ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ 6,02,207 ਮੀਟ੍ਰਿਕ ਟਨ ਕਣਕ ਦੀ ਖਰੀਦ

05/05/2018 12:40:32 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ)-ਜ਼ਿਲਾ ਤਰਨਤਾਰਨ ਦੀਆਂ ਮੰਡੀਆਂ 'ਚੋਂ ਖਰੀਦ ਕੀਤੀ ਗਈ ਕਣਕ ਦੀ 45 ਫੀਸਦੀ ਤੋਂ ਵਧੇਰੇ ਚੁਕਾਈ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦੀ ਕਣਕ ਨੂੰ ਮੰਡੀਆਂ 'ਚੋਂ ਜਲਦੀ ਚੁੱਕਣ ਲਈ ਖਰੀਦ ਏਜੰਸੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਡੀ. ਸੀ. ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲੇ 'ਚ ਕਣਕ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਸਬੰਧੀ ਸਮੀਖਿਆ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। 
ਡੀ. ਸੀ. ਤਰਨਤਾਰਨ ਨੇ ਦੱਸਿਆ ਕਿ 4 ਮਈ ਤੱਕ ਜ਼ਿਲਾ ਤਰਨਤਾਰਨ ਦੇ 54 ਖਰੀਦ ਕੇਂਦਰਾਂ 'ਚ ਕੁਲ 6,03,678 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ 'ਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6,02,207 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਖਰੀਦ ਕੀਤੀ ਗਈ ਕਣਕ 'ਚੋਂ 2,73,875 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਅਤੇ ਕਣਕ ਦੀ ਚੁਕਾਈ 'ਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 4 ਮਈ ਤੱਕ ਪਨਸਪ ਵੱਲੋਂ ਕੁੱਲ 69,033 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ ਕੁਲ 1,21,187 ਮੀਟ੍ਰਿਕ ਟਨ, ਪਨਗਰੇਨ ਵੱਲੋਂ 1,03,615 ਮੀਟ੍ਰਿਕ ਟਨ, ਐੱਫ. ਸੀ. ਆਈ. ਵੱਲੋਂ 99,740 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 71,401 ਮੀਟ੍ਰਿਕ ਟਨ ਅਤੇ ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 92,279 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। 4 ਮਈ ਤੱਕ ਜ਼ਿਲੇ ਦੇ ਕਿਸਾਨਾਂ ਨੂੰ 887 ਕਰੋੜ 33 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਪਨਸਪ ਵੱਲੋਂ 97.91 ਕਰੋੜ ਰੁਪਏ, ਮਾਰਕਫੈੱਡ ਵੱਲੋਂ 183.21 ਕਰੋੜ ਰੁਪਏ, ਪਨਗਰੇਨ ਵੱਲੋਂ 230.80 ਕਰੋੜ ਰੁਪਏ, ਐੱਫ. ਸੀ. ਆਈ. ਵੱਲੋਂ 120.70 ਕਰੋੜ ਰੁਪਏ, ਪੰਜਾਬ ਐਗਰੋ ਵੱਲੋਂ 107.24 ਕਰੋੜ ਰੁਪਏ ਅਤੇ ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 147.47 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ।