ਪਾਕਿ ''ਚ ਰਿਲੀਜ਼ ਹੋਇਆ ਡਾ. ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ

02/22/2020 6:10:18 PM

ਜਲੰਧਰ/ਪਾਕਿਸਤਾਨ— ਲਾਹੌਰ 'ਚ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ 'ਰਾਵੀ ਸਾਂਝ' ਸ਼ਾਹਮੁਖੀ ਅੱਖਰਾਂ 'ਚ ਪਾਕ ਹੈਰੀਟੇਜ ਹੋਟਲ 'ਚ ਰਿਲੀਜ਼ ਕੀਤਾ ਗਿਆ। ਇਹ ਲੋਕ ਅਰਪਨ ਪਾਕਿਸਤਾਨ ਕੌਮੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਅਤੇ ਸਮੂਹ ਪੰਜਾਬੀਆਂ ਦੀ ਸਤਿਕਾਰਤ ਹਸਤੀ ਰਾਏ ਅਜ਼ੀਜ਼ਉਲਾ ਖਾਨ ਸਾਹਿਬ ਦੇ ਹੱਥੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਸ਼ਾਮਲ ਪ੍ਰੋ. ਜ਼ਾਹਿਦ ਹਸਨ, ਡਾ. ਸੁਗਰਾ ਸੱਦਫ, ਬਾਬਾ ਨਜਮੀ, ਅਫਜ਼ਲ ਸਾਹਿਰ, ਡਾ. ਦੀਪਕ ਮਨਮੋਹਨ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਡਾ: ਸੁਲਤਾਨਾ ਬੇਗਮ, ਸ. ਗਿਆਨ ਸਿੰਘ ਕੰਗ ਪ੍ਰਧਾਨ, ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ, ਕਮਰ ਮਹਿਦੀ ਅਤੇ ਅਮਜਦ ਸਲੀਮ ਮਿਨਹਾਸ ਨੇ ਪੁਸਤਕ ਦੀ ਮੂੰਹ ਵਿਖਾਲੀ ਕਰਵਾਈ । ਸਾਡਾ ਟੀ. ਵੀ. ਦੇ ਪੇਸ਼ਕਾਰ ਯੂਸਫ ਪੰਜਾਬੀ ਨੇ ਗੁਰਭਜਨ ਗਿੱਲ ਦੀ ਸੰਖੇਪ ਜਾਣ ਪਛਾਣ ਕਰਾਈ। ਮੰਚ ਸੰਚਾਲਨ ਪ੍ਰਮੁੱਖ ਪੰਜਾਬੀ ਕਵੀ ਅਫਜ਼ਲ ਸਾਹਿਬ ਨੇ ਸੰਬੋਧਨ ਕਰਦੇ ਗੁਰਭਜਨ ਗਿੱਲ ਨਾਲ ਵੀਹ ਸਾਲ ਪੁਰਾਣੀ ਸੱਜਣਤਾਈ ਦੇ ਹਵਾਲੇ ਨਾਲ ਗੱਲ ਅੱਗੇ ਤੋਰੀ।

ਮੁੱਖ ਮਹਿਮਾਨ ਰਾਏ ਅਜੀਜ ਉਲਾ ਖਾਨ ਸਾਹਿਬ ਨੇ ਕਿਹਾ ਕਿ ਗੁਰਭਜਨ ਮੇਰਾ ਨਿੱਕਾ ਭਰਾ ਹੈ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨਾਲ ਸਾਂਝ ਦਾ ਆਧਾਰ ਅਮਨ, ਮੁਹੱਬਤ ਅਤੇ ਭਾਈਚਾਰਕ ਸ਼ਕਤੀ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਰੇ ਪੁਰਖਿਆਂ ਦੀ ਸਾਂਝ ਕਾਰਨ ਹੀ ਰਾਏਕੋਟ ਛੱਡਣ ਦੇ ਬਾਵਜੂਦ ਮੇਰੀ ਨੌਵੀਂ ਪੀੜ੍ਹੀ ਨੂੰ ਵੀ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਮੁਖੀ 'ਚ ਵੀ ਗੁਰਭਜਨ ਗਿੱਲ ਦੀਆਂ ਲਿਖਤਾਂ ਪੜ੍ਹੀਆਂ ਹਨ, ਇਨ੍ਹਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਵਰਗਾ ਅਹਿਸਾਸ ਹੈ।

ਕਿਤਾਬ ਦਾ ਮੁੱਖਬੰਦ ਲਿਖਣ ਵਾਲੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਦੇ ਵਿਦਵਾਨ ਪ੍ਰੋਫੈਸਰ ਜ਼ਾਹਿਦ ਹਸਨ ਨੇ ਬੋਲਦੇ ਕਿਹਾ ਕਿ ਰਾਵੀ ਸਾਡੇ ਭਾਣੇ ਇਕ ਦਰਿਆ ਹੀ ਨਹੀਂ, ਸਾਡਾ ਵਸੇਬ ਅਤੇ ਸਾਡਾ ਮੂੰਹ ਮੁਹਾਂਦਰਾ ਹੈ, ਜੋ ਇਸ ਧਰਤੀ, ਇਸ ਖਿੱਤੇ ਦੀ ਲੋਕਾਈ ਦੀ ਜੂਨ ਬਦਲਦਾ ਰਿਹਾ ਹੈ। ਗੁਰਭਜਨ ਗਿੱਲ ਜੀ ਨੇ ਰਾਵੀ ਕੰਢੇ ਦੀ ਜ਼ਿੰਦਗੀ ਬਾਰੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਬਾਬਾ ਸ਼ੇਖ ਫਰੀਦ ਜੀ ਦੇ ਮਨ ਅਤੇ ਮੁਖ ਤੋਂ ਅੰਦਰ ਤੱਕ ਝਾਤੀ ਮਾਰਦੇ ਸ਼ਿਅਰੀ ਮੋਤੀ ਢੂੰਡ ਕੇ ਮਾਲਾ ਪਰੋਈ ਹੈ।

ਇੰਸਟੀਚਿਉਟ ਆਫ ਆਰਟ ਐਂਡ ਕਲਚਰ ਦੇ ਖੋਜੀ ਵਿਦਵਾਨ ਇਕਬਾਲ ਕੈਸਰ ਨੇ ਰਾਵੀ ਬਾਰੇ ਬੋਲਦੇ ਕਿਹਾ ਕਿ ਇਹ ਗਜ਼ਲ ਕਿਤਾਬ ਸਾਡਾ ਸਾਂਝਾ ਦਰਦ ਨਾਮਾ ਹੈ, ਜੋ ਸ਼ਬਦਾਂ ਤੋਂ ਪਾਰ ਵੀ ਸਮਝਣਾ ਪਵੇਗਾ। ਰਾਵੀ ਕੰਢੇ ਗੁਰੂ ਨਾਨਕ ਦਾ ਕਰਤਾਰਪੁਰ ਸਾਹਿਬ ਵਿਖੇ ਪੱਕਾ ਡੇਰਾ ਹੈ ਅਤੇ ਉਹ ਸਾਡੀਆਂ ਮਨੁੱਖ ਵਿਰੋਧੀ ਹਰਕਤਾਂ ਨੂੰ ਨਾਲੋ ਨਾਲ ਵੇਖ ਰਹੇ ਹਨ। ਇਹ ਕਿਤਾਬ  ਧਰਤੀ ਪੁੱਤਰਾਂ ਲਈ ਸਬਕ ਜਹੀ ਹੈ ਕਿ ਕਿਵੇਂ ਅਲੱਗ ਰਹਿ ਕੇ ਵੀ ਇਕ ਦੂਦੇ ਲਈ ਸ਼ੁਭਚਿੰਤਨ ਕਰਨਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ 'ਚ ਪੁਰਖਿਆਂ ਦੀ ਜ਼ਮੀਨ ਲਈ ਵਿਯੋਗਿਆ ਮਨੁੱਖ ਲਗਾਤਾਰ ਦੋਰਾਂ ਪੰਜਾਬਾਂ ਦੀ ਖੈਰ ਮੰਗਦਾ ਅਤੇ ਸਿਰਜਣ ਸ਼ੀਲ ਰਹਿੰਦਾ ਹੈ। ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਦੀ ਸਾਬਕਾ ਡਾਇਰੈਕਟਰ ਜਨਰਲ ਡਾ. ਸੁਗਰਾ ਸੱਦਫ ਨੇ ਕਿਹਾ ਕਿ ਰਾਵੀ ਸਿਰਫ ਗਜ਼ਲ ਪਰਾਗਾ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ, ਜਿਸ ਤੋਂ ਸਾਨੂੰ ਸਭ ਦੇ ਭਲੇ ਦਾ ਸੁਨੇਹਾ ਮਿਲਦਾ ਹੈ।

ਪ੍ਰਸਿੱਧ ਵਿਦਵਾਨ ਡਾ. ਗੁਲਾਮ ਹੁਸੈਨ ਸਾਜਿਦ ਸਾਹਿਬ ਨੇ ਕਿਤਾਬ ਬਾਰੇ ਲੰਮਾ ਪਰਚਾ ਪੜ੍ਹਿਆ ਅਤੇ ਕਿਹਾ ਕਿ ਲੋਕ ਜ਼ਬਾਨ ਚ ਲਿਖੀ ਇਹ ਸ਼ਾਇਰੀ ਸਾਨੂੰ ਧਰਤੀ ਨਾਲ ਜੋੜਦੀ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਤਾਂ ਅੱਜ ਹੀ ਆਪਣੇ ਸਾਥੀਆਂ ਪੰਮੀ ਬਾਈ, ਡਾ. ਰਤਨ ਸਿੰਘ ਢਿੱਲੋਂ ਅਤੇ ਖਾਲਿਦ ਹੁਸੈਨ ਸਮੇਤ ਰਾਵੀ ਕੰਢੇ ਜਾ ਕੇ ਕਰਤਾਰਪੁਰ ਸਾਹਿਬ ਵਿਖੇ ਗੁਰਭਜਨ ਗਿੱਲ ਦੀ ਕਿਤਾਬ ਬਾਬਾ ਨਾਨਕ ਦੀ ਸੰਗਤ ਨੂੰ ਭੇਂਟ ਕਰਕੇ ਆਇਆ ਹਾਂ।

ਸਾਂਝ ਪ੍ਰਕਾਸ਼ਨ ਦੇ ਅਮਜ਼ਦ ਸਲੀਮ ਮਿਨਹਾਸ ਨੇ ਕਿਹਾ ਕਿ ਇਹ ਸ਼ਾਇਰੀ ਸਾਨੂੰ ਦੱਸਦੀ ਹੈ ਕਿ ਅਮਨ ਚੈਨ ਨੇ ਹੀ ਵਿਕਾਸ ਦਾ ਰਾਹ ਖੋਲ੍ਹਣਾ ਹੈ ਅਤੇ ਜੰਗ ਨੇ ਸਾਂਝੀ ਪੰਜਾਬੀ ਰਹਿਤਲ ਦਾ ਘਾਣ ਕਰਨਾ ਹੈ। ਸੁਚੇਤ ਕਰਨ ਵਾਲੀ ਇਹ ਸ਼ਾਇਰੀ ਭਾਰਤ ਪਾਕਿਸਤਾਨ ਦੇ ਅਵਾਮ ਲਈ ਬੇਹੱਦ ਅਰਥਵਾਨ ਹੈ। ਪਰੈੱਸ ਕਲੱਬ ਲਾਹੌਰ ਦੇ ਪ੍ਰਤੀਨਿਧ ਅਤੇ ਪ੍ਰਸਿੱਧ ਸ਼ਾਇਰ ਸਰਫਰਾਜ ਸ਼ਫੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਤੋਂ ਗਏ ਪ੍ਰਮੁੱਖ ਲੇਖਕ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਜਸਵਿੰਦਰ ਕੌਰ ਮਾਂਗਟ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਸੁਨੀਤਾ ਧੀਰ, ਸੁਸ਼ੀਲ ਦੋਸਾਂਝ ਸਮੇਤ ਪਾਕਿਸਤਾਨ ਦੇ ਵੀ ਕੁਝ ਲੇਖਕ ਹਾਜ਼ਰ ਸਨ।

shivani attri

This news is Content Editor shivani attri