ਸਾਊਦੀ ਅਰਬ ਤੋਂ ਵਾਪਸ ਆਏ ਪੰਜਾਬੀਆਂ ਸੁਣਾਈ ਦਿਲ ਕੰਬਾਊ ਦਾਸਤਾਨ

06/20/2019 1:34:00 AM

ਜਲੰਧਰ (ਸੁਨੀਲ)–ਪਿਛਲੇ ਲਗਭਗ ਇਕ ਸਾਲ ਤੋਂ ਸਾਊਦੀ ਅਰਬ ਵਿਚ ਬਿਨਾਂ ਵੀਜ਼ਾ ਫਸੇ 450 ਦੇ ਲਗਭਗ ਪੰਜਾਬੀਆਂ ਦੀ ਮੋਦੀ ਸਰਕਾਰ ਅਤੇ ਵਿਦੇਸ਼ ਮੰਤਰਾਲਾ ਦੇ ਖਰਚੇ ਅਤੇ ਸਹਿਯੋਗ ਨਾਲ ਰਾਜ਼ੀ ਖੁਸ਼ੀ ਵਾਪਸੀ ਪਿੱਛੋਂ ਜਲੰਧਰ ਵਾਸੀ ਰੂਪ ਲਾਲ, ਕਰਮਜੀਤ ਸਿੰਘ, ਸੁਰਿੰਦਰਜੀਤ ਸਿੰਘ, ਲੱਛੂ ਰਾਮ, ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਭਾਜਪਾ ਦਫਤਰ ਪਹੁੰਚ ਕੇ ਮੋਦੀ ਸਰਕਾਰ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸਾਬਕਾ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਜਨਰਲ ਸਕੱਤਰ ਰਾਕੇਸ਼ ਰਾਠੌਰ, ਪੰਜਾਬ ਯੂਥ ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਹਿੱਕੀ ਦਾ ਧੰਨਵਾਦ ਕੀਤਾ।
ਜ਼ਿਲਾ ਭਾਜਪਾ ਪ੍ਰਧਾਨ ਰਮਨ ਪੱਬੀ ਤੇ ਜਨਰਲ ਸਕੱਤਰ ਰਾਜੀਵ ਢੀਂਗਰਾ ਨੇ ਸਭ ਦਾ ਮੂੰਹ ਮਿੱਠਾ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਸਾਊਦੀ ਅਰਬ ਤੋਂ ਵਾਪਸ ਆਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਥੋਂ ਦੇ ਰਿਆਦ ਅਤੇ ਜੱਦਾਹ ਵਿਖੇ ਫਸੇ ਹਜ਼ਾਰਾਂ ਭਾਰਤੀਆਂ ਦੀ ਹਾਲਤ ਬਹੁਤ ਮਾੜੀ ਸੀ। ਉਹ ਬਿਨਾਂ ਪੈਸਿਆਂ ਤੋਂ ਹੀ ਵੱਖ-ਵੱਖ ਕੈਂਪਾਂ ਤੋਂ ਰਹਿਣ ਲਈ ਮਜਬੂਰ ਸਨ। ਉਥੇ ਸਿਹਤ ਸੇਵਾਵਾਂ ਵਰਗੀ ਕੋਈ ਵੀ ਚੀਜ਼ ਨਹੀਂ ਸੀ। ਬਿਜਲੀ, ਪਾਣੀ ਦਾ ਵੀ ਮਾੜਾ ਹਾਲ ਸੀ। ਉਨ੍ਹਾਂ ਕੋਲ ਵੀਜ਼ੇ ਵੀ ਨਹੀਂ ਸਨ। ਉਹ ਇਕ ਤਰ੍ਹਾਂ ਨਾਲ ਕੈਦੀਆਂ ਵਾਂਗ ਉਥੇ ਰਹਿਣ ਲਈ ਮਜਬੂਰ ਸਨ। ਪਿਛਲੇ ਸਾਲ ਅਕਤੂਬਰ ਤੱਕ ਉਕਤ ਫਸੇ ਪੰਜਾਬੀਆਂ ਦਾ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਸੀ। ਉਸ ਤੋਂ ਬਾਅਦ ਸੁਰਿੰਦਰਜੀਤ ਸਿੰਘ ਦੀ ਭੈਣ ਬਲਜੀਤ ਕੌਰ ਪੰਜਾਬ ਯੂਥ ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਹਿੱਕੀ ਨੂੰ ਮਿਲੀ। ਫਿਰ ਉਨ੍ਹਾਂ ਇਹ ਮਾਮਲਾ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਐੱਮ. ਪੀ. ਕੋਲ ਉਠਾਇਆ। ਉਸ ਤੋਂ ਬਾਅਦ ਇਹ ਆਵਾਜ਼ ਪ੍ਰਧਾਨ ਮੰਤਰੀ ਦਫਤਰ ਤੱਕ ਪੁੱਜੀ। ਦਸੰਬਰ ਤੋਂ ਬਾਅਦ ਉਕਤ ਪੰਜਾਬੀਆਂ ਨੂੰ ਉਥੇ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ। ਉਨ੍ਹਾਂ ਕੋਲ ਸਾਬਕਾ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਰਿਆਦ ਦੇ ਕੈਂਪ ਵਿਚ ਪੁੱਜੇ। ਉਹ ਭਾਰਤੀ ਅਧਿਕਾਰੀਆਂ ਨੂੰ ਵੀ ਿਮਲੇ ਅਤੇ ਜਲਦੀ ਹੀ ਭਾਰਤ ਵਾਪਸੀ ਦਾ ਵਾਅਦਾ ਕੀਤਾ। ਇਸ ਵਾਅਦੇ ਨੂੰ ਮੋਦੀ ਸਰਕਾਰ ਨੇ ਪੂਰਾ ਕਰ ਕੇ ਵਿਖਾਇਆ।
ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਰਮਨ ਪੱਬੀ, ਜਨਰਲ ਸਕੱਤਰ ਰਾਜੀਵ ਢੀਂਗਰਾ ਅਤੇ ਅਸ਼ੋਕ ਸਰੀਨ ਹਿੱਕੀ ਆਦਿ ਨੇ ਸਭ ਵਾਪਸ ਆਏ ਭਾਰਤੀਆਂ ਨੂੰ ਲੱਡੂ ਖੁਆਏ। ਪੱਬੀ ਨੇ ਸਭ ਦਾ ਜਲੰਧਰ ਵਾਸੀਆਂ ਵਲੋਂ ਸਵਾਗਤ ਕਰਦਿਆਂ ਕਿਹਾ ਕਿ ਸੁਸ਼ਮਾ ਸਵਰਾਜ, ਸ਼ਵੇਤ ਮਲਿਕ ਅਤੇ ਰਾਕੇਸ਼ ਰਾਠੌਰ ਨੇ 450 ਪੰਜਾਬੀਆਂ ਦੀ ਵਾਪਸੀ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸ ਲਈ ਹਰ ਪਰਿਵਾਰ ਮੋਦੀ ਸਰਕਾਰ ਦਾ ਧੰਨਵਾਦੀ ਹੈ। ਇਸ ਮੌਕੇ 'ਤੇ ਰਾਜੀਵ ਢੀਂਗਰਾ, ਮਨੀਸ਼ ਵਿੱਜ, ਸੰਜੀਵ ਮਣੀ, ਕੁਨਾਲ ਗੋਸਵਾਮੀ (ਮੰਗਾ ਪਹਿਲਵਾਨ), ਅਮਿਤ ਭਾਟੀਆ ਅਤੇ ਬਾਬੂ ਅਰੋੜਾ ਆਦਿ ਭਾਜਪਾ ਨੇਤਾ ਹਾਜ਼ਰ ਸਨ।
ਸੱਤਾ ਸਿਰਫ ਲੋਕਾਂ ਦੀ ਸੇਵਾ ਦਾ ਸਾਧਨ : ਅਸ਼ੋਕ ਸਰੀਨ ਹਿੱਕੀ
ਮੋਦੀ ਸਰਕਾਰ ਨੇ ਸਾਬਿਤ ਕੀਤੀ ਇਹ ਗੱਲ ਪੰਜਾਬ ਯੂਥ ਭਾਜਪਾ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਜਪਾ ਦੇ ਇਸ ਵਿਚਾਰ ਨੂੰ ਸਹੀ ਸਾਬਿਤ ਕਰ ਕੇ ਵਿਖਾਇਆ ਹੈ ਕਿ ਸੱਤਾ ਸਿਰਫ ਲੋਕਾਂ ਦੀ ਸੇਵਾ ਦਾ ਸਾਧਨ ਹੈ। ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ ਅਤੇ ਪੰਜਾਬ ਭਾਜਪਾ ਦੇ ਆਗੂਆਂ ਨੇ ਮੁਸੀਬਤ ਵਿਚ ਰਹੇ ਪੰਜਾਬੀਆਂ ਅਤੇ ਭਾਰਤੀਆਂ ਦੇ ਦੁਖ ਦਰਦ ਨੂੰ ਆਪਣਾ ਸਮਝ ਕੇ ਦੂਰ ਕੀਤਾ।
ਜੇ ਮੋਦੀ ਸਰਕਾਰ ਸਹਿਯੋਗ ਨਾ ਦਿੰਦੀ ਤਾਂ ਵਾਪਸੀ ਸੰਭਵ ਨਹੀਂ ਸੀ : ਰੂਪ ਲਾਲ
ਰਾਮਾ ਮੰਡੀ ਦੇ ਨਾਲ ਲੱਗਦੇ ਢਿੱਲਵਾਂ ਵਾਸੀ ਰੂਪ ਲਾਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਸਹਿਯੋਗ ਨਾ ਦਿੰਦੀ ਤਾਂ ਸਾਡੀ ਵਤਨ ਵਾਪਸੀ ਸੰਭਵ ਨਹੀਂ ਸੀ। ਉਥੇ ਫਸੇ ਹਜ਼ਾਰਾਂ ਭਾਰਤੀਆਂ ਨੂੰ ਮੋਦੀ ਸਰਕਾਰ ਨੇ ਜੇਲ ਜਾਣ ਤੋਂ ਬਚਾਇਆ।
ਸਾਡਾ ਦੂਜਾ ਜਨਮ ਹੋਇਆ ਹੈ : ਸੁਰਿੰਦਰਜੀਤ ਸਿੰਘ
ਜਲੰਧਰ ਦੇ ਸੰਤ ਨਗਰ ਵਾਸੀ 2 ਭਰਾਵਾਂ ਸੁਰਿੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਸਾਡਾ ਦੂਜਾ ਜਨਮ ਹੋਇਆ ਹੈ। ਜੇ ਸਾਊਦੀ ਅਰਬ ਵਿਚ ਫਸ ਜਾਂਦੇ ਤਾਂ ਸ਼ਾਇਦ ਮੁੜ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਬੱਚਿਆਂ ਨੂੰ ਕਦੇ ਵੀ ਨਾ ਮਿਲ ਸਕਦੇ।
 

satpal klair

This news is Content Editor satpal klair