ਯੂਨੀਵਰਸਿਟੀ ਦੀਆਂ ਕੰਟੀਨਾਂ ''ਚ ਪਰੋਸੇ ਜਾਂਦੇ ਮਾੜੇ ਖਾਣੇ ਦਾ ਮਾਮਲਾ ਗੂੰਜੇਗਾ ਵਿਧਾਨ ਸਭਾ ''ਚ!

01/24/2020 11:03:50 AM

ਪਟਿਆਲਾ (ਬਲਜਿੰਦਰ): ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ 'ਸੈਫੀ' ਵੱਲੋਂ ਪੰਜਾਬੀ ਯੂਨੀਵਰਸਿਟੀ ਦੀਆਂ ਕੰਟੀਨਾਂ ਵਿਚ ਪਰੋਸੇ ਜਾ ਰਹੇ ਮਾੜੇ ਖਾਣੇ ਦੇ ਮਾਮਲੇ ਕਾਰਣ ਬੰਦ ਕਰਵਾਈਆਂ ਗਈਆਂ ਕੰਟੀਨਾਂ ਦੇ ਮਾਮਲੇ ਵਿਚ ਵਿਦਿਆਰਥੀਆਂ ਦੇ ਪੱਖ ਵਿਚ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਉਨ੍ਹਾਂ 'ਸੈਫੀ' ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿਚ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦਾ ਮਾਮਲਾ ਉਹ ਵਿਧਾਨ ਸਭਾ ਵਿਚ ਚੁੱਕਣਗੇ।

ਚੰਦੂਮਾਜਰਾ ਨੇ ਮੰਗ ਕੀਤੀ ਕਿ ਜਿਹੜੇ ਵਿਅਕਤੀ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਦੋਸ਼ੀ ਹਨ, ਉਨ੍ਹਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਇਹ ਵਿਦਿਆਰਥੀਆਂ ਨਾਲ ਦੋਹਰੀ ਲੁੱਟ ਹੈ। ਇਕ ਤਾਂ ਖਾਣਾ ਮਹਿੰਗਾ ਦੇ ਕੇ ਵਿਦਿਆਰਥੀਆਂ ਨਾਲ ਆਰਥਕ ਤੌਰ 'ਤੇ ਠੱਗੀ ਮਾਰੀ ਜਾ ਰਹੀ ਹੈ, ਦੂਜਾ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਪਵੇਗਾ।
ਚੰਦੂਮਾਜਰਾ ਨੇ ਕਿਹਾ ਕਿ ਇਸ ਦਾ ਜਵਾਬ ਵਾਈਸ ਚਾਂਸਲਰ ਨੂੰ ਹੀ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇਣਾ ਪਵੇਗਾ। ਪੰਜਾਬੀ ਯੂਨੀਵਰਸਿਟੀ ਵਿਚ ਮਾਹੌਲ ਪੁਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ। 'ਸੈਫੀ' ਆਗੂਆਂ ਵੱਲੋਂ ਇਕ ਮੰਗ-ਪੱਤਰ ਵੀ ਵਿਧਾਇਕ ਚੰਦੂਮਾਜਰਾ ਨੂੰ ਸੌਂਪਿਆ ਗਿਆ।

ਦੂਜੇ ਪਾਸੇ ਚੰਦੂਮਾਜਰਾ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਸਕੱਤਰੇਤ ਭੱਤੇ ਵਿਚ ਕੀਤੀ ਗਈ ਕਟੌਤੀ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਮੁਲਾਜ਼ਮਾਂ ਨੂੰ ਹੋਰ ਤਾਂ ਕੀ ਦੇਣਾ ਸੀ। ਜੋ ਪਹਿਲਾਂ ਹੀ ਮਿਲ ਰਿਹਾ ਹੈ, ਉਸ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ। ਇਸ ਮੌਕੇ 'ਸੈਫੀ' ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਹਰਵਿੰਦਰ ਸਿੰਘ ਸੰਧੂ, ਗੁਰਲਾਲ ਸਿੰਘ, ਸੰਦੀਪ ਢਿੱਲੋਂ, ਮਨਪ੍ਰੀਤ ਸਿੰਘ, ਜਗਨੂਰ ਸਿੰਘ, ਬਲਜਿੰਦਰ ਸਿੰਘ ਸਰਪੰਚ, ਬੱਬਲ ਧਰੇੜੀ, ਐੱਚ.ਪੀ. ਰਟੌਲ ਅਤੇ ਸਾਜਨ ਚੱਢਾ ਵੀ ਹਾਜ਼ਰ ਸਨ।

Shyna

This news is Content Editor Shyna