ਪੰਜਾਬੀ ਯੂਨੀਵਰਸਿਟੀ ’ਚ ਬਵਾਲ, ਅਧਿਆਪਕਾਂ ਵੱਲੋਂ ਕਲਾਸਾਂ ਦਾ ਬਾਈਕਾਟ, ਮੁਕੰਮਲ ਹੜਤਾਲ

04/03/2023 6:19:46 PM

ਪਟਿਆਲਾ (ਮਨਦੀਪ ਜੋਸਨ) : ਵਿੱਤੀ ਸੰਕਟ ਦੇ ਚੱਲਦੇ ਅਧਿਆਪਕਾਂ, ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਕਾਏ ਨਾ ਮਿਲਣ ਕਾਰਨ ਅੱਜ ਯੂਨੀਵਰਸਿਟੀ ਅੰਦਰ ਮੁਕੰਮਲ ਹੜਤਾਲ ਰਹੀ। ਅਧਿਆਪਕਾਂ, ਅਫਸਰਾਂ ਤੇ ਮੁਲਾਜ਼ਮਾਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਵਾਈਸ ਚਾਂਸਲਰ ਦਾ ਪਿੱਟ ਸਿਆਪਾ ਕੀਤਾ ਅਤੇ ਵੀ. ਸੀ. ਦਫ਼ਤਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ 27-03-2023 ਨੂੰ ਪੂਟਾ ਨੇ ਵੀ. ਸੀ. ਸਾਹਿਬ ਨੂੰ ਪੱਤਰ ਦੇ ਕੇ ਦੱਸਿਆ ਸੀ ਕਿ ਅਗਰ 2022-23 ਵਿੱਤੀ ਸਾਲ ’ਚ ਅਧਿਆਪਕਾਂ ਨੂੰ ਸਾਲ ਦੀ ਬਕਾਇਆ ਪਈ ਤਨਖਾਹ ਅਤੇ ਜੀ. ਪੀ. ਐੱਫ. ਕਟੌਤੀਆਂ 31 ਮਾਰਚ 2023 ਤੋਂ ਪਹਿਲਾਂ ਖਾਤਿਆਂ ਵਿਚ ਨਹੀਂ ਪਾਈਆਂ ਗਈਆਂ ਤਾਂ 01 ਅਪ੍ਰੈਲ 2023 ਤੋਂ ਪੂਟਾ ਵੱਲੋਂ ਅਧਿਆਪਕਾਂ ਨੂੰ ਕਲਾਸਾਂ ਦਾ ਬਾਈਕਾਟ ਕਰਨ ਦੀ ਕਾਲ ਦੇਣੀ ਪਵੇਗੀ। ਪੂਟਾ ਵੱਲੋਂ ਦਿੱਤੇ ਪੱਤਰ ਦੇ ਸਬੰਧ ’ਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਕਲਾਸਾਂ ਦਾ ਬਾਈਕਾਟ ਕਰਨ ਤੋਂ ਬਾਅਦ ਅਧਿਆਪਕਾਂ ਵੱਲੋਂ ਵੀ. ਸੀ. ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ। ਧਰਨੇ ’ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੂਟਾ ਸਕੱਤਰ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ’ਤੇ ਪਹਿਲਾਂ ਹੀ 150 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਪਿਛਲੇ ਹਫਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੈਂਕ ਨਾਲ ਸੰਪਰਕ ਕਰ ਕੇ ਹੋਰ ਕਰਜ਼ਾ ਲੈਣ ਲਈ ਫਾਈਲ ਤੋਰੀ ਗਈ ਹੈ, ਜੋ ਕਿ ਪ੍ਰਸ਼ਾਸਨ ਦਾ ਬਹੁਤ ਹੀ ਗ਼ਲਤ ਕਦਮ ਹੈ। ਇਸ ਨਾਲ ਯੂਨੀਵਰਸਿਟੀ ਕਦੇ ਵੀ ਕਰਜ਼ੇ ਦੇ ਬੋਝ ’ਚੋਂ ਨਹੀਂ ਨਿਕਲ ਸਕੇਗੀ। ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਅਗਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੋਰ ਕਰਜ਼ਾ ਲਿਆ ਜਾਂਦਾ ਹੈ ਤਾਂ ਪੂਟਾ ਇਸ ਦਾ ਵਿਰੋਧ ਕਰੇਗੀ, ਲੋੜ ਪੈਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।

Gurminder Singh

This news is Content Editor Gurminder Singh