ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਵੱਲੋਂ 4 ਅਰਬ 73 ਕਰੋੜ ਦੇ ਘਾਟੇ ਵਾਲੇ ਬਜਟ ''ਤੇ ਮੋਹਰ

03/18/2018 8:25:36 AM

ਪਟਿਆਲਾ  (ਮਨਦੀਪ ਜੋਸਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤ ਕਮੇਟੀ ਨੇ ਅੱਜ ਇਥੇ 4 ਅਰਬ 73 ਕਰੋੜ ਰੁਪਏ ਦੇ ਘਾਟੇ ਵਾਲੇ ਬਜਟ 'ਤੇ ਮੋਹਰ ਲਾ ਦਿੱਤੀ ਹੈ, ਦਿਲਚਸਪ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਆਮਦਨ ਨਾਲੋਂ ਘਾਟੇ ਦੀ ਰਕਮ ਵੱਡੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿੱਤ ਕਮੇਟੀ ਤੇ ਚੇਅਰਮੈਨ ਡਾਕਟਰ ਬੀ. ਐੱਸ. ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿੱਤੀ ਘਾਟੇ ਨਾਲ ਜੂਝ ਰਹੀ ਯੂਨੀਵਰਸਿਟੀ ਨੂੰ ਇਸ ਕਮੇਟੀ ਨੇ ਬਚਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ, ਜਿਸ ਕਾਰਨ ਆਉਣ ਵਾਲੇ ਦਿਨ ਪੰਜਾਬੀ ਯੂਨੀਵਰਸਿਟੀ ਲਈ ਸੁਖਾਵੇਂ ਨਹੀਂ ਹਨ।
ਪੰਜਾਬੀ ਯੂਨੀਵਰਸਿਟੀ ਨੂੰ ਸਾਲ 2018-19 ਦੇ ਬਜਟ ਵਿਚ ਸਾਰੇ ਵਸੀਲਿਆਂ ਤੋਂ 3 ਅਰਬ 52 ਕਰੋੜ 50 ਲੱਖ 67 ਹਜ਼ਾਰ 405 ਰੁਪਏ ਆਉਣ ਦੀ ਉਮੀਦ ਹੈ ਤੇ ਯੂਨੀਵਿਰਸਿਟੀ ਨੇ ਇਸ ਸਾਲ ਖਰਚਾ 5 ਅਰਬ 82 ਕਰੋੜ 6 ਲੱਖ 92 ਹਜ਼ਾਰ 421 ਰੁਪਏ ਕਰਨਾ ਹੈ। ਇਸ ਤਰ੍ਹਾਂ ਯੂਨੀਵਰਸਿਟੀ ਨੂੰ ਆਪਣੇ ਤਿਆਰ ਕੀਤੇ ਬਜਟ ਤਹਿਤ 2 ਅਰਬ 29 ਕਰੋੜ 56 ਲੱਖ 25 ਹਜ਼ਾਰ 16 ਰੁਪਏ ਦਾ ਘਾਟਾ ਪੈ ਰਿਹਾ ਹੈ। ਇਸ ਤੋਂ ਬਿਨਾਂ ਯੂਨੀਵਰਸਿਟੀ ਨੇ 91 ਕਰੋੜ 15 ਲੱਖ 80 ਹਜ਼ਾਰ ਦੀ ਪਹਿਲਾਂ ਹੀ ਬੈਂਕਾਂ ਤੋਂ ਓਵਰ ਡਰਾਫਿੰਟਗ ਕੀਤੀ ਹੋਈ ਹੈ ਤੇ ਇਸ ਸਾਲ 7ਵੇਂ ਕੇਂਦਰੀ ਪੇ-ਕਮਿਸ਼ਨ ਲਾਗੂ ਹੋਣ ਦੀ ਸੂਰਤ 'ਚ ਯੂਨੀਵਰਸਿਟੀ ਅਧਿਆਪਕਾਂ ਨੂੰ 105 ਕਰੋੜ ਰੁਪਏ ਦੀ ਅਦਾਇਗੀ ਵੀ ਯੂਨੀਵਰਸਿਟੀ ਨੂੰ ਕਰਨੀ ਹੋਵੇਗੀ । ਇਸ ਦੇ ਨਾਲ ਹੀ ਹਰ ਮਹੀਨੇ 4 ਕਰੋੜ ਰੁਪਏ ਦਾ ਵਾਧਾ ਅਧਿਆਪਕਾਂ ਦੀ ਤਨਖਾਹ ਵਿਚ ਹੋ ਜਾਵੇਗਾ ਜਿਸ ਨਾਲ ਯੂਨੀਵਰਸਿਟੀ ਤੇ 48 ਕਰੋੜ ਰੁਪਏ ਦਾ ਸਾਲਾਨਾ ਬੋਝ ਪੈ ਜਾਵੇਗਾ ਤੇ ਇਸ ਸਾਰੇ ਘਾਟੇ ਨੂੰ ਮਿਲਾ ਕੇ ਪੰਜਾਬੀ ਯੂਨੀਵਰਸਿਟੀ ਨੂੰ 4 ਅਰਬ 73 ਕਰੋੜ ਦਾ ਸਾਲਾਨਾ ਘਾਟਾ ਪਵੇਗਾ ਜਿਹੜਾ ਕਿ ਯੂਨੀਵਰਸਿਟੀ ਨੂੰ ਹੋਰ ਵਿੱਤੀ ਸੰਕਟ ਵੱਲ ਧੱਕ ਦੇਵੇਗਾ।
2018-19 ਵਿਚ ਯੂਨੀਵਰਸਿਟੀ ਨੂੰ ਕਿੱਥੋਂ-ਕਿੱਥੋਂ ਆਉਣਗੇ ਪੈਸੇ?
ਪਟਿਆਲਾ, (ਜੋਸਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 2018-19 ਵਿਚ ਹੇਠਲੇ ਵਸੀਲਿਆਂ ਤੋਂ ਪੈਸੇ ਆਉਣਗੇ।
1. ਪੰਜਾਬ ਸਰਕਾਰ ਤੋਂ ਗ੍ਰਾਂਟ - 88 ਕਰੋੜ 8 ਲੱਖ 64 ਹਜ਼ਾਰ ਰੁਪਏ
2. ਕੇਂਦਰ ਸਰਕਾਰ ਤੋਂ ਗ੍ਰਾਂਟ - 26 ਲੱਖ 91 ਹਜ਼ਾਰ ਰੁਪਏ
3. ਰਾਸ਼ਟਰੀ ਸੇਵਾ ਯੋਜਨਾ ਤਹਿਤ ਗ੍ਰਾਂਟ - 1 ਕਰੋੜ 37 ਲੱਖ 75 ਹਜ਼ਾਰ ਰੁਪਏ
4. ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੋਂ - 10 ਕਰੋੜ 8 ਲੱਖ 70 ਹਜ਼ਾਰ ਰੁਪਏ
5. ਰਿਸਰਚ ਪ੍ਰਾਜੈਕਟ ਨਾਨ ਯੂ. ਜੀ. ਸੀ. ਗ੍ਰਾਂਟ ਤੋਂ - 3 ਕਰੋੜ 88 ਲੱਖ 40 ਹਜ਼ਾਰ ਰੁਪਏ
6. ਯੂਨੀਵਰਸਿਟੀ ਨੂੰ ਫੀਸਾਂ ਸਮੇਤ ਆਪਣੇ ਸਾਰੇ ਵਸਲਿਆਂ ਤੋਂ- 2 ਅਰਬ 48 ਕਰੋੜ 80 ਲੱਖ 27 ਹਜ਼ਾਰ 405 ਰੁਪਏ
ਕੁੱਲ : 352 ਕਰੋੜ 50 ਲੱਖ 67 ਹਜ਼ਾਰ 405 ਰੁਪਏ
2018-19 ਵਿਚ ਕਿੱਥੇ-ਕਿੱਥੇ ਹੋਣਗੇ ਖਰਚ ਪੈਸੇ?
1. ਆਮ ਪ੍ਰਬੰਧ 'ਤੇ - 69 ਕਰੋੜ 19 ਲੱਖ 67 ਹਜ਼ਾਰ 490 ਰੁਪਏ
2. ਅਧਿਆਪਨ ਅਤੇ ਖੋਜ 'ਤੇ - 1 ਅਰਬ 51 ਕਰੋੜ 69 ਲੱਖ 65 ਹਜ਼ਾਰ 350 ਰੁਪਏ
3. ਡਿਸਟੈਂਸ ਐਜੂਕੇਸ਼ਨ-16 ਕਰੋੜ 8 ਲੱਖ 26 ਹਜ਼ਾਰ 280 ਰੁਪਏ
4. ਲਾਇਬ੍ਰੇਰੀ 'ਤੇ - 8 ਕਰੋੜ 49 ਲੱਖ 07 ਹਜ਼ਾਰ 850 ਰੁਪਏ
5. ਫੁਟਕਲ ਵਿਭਾਗ 'ਤੇ - 95 ਕਰੋੜ 44 ਲੱਖ 45 ਹਜ਼ਾਰ 70 ਰੁਪਏ
6. ਸਿੱਖਿਆ ਦੇ ਸੁਧਾਰ 'ਤੇ -5 ਕਰੋੜ 46 ਲੱਖ 53 ਹਜ਼ਾਰ 620 ਰੁਪਏ
7. ਕੰਸਟੀਚਿਊਟ ਕਾਲਜਾਂ 'ਤੇ 13 ਕਰੋੜ, 89 ਲੱਖ, 56 ਹਜ਼ਾਰ 110 ਰੁਪਏ
8. ਪੰਜਾਬੀ ਭਾਸ਼ਾ ਦੇ ਵਿਕਾਸ ਤੇ-8 ਕਰੋੜ 90 ਲੱਖ ਰੁਪਏ
9. ਪੈਨਸ਼ਨ ਸਕੀਮ ਤੇ-50 ਕਰੋੜ ਰੁਪਏ
10. ਖੋਜ ਸਕੀਮਾਂ ਤੇ -7 ਕਰੋੜ 83 ਲੱਖ 10 ਹਜ਼ਾਰ ਰੁਪਏ
11. ਉਸਾਰੀ ਬਜਟ ਤੇ-21 ਕਰੋੜ 61 ਲੱਖ 64 ਹਜ਼ਾਰ 391 ਰੁਪਏ
ਕੁੱਲ ਜੋੜ : 582 ਕਰੋੜ 6 ਲੱਖ 92 ਹਜ਼ਾਰ 391 ਰੁਪਏ