ਖਾਹਿਸ਼ਾਂ ਭਰੇ ਨਵੇਂ ਸਫਰ ਵੱਲ ਪੇਸ਼ਕਦਮੀ

01/26/2018 3:54:31 AM

ਚੰਡੀਗੜ੍ਹ  (ਜ. ਬ.) - ਜਦੋਂ ਭਾਰਤ 69ਵੇਂ ਗਣਤੰਤਰ ਦਿਵਸ ਦੇ ਇਤਿਹਾਸਿਕ ਮੌਕੇ ਜਸ਼ਨ ਮਨਾ ਰਿਹਾ ਹੈ, ਮੈਂ ਉਨ੍ਹਾਂ ਪਲਾਂ 'ਤੇ ਝਾਤ ਮਾਰਦਾ ਹਾਂ ਜਦੋਂ ਅਸੀਂ 1950 ਵਿਚ ਸੰਵਿਧਾਨ ਨੂੰ ਅਪਣਾਇਆ ਸੀ ਅਤੇ ਪੰਜਾਬ ਵਿਚ ਸਾਡੇ ਸਾਰਿਆਂ ਲਈ ਨਵੇਂ ਖਾਹਿਸ਼ਾਂ ਭਰੇ ਸਫਰ ਦੀ ਸ਼ੁਰੂਆਤ ਹੋਈ ਸੀ।
ਪੰਜਾਬ ਹਮੇਸ਼ਾ ਹੀ ਰਾਸ਼ਟਰ  ਦੇ ਤਾਣੇ-ਬਾਣੇ 'ਚ ਚੱਟਾਨ ਵਾਂਗ ਖੜ੍ਹਾ ਰਿਹਾ ਹੈ। ਇਸ ਨੇ ਭਾਰਤ ਦੀ ਖੜਗਭੁਜਾ ਅਤੇ ਅਨਾਜ ਭੰਡਾਰ ਵਜੋਂ ਮੋਹਰੀ ਭੂਮਿਕਾ ਨਿਭਾਈ ਹੈ। ਬਾਹਰੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਅੰਦਰੂਨੀ ਹਮਲਿਆਂ ਵਿਰੁੱਧ ਵੀ ਵੱਡਾ ਯੋਗਦਾਨ ਦਿੱਤਾ ਹੈ। ਅਨਾਜ ਉਤਪਾਦਨ ਵਿਚ ਭਾਰਤ ਨੂੰ ਆਤਮਨਿਰਭਰ ਬਣਾਇਆ ਹੈ। ਦੇਸ਼ ਦੀ ਸਿਰਫ ਦੋ ਫੀਸਦੀ ਆਬਾਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਸ਼ਹੀਦੀਆਂ ਜਾਂ ਜਲਾਵਤਨੀਆਂ ਦੇ ਸਬੰਧ 'ਚ 80 ਫੀਸਦੀ ਯੋਗਦਾਨ ਦਿੱਤਾ।
ਮੈਂ ਇਸ ਵਿਲੱਖਣ ਯੋਗਦਾਨ ਲਈ ਗਣਤੰਤਰ ਦਿਵਸ ਦੇ ਮੌਕੇ ਪੰਜਾਬੀ ਫੌਜੀਆਂ ਅਤੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ ਜੋ ਕਿ ਨਾ ਸਿਰਫ ਪੰਜਾਬ ਵਿਚ ਸਾਡੇ ਸਾਰਿਆਂ ਲਈ, ਸਗੋਂ ਦੁਨੀਆ ਭਰ ਦੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਮੈਂ ਇਸ ਦਿਵਸ 'ਤੇ ਇਹ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ ਪੰਜਾਬ ਨੇ ਰਾਸ਼ਟਰੀ ਪੱਧਰ 'ਤੇ ਆਪਣੇ ਮਾਣ ਨੂੰ ਲਗਾਤਾਰ ਬਣਾਈ ਰੱਖਿਆ ਸਗੋਂ ਸੂਬੇ ਦੇ ਸਾਰੇ ਨਾਗਰਿਕਾਂ ਨੇ ਆਪਣੀ ਵੱਧ ਤੋਂ ਵੱਧ ਸਮਰੱਥਾ ਨਾਲ ਸੂਬੇ ਦੀ ਪ੍ਰਗਤੀ ਨੂੰ ਯਕੀਨੀ ਬਣਾਇਆ ਅਤੇ ਆਪਣੀਆਂ ਅਥਾਹ ਖਾਹਿਸ਼ਾਂ ਨੂੰ ਪੂਰਾ ਕੀਤਾ। ਖਾਹਿਸ਼ਾਂ ਭਰੇ ਨਵਂੇ ਸਫਰ ਵੱਲ ਅਸੀਂ ਲਗਾਤਾਰ ਵਧ ਰਹੇ ਹਾਂ।
ਅਸੀਂ ਸਾਰੇ ਜਾਣਦੇ ਹਾਂ ਕਿ ਬਦਕਿਮਸਤੀ ਨਾਲ ਪੰਜਾਬ ਨੇ ਇਕ ਦਹਾਕੇ ਤੋਂ ਵੱਧ ਸਮਾਂ ਅੱਤਵਾਦ ਅਤੇ ਹਿੰਸਾ 'ਚ ਵੱਡਾ ਨੁਕਸਾਨ ਝੱਲਿਆ ਹੈ ਜਿਸ ਦੇ ਨਤੀਜੇ ਵਜੋਂ ਇਸ ਦੇ ਵਿਕਾਸ ਅਤੇ ਆਰਥਿਕ ਖੁਸ਼ਹਾਲੀ 'ਤੇ ਬਹੁਤ ਜ਼ਿਆਦਾ ਉਲਟ ਪ੍ਰਭਾਵ ਪਿਆ।  ਸੂਬੇ ਨੇ ਇਸ ਦੌਰ ਦੀਆਂ ਮੁਸ਼ਕਲਾਂ ਵਿਚੋਂ ਅਜੇ ਉਭਰਨਾ ਸ਼ੁਰੂ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਇਕ ਦਹਾਕੇ ਦੇ ਕੁਸ਼ਾਸਨ ਨੇ ਇਸ ਨੂੰ ਵਾਪਸ ਲਾਵਾਰਿਸ ਬਣਾ ਕੇ ਬਰਬਾਦੀ ਵੱਲ ਧੱਕ ਦਿੱਤਾ। ਵਰਤਮਾਨ ਸਮੇਂ ਮੇਰੀ ਸਰਕਾਰ ਪਿਛਲੇ ਸ਼ਾਸਨ ਤੋਂ ਵਿਰਾਸਤ ਵਿਚ ਮਿਲੀਆਂ ਵਿਭਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਵਿਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੀ ਹੈ।
ਦਰਪੇਸ਼ ਗੰਭੀਰ ਵਿੱਤੀ ਸੰਕਟ ਦੇ ਬਾਵਜੂਦ ਸਰਕਾਰ ਵਲੋਂ ਸਾਡੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਸ਼ੁਰੂ ਕੀਤੀ ਗਈ ਅਤੇ ਸੰਕਟ ਵਿਚ ਘਿਰੇ ਕਿਸਾਨੀ ਭਾਈਚਾਰੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ 'ਤੇ ਲਿਆਉਣ ਲਈ ਹੁਣ ਮੰਚ ਤਿਆਰ ਹੋ ਗਿਆ ਹੈ। ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੇਰੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਅਤੇ ਅਗਲੇ ਕੁਝ ਸਾਲਾਂ ਵਿਚ ਸਰਕਾਰ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਸਬੰਧੀ ਬਹੁਤ ਸਾਰੇ ਹੋਰ ਕਦਮ ਵੀ ਚੁੱਕੇਗੀ ਤਾਂ ਜੋ ਕਿਸਾਨਾਂ ਦੇ ਭਵਿੱਖ ਨੂੰ ਹਮੇਸ਼ਾ ਲਈ ਸੁਰੱਖਿਅਤ ਬਣਾਇਆ ਜਾ ਸਕੇ।
ਮੈਂ ਇਥੇ ਇਹ ਵੀ ਦੱਸਣ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਉਦਯੋਗ ਦੇ ਲਈ ਬਿਜਲੀ ਦੀ ਦਰ ਪੰਜ ਰੁਪਏ ਪ੍ਰਤੀ ਯੂਨਿਟ ਨਿਰਧਾਰਤ ਕਰਨ ਦੇ ਕੀਤੇ ਵਾਅਦੇ ਨੂੰ ਸਫਲਤਾ ਨਾਲ ਲਾਗੂ ਕੀਤਾ ਹੈ ਅਤੇ ਟਰਾਂਸਪੋਰਟ ਮਾਫੀਏ ਨੂੰ ਖਤਮ ਕਰ ਦਿੱਤਾ ਹੈ ਜੋ ਸੂਬੇ ਦੀ ਸਨਅਤੀ ਪ੍ਰਗਤੀ ਦੀਆਂ ਰਗਾਂ ਘੁੱਟ ਰਿਹਾ ਸੀ।
ਮੈਂ ਅਮਨ-ਕਾਨੂੰਨ ਦੇ ਖੇਤਰ ਵਿਚ ਸਰਕਾਰ ਵਲੋਂ ਹਾਸਲ ਕੀਤੀ ਸਫਲਤਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਇਸ ਖੇਤਰ ਵਿਚ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋਏ ਹਾਂ ਜਿਸ ਦੀ ਝਲਕ ਘਿਨਾਉਣੇ ਅਪਰਾਧਾਂ ਵਿਚ ਆਈ ਗਿਰਾਵਟ ਤੋਂ ਦੇਖੀ ਜਾ ਸਕਦੀ ਹੈ। ਅੱਜ ਦੇ ਇਸ ਮੌਕੇ ਮੈਂ ਪੰਜਾਬ ਪੁਲਸ ਨੂੰ ਵਧਾਈ ਦਿੰਦਾ ਹਾਂ ਜਿਸ ਨੇ ਜੁਰਮਾਂ ਨੂੰ ਨੱਥ ਪਾਉਣ ਖਾਸ ਕਰਕੇ ਮਿੱਥ ਕੇ ਕੀਤੇ ਕਤਲਾਂ ਦੇ ਮਾਮਲਿਆਂ ਦੀ ਗੁੱਥੀ ਸੁਲਝਾਉਣ ਵਿਚ ਮਿਸਾਲੀ ਭੂਮਿਕਾ ਨਿਭਾਈ।
ਪੰਜਾਬ ਦੇ ਸੰਦਰਭ ਵਿਚ ਜ਼ਾਹਰਾ ਤੌਰ 'ਤੇ ਇਸ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਦੇ ਬਹੁਤ ਪੱਖ ਹਨ ਪਰ ਬਹੁਤ ਸਾਰੇ ਅਜਿਹੇ ਕਾਰਨ ਵੀ ਹਨ ਜੋ ਸਾਨੂੰ ਇਸ ਦਿਵਸ ਦੇ ਜਜ਼ਬੇ ਦੇ ਧੁਰ ਅੰਦਰ ਤੱਕ ਲਹਿ ਜਾਣ ਨੂੰ ਅਸੰਭਵ ਬਣਾਉਂਦੇ ਹਨ। ਕਿਸਾਨ ਖੁਦਕੁਸ਼ੀਆਂ ਦਾ ਵਰਤਾਰਾ, ਲੁਧਿਆਣਾ ਫੈਕਟਰੀ ਵਿਚ ਅੱਗ ਲੱਗਣ ਦੀ ਹੌਲਨਾਕ ਘਟਨਾ ਵਿਚ ਕੀਮਤੀ ਜਾਨਾਂ ਦਾ ਚਲੇ ਜਾਣਾ ਅਤੇ ਨਿੱਤ ਦਿਨ ਵਾਪਰਦੇ ਹਾਦਸਿਆਂ ਵਿਚ ਮਾਸੂਮ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਮੇਰੀ ਸਰਕਾਰ ਲਈ ਡਾਢੀ ਚਿੰਤਾ ਦਾ ਵਿਸ਼ਾ ਹਨ ਜੋ ਪਹਿਲਾਂ ਹੀ ਆਰਥਿਕ ਸੰਕਟ 'ਚੋ ਗੁਜ਼ਰ ਰਹੀ ਹੈ। ਵਿੱਤੀ ਮੋਰਚੇ 'ਤੇ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਮੈਨੂੰ ਯਕੀਨ ਹੈ ਕਿ ਅਸੀਂ ਹੋਰ ਵੀ ਬਹੁਤ ਸਾਰੇ ਕਾਰਨਾਂ ਖਾਸ ਕਰਕੇ ਪੰਜਾਬ ਵਾਸੀਆਂ ਵੱਲੋਂ ਸਾਨੂੰ ਦਿੱਤੇ ਜ਼ੋਰਦਾਰ ਸਮਰਥਨ ਕਰਕੇ ਖੁਸ਼ ਹੋ ਸਕਦੇ ਹਾਂ ਜਿਨ੍ਹਾਂ ਨੇ ਕਾਂਗਰਸ ਸਰਕਾਰ ਵਿਚ ਅਥਾਹ ਵਿਸ਼ਵਾਸ ਕਾਇਮ ਰੱਖਿਆ ਹੋਇਆ ਹੈ ਜੋ ਮੈਨੂੰ ਇਸ ਚੁਣੌਤੀਆਂ ਭਰੇ ਸਫਰ ਦੌਰਾਨ ਹਰੇਕ ਕਦਮ 'ਤੇ ਪ੍ਰੇਰਿਤ ਤੇ ਉਤਸ਼ਾਹਿਤ ਕਰਦਾ ਹੈ।
—ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ