ਼ਾਂ ਤਹਿਤ ਆਰਜੀ ਮਨਜ਼ੂਰੀ ਲੈਣ ਦੇ ਇੱਛੁਕ ਵਿਅਕਤੀ ਉੱਪਰ ਦੱਸੀਆਂ ਵੈਬਸਾਈਟਾਂ 'ਤੇ ਉਪਲੱਬਧ ਫਾਰਮ ਰਾਹੀਂ ਅਥਾਰਟੀ ਨੂੰ ਅਰਜੀ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੱਥੀ ਕੀਤੇ ਲੋੜੀਂਦੇ ਕਾਗਜ਼ਾਂ ਅਤੇ ਨਿਰਧਾਰਤ ਫੀਸ ਸਮੇਤ ਐਪਲੀਕੇਸ਼ਨ ਫਾਰਮ ਰਜਿਸਟਰਡ ਡਾਕ ਰਾਹੀਂ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ, ਐਸ. ਸੀ. ਓ. 149-152, ਤੀਜੀ ਮੰਜਿਲ, ਸੈਕਟਰ 17-ਸੀ ਚੰਡੀਗੜ੍ਹ, 160017 ਜਾਂ permission.pwrda@punjab.gov.in ਈਮੇਲ ਰਾਹੀਂ ਭੇਜੀ ਜਾ ਸਕਦੀ ਹੈ। ਬੁਲਾਰੇ ਅਨੁਸਾਰ ਕਿਸੇ ਵੀ ਕੰਮ ਦੇ ਦਿਨਾਂ 'ਚ ਦਫ਼ਤਰੀ ਸਮੇਂ ਦੌਰਾਨ ਫੋਨ ਨੰਬਰ 8847469231 ਜਾਂ ਈ-ਮੇਲ query.pwrda@punjab.gov.in ਰਾਹੀਂ ਪੁੱਛਗਿੱਛ ਕੀਤੀ ਜਾ ਸਕਦੀ ਹੈ।   


 

Babita

This news is Content Editor Babita