ਪੰਜਾਬੀ ਯੂਨੀਵਰਸਿਟੀ ''ਚ 200 ਮੁਲਾਜ਼ਮ ਜਾਅਲੀ ਡਿਗਰੀਆਂ ਨਾਲ ਹੋਏ ਭਰਤੀ

01/15/2018 8:19:36 AM

ਪਟਿਆਲਾ  (ਜੋਸਨ) - ਪੰਜਾਬੀ ਯੂਨੀਵਰਸਿਟੀ ਅੰਦਰ ਘੱਟੋ-ਘੱਟ 200 ਵਿਅਕਤੀ ਅਜਿਹੇ ਹਨ, ਜਿਹੜੇ ਜਾਅਲੀ ਡਿਗਰੀਆਂ ਲੈ ਕੇ ਭਰਤੀ ਹੋਏ ਹਨ। ਇਨ੍ਹਾਂ ਸਾਰਿਆਂ ਦੇ ਸਬੂਤ ਸਾਡੇ ਕੋਲ ਹਨ। ਇਸ ਦਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਪਤਾ ਹੈ। ਇਸ ਵੱਡੇ ਸਕੈਂਡਲ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਇਹ ਦਾਅਵਾ ਅੱਜ ਇੱਥੇ ਸੈਕੂਲਰ ਯੂਥ ਫੈੱਡਰੇਸ਼ਨ ਆਫ ਇੰਡੀਆ ਸੈਫੀ ਪਾਰਟੀ ਦੇ ਆਗੂਆਂ ਨੇ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਨੂੰ ਸਿੰਡੀਕੇਟ ਵਿਚ ਪਿਛਲੀ ਸਰਕਾਰ ਦੌਰਾਨ ਹੋਏ ਘਪਲਿਆਂ ਸਬੰਧੀ ਜੋ ਪੜਤਾਲਾਂ ਹੋਈਆਂ ਸਨ, 'ਤੇ ਕਾਰਵਾਈ ਕਰਨ ਲਈ ਦਿੱਤੇ ਮੰਗ-ਪੱਤਰ ਮੌਕੇ ਕੀਤਾ ਹੈ।
ਨੇਤਾਵਾਂ ਨੇ ਕਿਹਾ ਕਿ ਸਿੰਡੀਕੇਟ ਦੁਆਰਾ ਵਾਈਸ ਚਾਂਸਲਰ ਨੂੰ ਹੀ ਕੋਈ 2 ਰਿਟਾਇਰਡ ਜੱਜ ਜਾਂ ਸਿਵਲ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਕਾਰਵਾਈ ਕਰਨ ਨੂੰ ਕਿਹਾ ਸੀ। ਅੱਜ 20 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਵਾਈਸ ਚਾਂਸਲਰ ਨੇ ਇਨ੍ਹਾਂ ਇਨਕੁਆਰੀ ਰਿਪੋਰਟਾਂ 'ਤੇ ਕੋਈ ਵੀ ਕਮੇਟੀ ਨਹੀਂ ਬਣਾਈ। ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਗੁਰੀ ਨੇ ਕਿਹਾ ਕਿ ਅਜੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਇਨ੍ਹਾਂ ਘਪਲਿਆਂ ਨੂੰ ਦਬਾਉਣਾ ਚਾਹੁੰਦਾ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਆਰਥਿਕ ਤੌਰ 'ਤੇ ਵੀ ਯੂਨੀਵਰਸਿਟੀ ਨੂੰ ਸਾਬਕਾ ਵਾਈਸ ਚਾਂਸਲਰ ਅਤੇ ਉਨ੍ਹਾਂ ਦੀ ਟੀਮ ਨੇ ਖੂਬ ਲੁੱਟਿਆ ਹੈ। ਜੇਕਰ ਮੌਜੂਦਾ ਵਾਈਸ ਚਾਂਸਲਰ ਤੇ ਉਸਦੀ ਪ੍ਰਸ਼ਾਸਨਿਕ ਟੀਮ ਇਹ ਸਮਝਦੀ ਹੈ ਕਿ ਇਨ੍ਹਾਂ ਘਪਲਿਆਂ ਨੂੰ ਦਬਾਅ ਲਵਾਂਗੇ, ਇਹ ਉਨ੍ਹਾਂ ਦਾ ਵਹਿਮ ਹੈ। ਆਉਣ ਵਾਲੇ ਦਿਨਾਂ ਵਿਚ ਮਾਹੌਲ ਖਰਾਬ ਵੀ ਹੋ ਸਕਦਾ ਹੈ। ਇਨ੍ਹਾਂ ਘਪਲਿਆਂ ਸਬੰਧੀ ਸਾਡੀ ਪਾਰਟੀ ਦੇ ਆਗੂ ਏ. ਡੀ. ਜੀ. ਵਿਜੀਲੈਂਸ ਨੂੰ ਵੀ ਜਲਦ ਮਿਲਣਗੇ।
ਇਸ ਮੌਕੇ ਦਵਿੰਦਰ ਬਾਬਾ, ਪਰਮਜੀਤ ਪੰਜੇਟਾ, ਸਿੱਤੂ ਹੰਜਰਾ, ਜੱਸੀ, ਜੱਗਾ ਪੱਟੀਆਂ, ਹਰਦੀਪ ਡਰੋਲੀ ਤੇ ਮਨਜੀਤ ਸਿੰਘ ਆਦਿ ਸ਼ਾਮਿਲ ਸਨ।