ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਭੜਾਸ, ਸੁਣਾਈਆਂ ਖਰ੍ਹੀਆਂ-ਖਰ੍ਹੀਆਂ

10/12/2020 3:19:09 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਕਿਸਾਨੀ ਸੰਘਰਸ਼ ਨੂੰ ਵੱਖ-ਵੱਖ ਵਰਗਾਂ ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ। ਇੰਨ੍ਹਾਂ 'ਚ ਹੀ ਪੰਜਾਬੀ ਗਾਇਕ ਵੀ ਸੰਘਰਸ਼ 'ਚ ਵੱਡਾ ਸਾਥ ਦੇ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲ ਟਰੈਕ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਪੰਜਾਬੀ ਲੋਕ ਗਾਇਕ ਕੰਵਰ ਗਰੇਵਾਲ, ਗੁਰਵਿੰਦਰ ਬਰਾੜ, ਹਰਫ਼ ਚੀਮਾ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਪਹੁੰਚੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬੀ ਗਾਇਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਇੱਕਜੁੱਟਤਾ ਨਾਲ ਸੰਘਰਸ਼ ਚੱਲ ਰਿਹਾ ਹੈ, ਕੇਂਦਰ ਦੀ ਸਰਕਾਰ ਨੂੰ ਇਸ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਇਸ ਸੰਘਰਸ਼ 'ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸਾਨੀ ਸੰਘਰਸ਼ ਨੂੰ ਖੰਡਾਉਣਾ ਚਾਹੁੰਦੀ ਹੈ ਤਾਂ ਹੀ ਕੋਲੇ, ਖਾਦ ਅਤੇ ਜ਼ਰੂਰੀ ਵਸਤਾਂ ਦੀਆਂ ਰੇਲ ਗੱਡੀਆਂ ਸਬੰਧੀ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੇ ਆਮ ਲੋਕਾਂ ਨੂੰ ਸੜਕਾਂ 'ਤੇ ਲਾਏ ਗਏ ਟੋਲ ਪਲਾਜ਼ਿਆਂ ਤੋਂ ਦਿਵਾਈ ਵੱਡੀ ਰਾਹਤ

ਇਹ ਵੀ ਪੜ੍ਹੋ : ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ

ਜਦਕਿ ਕਿਸਾਨ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਕੋਈ ਅਜਿਹੀ ਗੱਡੀ ਆਉਂਦੀ ਤਾਂ ਉਹ ਰਸਤਾ ਦੇਣਗੇ। ਕੋਲੇ ਦੀ ਘਾਟ ਦੇ ਮਾਮਲੇ 'ਚ ਪਾਵਰਕਾਮ ਅਤੇ ਸਰਕਾਰ ਦੇ ਵੱਖ-ਵੱਖ ਬਿਆਨ ਹਨ। ਹੁਣ ਜਦ ਸੰਘਰਸ਼ ਨੂੰ ਹਰ ਵਰਗ ਦਾ ਸਾਥ ਮਿਲਣਾ ਸ਼ੁਰੂ ਹੋਇਆ ਤਾਂ ਅਜਿਹੀਆਂ ਗੱਲਾਂ ਲੋਕਾਂ 'ਚ ਪਹੁੰਚਾ ਕੇ ਪੰਜਾਬ ਸਰਕਾਰ ਲੋਕਾਂ ਨੂੰ ਸੰਘਰਸ਼ ਤੋਂ ਦੂਰ ਕਰਨ ਦੀ ਚਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ਹਿਰਾਂ ਅਤੇ ਪਿੰਡਾਂ 'ਚ ਫੈਲਾ ਕੇ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਦੀ ਚਾਲ ਚੱਲ ਰਹੀ ਹੈ ਕਿ ਜੇਕਰ ਕਿਸਾਨ ਰੇਲ ਟਰੈਕ ਤੋਂ ਨਾ ਉਠੇ ਤਾਂ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ ਜਾਂ ਫ਼ਿਰ ਖ਼ਾਦ ਦੀ ਅਤੇ ਹੋਰ ਜ਼ਰੂਰੀ ਵਸਤਾਂ ਦੀ ਵੱਡੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਖੇਤੀ ਬਿੱਲਾਂ ਦੇ ਵਿਰੁੱਧ ਹੈ ਅਤੇ ਇਹ ਸੰਘਰਸ਼ ਜਦ ਤੱਕ ਕਿਸੇ ਮੁਕਾਮ 'ਤੇ ਨਹੀਂ ਪੁੱਜਦਾ, ਜਿਸ ਤਰ੍ਹਾਂ ਦੀ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨਗੀਆਂ, ਪੰਜਾਬੀ ਗਾਇਕ ਹਰ ਜਗ੍ਹਾ ਉਨ੍ਹਾਂ ਦਾ ਸਾਥ ਦੇਣਗੇ।

ਇਹ ਵੀ ਪੜ੍ਹੋ : ਬੋਰਡ ਨੇ ਕੀਤੇ ਬਦਲਾਅ, 70 ਫੀਸਦੀ ਸਿਲੇਬਸ ਦੇ ਆਧਾਰ 'ਤੇ ਜਾਰੀ ਕੀਤੇ ਸੈਂਪਲ ਪੇਪਰ  

Anuradha

This news is Content Editor Anuradha