ਖਿਡਾਰੀਆਂ ਕੀਤਾ ਵਾਈਸ ਚਾਂਸਲਰ ਦੇ ਦਫਤਰ ਦਾ ਘਿਰਾਓ, ਠੋਕਿਆ ਧਰਨਾ

05/10/2018 3:44:07 PM

ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਧਰਨਿਆਂ ਨਾਲ ਗਰਮਾਈ ਰਹੀ। ਖਿਡਾਰੀਆਂ ਨੇ ਵਾਈਸ ਚਾਂਸਲਰ ਦਫਤਰ ਦਾ ਘਿਰਾਓ ਕਰ ਕੇ ਧਰਨਾ ਠੋਕਦਿਆਂ ਨਾਅਰੇਬਾਜ਼ੀ ਕੀਤੀ। ਸਕਿਓਰਿਟੀ ਗਾਰਡਜ਼ ਨੇ ਐਗਜ਼ਾਮੀਨੇਸ਼ਨ ਬਰਾਂਚ ਸਾਹਮਣੇ ਧਰਨਾ ਲਾਇਆ। ਇਸ ਮੌਕੇ ਖਿਡਾਰੀ ਆਗੂਆਂ ਹਰਵਿੰਦਰ ਸਿੰਘ ਸਿੱਧੂ, ਪ੍ਰਭ ਚਹਿਲ, ਵਿਕਾਸ ਕੰਬੋਜ, ਹਰਸ਼ਪ੍ਰੀਤ ਕੌਰ, ਮਨਦੀਪ ਕੌਰ, ਜਤਿਨ ਵਰਮਾ, ਕੁਲਦੀਪ ਸਿੰਘ, ਇੰਦਰਜੀਤ ਕੌਰ ਅਤੇ ਭੁਪਿੰਦਰ ਕੌਰ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਵੀ. ਸੀ. ਤੋਂ ਪਿਛਲੇ 2 ਸਾਲਾਂ ਤੋਂ ਖੇਡ ਵਿਭਾਗ ਦਾ ਸਾਲਾਨਾ ਇਨਾਮ ਵੰਡ ਸਮਾਗਮ ਨਾ ਕਰਵਾਏ ਜਾਣ ਦੀ ਨਿੰਦਾ ਕਰਦਿਆਂ ਇਹ ਸਮਾਗਮ ਜਲਦ ਤੋਂ ਜਲਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ 16 ਅਪ੍ਰੈਲ ਨੂੰ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 30 ਅਪ੍ਰੈਲ ਤੱਕ ਇਹ ਸਮਾਗਮ ਕਰਵਾਇਆ ਜਾਵੇਗਾ ਪਰ ਅਥਾਰਟੀ ਨੇ ਸਾਨੂੰ ਝੂਠਾ ਲਾਰਾ ਲਾ ਕੇ ਵਾਅਦਾ-ਖਿਲਾਫ਼ੀ ਕੀਤੀ ਹੈ। 
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਰੋਜ਼ਾਨਾ ਡਾਈਟ 80 ਤੋਂ 200 ਰੁਪਏ ਤੱਕ ਹੁੰਦੀ ਹੈ ਜੋ ਕਿ ਖਿਡਾਰੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ 'ਵਰਸਿਟੀ ਦੇ ਕੋਚਾਂ ਵੱਲੋਂ ਲਾਏ ਜਾਂਦੇ ਰਹੇ ਸਮਰ ਕੈਂਪ ਵਿਚ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ ਜਾਂਦੇ ਸਨ, ਉਹ ਸਮਰ ਕੈਂਪ ਬੰਦ ਕੀਤੇ ਗਏ ਹਨ। ਇਸ ਤੋਂ ਇਲਾਵਾ 'ਵਰਸਿਟੀ ਲਈ ਖੇਡਣ ਵਾਲੇ ਖਿਡਾਰੀ ਆਪਣੇ ਫਾਈਨਲ ਪੇਪਰ ਛੱਡ ਕੇ ਅਥਾਰਟੀ ਦੇ ਕਹਿਣ 'ਤੇ ਟੂਰਨਾਮੈਂਟ ਖੇਡਣ ਜਾਂਦੇ ਹਨ ਪਰ ਅਥਾਰਟੀ ਨੇ ਇਸ ਵਾਰ ਉਨ੍ਹਾਂ ਵਿਦਿਆਰਥੀਆਂ ਦੇ ਸਪੈਸ਼ਲ ਪੇਪਰ ਨਹੀਂ ਕਰਵਾਏ ਹਨ, ਜਿਸ ਕਾਰਨ ਵਿਦਿਆਰਥੀ ਮੁਸ਼ਕਲ ਵਿਚ ਹਨ। 
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਖਿਡਾਰੀਆਂ ਨੂੰ ਖੇਡਣ ਵਾਲਾ ਸਾਮਾਨ ਹੀ ਨਹੀਂ ਮਿਲਿਆ ਹੈ। ਕੁੱਝ ਟੀਮਾਂ ਨੂੰ ਜੇਕਰ ਸਾਮਾਨ ਮਿਲਿਆ ਵੀ ਹੈ ਤਾਂ ਉਹ ਬੇਹੱਦ ਘਟੀਆ ਕਿਸਮ ਦਾ ਹੈ। ਉਨ੍ਹਾਂ ਕਿਹਾ ਕਿ ਸਪੋਰਟਸ ਹੋਸਟਲ ਵਿਖੇ ਜਿੱਥੇ 6 ਖਿਡਾਰੀਆਂ ਦੇ ਰਹਿਣ ਲਈ ਇਕ ਕਮਰਾ ਬਣਿਆ ਹੈ, ਉਥੇ ਕਰੀਬ 12 ਤੋਂ 16 ਖਿਡਾਰੀ ਰਹਿ ਰਹੇ ਹਨ। ਇਨ੍ਹਾਂ ਕਮਰਿਆਂ ਵਿਚ ਲੱਗੇ ਏ. ਸੀ. ਨਹੀਂ ਚਲਦੇ, ਜਿਸ ਕਾਰਨ ਗਰਮੀਆਂ ਵਿਚ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਇਸ ਤੋਂ ਇਲਾਵਾ ਏ. ਆਈ. ਯੂ. ਦੁਆਰਾ ਬਣਾਏ ਗਏ ਕੁਝ ਨਿਯਮਾਂ ਵਿਚ ਜੇਕਰ ਕੋਈ ਵਿਦਿਆਰਥੀ 'ਵਰਸਿਟੀ ਵੱਲੋਂ ਵਿਸ਼ਵ 'ਵਰਸਿਟੀ ਲਈ ਚੁਣਿਆ ਜਾਂਦਾ ਹੈ ਤਾਂ ਉਸ ਖਿਡਾਰੀ ਨੂੰ ਸਾਰਾ ਖ਼ਰਚਾ 'ਵਰਸਿਟੀ ਦਿੰਦੀ ਹੈ।  'ਵਰਸਿਟੀ ਚੁਣੇ ਹੋਏ ਵਿਦਿਆਰਥੀਆਂ ਨੂੰ ਅੱਧਾ ਖ਼ਰਚਾ ਵੀ ਨਹੀਂ ਦੇ ਰਹੀ, ਜਿਸ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਅੰਤ ਵਿਚ ਵਿਦਿਆਰਥੀਆਂ ਨੇ ਅਥਾਰਟੀ ਨੂੰ ਖਿਡਾਰੀਆਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੰਗਾਂ ਮੰਨੇ ਜਾਣ 'ਤੇ ਹੀ ਇਹ ਰੋਸ ਧਰਨਾ ਚੁੱਕਿਆ ਜਾਵੇਗਾ। ਮੰਗਾਂ ਨਾ ਮੰਨੇ ਜਾਣ 'ਤੇ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।