ਵਿਦੇਸ਼ ਦਾ ਕ੍ਰੇਜ਼! ਪੰਜਾਬੀਆਂ ਨੇ ਬਾਹਰ ਜਾਣ ਲਈ ਚੁੱਕਿਆ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ

01/14/2024 9:32:13 AM

ਜਲੰਧਰ (ਇੰਟ): ਪੰਜਾਬ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਜਨੂੰਨ ਅਜਿਹਾ ਹੈ ਕਿ ਮੌਜੂਦਾ ਸਮੇਂ ਸੂਬੇ ਦੇ 13.34 ਫੀਸਦੀ ਦਿਹਾਤੀ ਪਰਿਵਾਰਾਂ ’ਚੋਂ ਘੱਟੋ-ਘੱਟ ਇਕ ਮੈਂਬਰ ਵਿਦੇਸ਼ ਵਿਚ ਜਾ ਕੇ ਵੱਸਿਆ ਹੋਇਆ ਹੈ। ਇਕ ਅਧਿਐਨ ਮੁਤਾਬਕ ਲਗਭਗ 56 ਫੀਸਦੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਉਧਾਰ ਲਈ ਹੈ। ਅਧਿਐਨ ਮੁਤਾਬਕ 19.38 ਫੀਸਦੀ ਪ੍ਰਵਾਸੀ ਅਜਿਹੇ ਹਨ ਜਿਨ੍ਹਾਂ ਨੇ 5639 ਕਰੋੜ ਰੁਪਏ ਦੀ ਜਾਇਦਾਦ ਵੇਚ ਦਿੱਤੀ ਹੈ। ਮੁਲਾਂਕਣ ਦੇ ਅਨੁਸਾਰ ਇਸ ’ਚ ਜ਼ਮੀਨ, ਪਲਾਟ/ਘਰ, ਸੋਨੇ ਦੇ ਗਹਿਣੇ, ਕਾਰ ਅਤੇ ਟਰੈਕਟਰ ਸ਼ਾਮਲ ਹਨ। ਜ਼ਿਆਦਾਤਰ ਅਨੁਸੂਚਿਤ ਜਾਤੀ, ਘੱਟ ਆਮਦਨੀ ਵਾਲੇ, ਬੇਜ਼ਮੀਨੇ ਅਤੇ ਮਜ਼ਦੂਰ ਪ੍ਰਵਾਸੀ ਪਰਿਵਾਰਾਂ ਨੇ ਪ੍ਰਵਾਸ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਘਰ ਅਤੇ ਸੋਨੇ ਦੇ ਗਹਿਣੇ ਵੇਚ ਦਿੱਤੇ।

ਇਕ ਪਰਿਵਾਰ ’ ਤੇ ਔਸਤਨ ਉਧਾਰ 3.13 ਲੱਖ ਰੁਪਏ

ਪ੍ਰਵਾਸੀ ਪਰਿਵਾਰਾਂ ਵੱਲੋਂ ਉਧਾਰ ਲਈ ਗਈ ਔਸਤ ਰਕਮ 3.13 ਲੱਖ ਰੁਪਏ ਪ੍ਰਤੀ ਪਰਿਵਾਰ ਸੀ। ਪ੍ਰਤੀ ਪ੍ਰਵਾਸੀ ਪਰਿਵਾਰ ਦੇ ਕੁੱਲ ਉਧਾਰ ਵਿਚੋਂ, ਗੈਰ-ਸੰਸਥਾਗਤ ਫੰਡ 38.8 ਪ੍ਰਤੀਸ਼ਤ ਅਤੇ ਸੰਸਥਾਗਤ ਫੰਡ 61.2 ਪ੍ਰਤੀਸ਼ਤ ਬਣਦੇ ਹਨ। ਰਾਜ ਪੱਧਰ ’ਤੇ ਲੋਕਾਂ ਨੇ ਵਿਦੇਸ਼ ਜਾਣ ਲਈ ਕਰੀਬ 14,342 ਕਰੋੜ ਰੁਪਏ ਉਧਾਰ ਲਏ ਹਨ ।

74 ਫੀਸਦੀ ਲੋਕਾਂ ਨੇ 2016 ਤੋਂ ਬਾਅਦ ਕੀਤਾ ਪ੍ਰਵਾਸ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਇਕ ਅਧਿਐਨ ਅਨੁਸਾਰ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਵਿੱਚੋਂ 74 ਫੀਸਦੀ 2016 ਤੋਂ ਬਾਅਦ ਸੂਬੇ ਤੋਂ ਪ੍ਰਵਾਸ ਕੀਤਾ ਹੈ। ਇਹ ਅਧਿਐਨ ਪ੍ਰੋਫੈਸਰ ਸ਼ਾਲਿਨੀ ਸ਼ਰਮਾ, ਪ੍ਰੋਫੈਸਰ ਮਨਜੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਅਮਿਤ ਗੁਲੇਰੀਆ ਨੇ ਕੀਤਾ ਹੈ। ਹੁਣ ਤਾਂ ਮਜ਼ਦੂਰ ਵਰਗ ਦੇ ਬਹੁਤੇ ਲੋਕ ਵੀ ਵਿਦੇਸ਼ ਜਾਣ ਲਈ ਆਪਣੇ ਘਰ, ਜਾਇਦਾਦ, ਸੋਨਾ ਅਤੇ ਟਰੈਕਟਰ ਤੱਕ ਵੇਚ ਰਹੇ ਹਨ।

9492 ਘਰਾਂ ’ਤੇ ਕੀਤਾ ਗਿਆ ਅਧਿਐਨ

ਇਸ ਅਧਿਐਨ ਲਈ ਮੁੱਢਲੇ ਅੰਕੜਿਆਂ ਦੇ ਆਧਾਰ ’ਤੇ 22 ਜ਼ਿਲ੍ਹਿਆਂ ਦੇ 44 ਪਿੰਡਾਂ ਦੇ 9492 ਪਰਿਵਾਰਾਂ ਦੇ ਕੁੱਲ 640 ਪ੍ਰਵਾਸੀ ਅਤੇ 660 ਗੈਰ-ਪ੍ਰਵਾਸੀ ਪਰਿਵਾਰਾਂ ਦੀ ਇੰਟਰਵਿਊ ਕੀਤੀ ਗਈ। ਮਾਈਗ੍ਰੇਸ਼ਨ ਡਾਟਾ ਦਾ ਵਿਸ਼ਲੇਸ਼ਣ 1990 ਤੋਂ ਸਤੰਬਰ 2022 ਦਰਮਿਆਨ ਹੋਏ ਮਾਈਗ੍ਰੇਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ।

ਕਿਉਂ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹਨ ਲੋਕ

ਅਧਿਐਨ ਪ੍ਰਵਾਸ ਦੇ ਇਨ੍ਹਾਂ ਕਾਰਨਾਂ ਦੀ ਵੀ ਪੜਤਾਲ ਕਰਦਾ ਹੈ। ਅਧਿਐਨ ਵਿਚ ਲਗਭਗ ਤਿੰਨ-ਚੌਥਾਈ ਪ੍ਰਵਾਸੀ ਪਰਿਵਾਰਾਂ ਨੇ ਪ੍ਰਵਾਸ ਦਾ ਮੂਲ ਕਾਰਨ ਘੱਟ ਰੁਜ਼ਗਾਰ ਅਤੇ ਘੱਟ ਆਮਦਨੀ ਵਰਗੇ ਮੁੱਦਿਆਂ ਨੂੰ ਗਿਣਵਾਇਅਾ। ਇਸ ਤੋਂ ਇਲਾਵਾ 62 ਫ਼ੀਸਦੀ ਨੇ ਸਿਸਟਮ ਵਿਚ ਖ਼ਰਾਬੀ ਅਤੇ 53 ਫ਼ੀਸਦੀ ਨੇ ਨਸ਼ਾਖੋਰੀ ਅਤੇ ਹੋਰ ਗ਼ੈਰ-ਆਰਥਿਕ ਕਾਰਨਾਂ ਨੂੰ ਪ੍ਰਵਾਸ ਦਾ ਕਾਰਨ ਦੱਸਿਆ ਹੈ।

ਗਰੀਬ ਮਜ਼ਦੂਰੀ ਲਈ ਤੇ ਨੌਜਵਾਨ ਜਾਂਦੇ ਹਨ ਪੜ੍ਹਨ

ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੁਆਬੇ ਦੇ ਬੇਜ਼ਮੀਨੇ, ਘੱਟ ਪੜ੍ਹੇ ਲਿਖੇ ਅਤੇ ਅਨੁਸੂਚਿਤ ਜਾਤੀ ਦੇ ਲੋਕ ਵਰਕ ਵੀਜ਼ੇ 'ਤੇ ਯੂ.ਏ.ਈ. ਜਾਂਦੇ ਹਨ, ਜਦੋਂ ਕਿ ਮਾਝੇ ਅਤੇ ਮਾਲਵੇ ਦੇ ਸਾਰੇ ਖੇਤੀ ਆਕਾਰ ਸ਼੍ਰੇਣੀ ਦੇ ਪਰਿਵਾਰਾਂ ਦੇ ਨੌਜਵਾਨ ਪੜ੍ਹਾਈ ਲਈ ਕੈਨੇਡਾ ਅਤੇ ਆਸਟ੍ਰੇਲੀਆ ਜਾਂਦੇ ਹਨ। ਇਹ ਖਾਸ ਕਰਕੇ ਜੱਟ ਅਤੇ ਸਿੱਖ ਨੌਜਵਾਨਾਂ ਦਾ ਸੁਪਨਾ ਹੈ। ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੀਆਂ ਲੜਕੀਆਂ ਦੀ ਗਿਣਤੀ 65 ਫੀਸਦੀ ਹੈ, ਜਦੋਂ ਕਿ ਲੜਕਿਆਂ ਦੀ ਗਿਣਤੀ ਸਿਰਫ 35 ਫੀਸਦੀ ਹੈ।

ਕਿਵੇਂ ਰੋਕਿਆ ਜਾ ਸਕਦਾ ਹੈ ਪ੍ਰਵਾਸ

ਅਧਿਐਨ ਵਿਚ ਅਨੁਮਾਨ ਲਗਾਇਆ ਹੈ ਕਿ ਇਸ ਪ੍ਰਵਾਸ ਨੂੰ ਰੋਕਣ ਲਈ ਹੁਨਰ ਵਿਕਾਸ, ਉੱਦਮਤਾ ਅਤੇ ਕਿੱਤਾਮੁਖੀ ਸਿਖਲਾਈ ਰਾਹੀਂ ਰੁਜ਼ਗਾਰ ਪੈਦਾ ਕਰਨ ਅਤੇ ਮਨੁੱਖੀ ਪੂੰਜੀ ਵਿਚ ਨਿਵੇਸ਼ ਕਰਨ ਦੀ ਫੌਰੀ ਲੋੜ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਗੈਰ-ਵਿਹਾਰਕ ਅਤੇ ਆਰਥਿਕ ਤੌਰ ’ਤੇ ਸੁਸਤ ਖੇਤੀ ਸੈਕਟਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਜੋ ਕਿ ਸਰਕਾਰੀ ਦਖਲ ਅਤੇ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ । ਇਕ ਅੰਦਾਜ਼ੇ ਅਨੁਸਾਰ ਹਰ ਸਾਲ ਪੰਜਾਬ ਵਿੱਚੋਂ 27 ਹਜ਼ਾਰ ਕਰੋੜ ਰੁਪਏ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਪੜ੍ਹਾਉਣ ਲਈ ਖਰਚ ਕੀਤੇ ਜਾ ਰਹੇ ਹਨ। ਹਰ ਸਾਲ ਲਗਭਗ 1.25 ਲੱਖ ਨੌਜਵਾਨ ਵਿਦੇਸ਼ ਜਾ ਰਹੇ ਹਨ। ਜਿਨ੍ਹਾਂ ਵਿਚੋਂ 1 ਲੱਖ ਕੈਨੇਡਾ ਅਤੇ 25 ਹਜ਼ਾਰ ਦੇ ਕਰੀਬ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦਾ ਰੁਖ ਹਨ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਇਟਲੀ 'ਚ ਪਾਇਲਟ ਬਣਿਆ ਹੁਸ਼ਿਆਰਪੁਰ ਦਾ ਸਰਤਾਜ ਸਿੰਘ

 

ਪੀ.ਏ.ਯੂ. ਦੇ ਇਸ ਵਿਆਪਕ ਅਧਿਐਨ ਅਨੁਸਾਰ ਪੰਜਾਬ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਫਿਰੋਜ਼ਪੁਰ ਜ਼ਿਲਿਆਂ ’ਚ ਪ੍ਰਵਾਸ ਦੀ ਹੱਦ 30 ਫੀਸਦੀ ਤੋਂ ਵੱਧ ਹੈ।

ਦੇਸ਼  ਲੋਕ (%) ਖੇਤਰ ਪ੍ਰਵਾਸ (%) ਵਰਗ ਮਾਈਗ੍ਰੇਸ਼ਨ (%) ਵੀਜ਼ਾ ਸ਼੍ਰੇਣੀ ਪ੍ਰਤੀਸ਼ਤਤਾ
ਕੈਨੇਡਾ 42 ਮਾਝਾ 20.51 ਆਮ ਜਾਤੀ 9.70 ਸਟੱਡੀ ਵੀਜ਼ਾ 43
ਦੁਬਈ 16 ਦੋਆਬਾ 11.27 ਅਨੁਸੂਚਿਤ ਜਾਤੀ 2.16 ਵਰਕ ਵੀਜ਼ਾ 33
ਆਸਟ੍ਰੇਲੀਆ 10 ਮਾਲਵਾ 14.28 ਓ.ਬੀ.ਸੀ.  1.47 ਪਤਨੀ ਆਸ਼੍ਰਿਤ 10
ਇਟਲੀ 6 ਪੰਜ ਜ਼ਿਲੇ 30+ ਛੋਟੇ ਕਿਸਾਨ 12.64 ਵਿਜ਼ਟਰ  7
            ਪੀ.ਆਰ. 5 5
            ਨਾਜਾਇਜ਼ 2

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana