ਕੈਨੇਡਾ 'ਚ ਸਿੱਖ ਨੌਜਵਾਨ ਦੀ ਮੌਤ ਨੂੰ ਅੱਖੀਂ ਦੇਖਣ ਵਾਲਿਆਂ ਨੇ ਫਰੋਲਿਆ ਦੁੱਖ (ਤਸਵੀਰਾਂ)

09/28/2017 3:23:33 PM

ਸਰੀ,(ਏਜੰਸੀ)— ਕੈਨੇਡਾ ਦੇ ਸ਼ਹਿਰ ਸਰੀ 'ਚ ਮੰਗਲਵਾਰ ਸਵੇਰੇ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਕਾਰਨ ਪਰਿਵਾਰ ਸਦਮੇ 'ਚ ਹੈ। ਇੱਥੋਂ ਤਕ ਕਿ ਉਸ ਦੇ ਗੁਆਂਢੀ ਵੀ ਆਪਣਾ ਦਰਦ ਰੋ-ਰੋ ਕੇ ਬਿਆਨ ਕਰ ਰਹੇ ਹਨ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਬੱਲ ਦੇ ਨਾਂ ਤੋਂ ਹੋਈ ਹੈ। ਅਵਤਾਰ ਲਈ ਮੰਗਲਵਾਰ ਦੀ ਸਵੇਰ ਮੌਤ ਲੈ ਕੇ ਆਈ ਅਤੇ ਸਵੇਰੇ 7 ਵਜੇ ਉਸ ਨੂੰ ਇਕ ਵਾਹਨ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਕਿ ਉਹ ਦੁਬਈ 'ਚ ਕੁੱਝ ਸਾਲ ਕੰਮ ਕਰਕੇ ਕੈਨੇਡਾ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਸੀ। ਜਿਸ ਸਮੇਂ ਇਹ ਦੁਰਘਟਨਾ ਵਾਪਰੀ, ਉਹ ਟਰੈਕਟਰ ਦਾ ਲਾਇਸੈਂਸ ਲੈਣ ਲਈ ਬੱਸ ਅੱਡੇ ਵੱਲ ਪੈਦਲ ਜਾ ਰਿਹਾ ਸੀ। ਉਸ ਦੇ ਗੁਆਂਢੀ ਨੇ ਹਾਦਸੇ ਮਗਰੋਂ ਉਸ ਨੂੰ ਦੇਖਿਆ ਤੇ ਮਦਦ ਕੀਤੀ।

ਪੰਜਾਬੀ ਨੌਜਵਾਨ ਬਿਕਰਮਜੀਤ ਨੰਦਾ ਨੇ ਦੱਸਿਆ ਕਿ ਉਸ ਨੇ ਜਦ ਅਵਤਾਰ ਨੂੰ ਦੇਖਿਆ ਤਾਂ ਉਸ ਦੀ ਧੜਕਣ ਬੰਦ ਹੋ ਚੁੱਕੀ ਸੀ ਪਰ ਉਹ ਉਸ ਨੂੰ ਹੋਸ਼ 'ਚ ਲਿਆਉਣ ਲਈ ਕੋਸ਼ਿਸ਼ਾਂ ਕਰਦਾ ਰਿਹਾ। ਉਹ ਵਾਹਨ ਨਾਲ ਟਕਰਾਉਣ ਮਗਰੋਂ ਬਹੁਤ ਦੂਰ ਤਕ ਜਾ ਡਿੱਗਿਆ ਅਤੇ ਉਸ ਦਾ ਫੋਨ ਕਾਫੀ ਦੂਰ ਡਿੱਗਿਆ ਹੋਇਆ ਸੀ। ਉਸ ਦੀ ਪੱਗ ਢਿੱਲੀ ਹੋ ਗਈ ਸੀ ਤੇ ਉਸ ਦੇ ਬੂਟ ਵੀ ਵੱਖਰੇ ਡਿਗੇ ਹੋਏ ਸਨ। ਬਿਕਰਮਜੀਤ ਨੰਦਾ ਦੀ ਪਤਨੀ ਮਨਦੀਪ ਨੇ ਦੱਸਿਆ,''ਮੇਰੇ ਪਤੀ ਨੇ ਹੀ ਅਵਤਾਰ ਨੂੰ ਸਭ ਤੋਂ ਪਹਿਲਾਂ ਜ਼ਖਮੀ ਹਾਲਤ 'ਚ ਦੇਖਿਆ। ਅਵਤਾਰ ਦੇ ਕੰਨਾਂ ਅਤੇ ਮੂੰਹ 'ਚੋਂ ਖੂਨ ਵਗ ਰਿਹਾ ਸੀ। ਉਸ ਦੇ ਬਾਕੀ ਸਰੀਰ 'ਤੇ ਵਧੇਰੇ ਸੱਟਾਂ ਨਹੀਂ ਲੱਗੀਆਂ ਸਨ ਪਰ ਮੂੰਹ ਖੂਨ ਨਾਲ ਭਰਿਆ ਹੋਇਆ ਸੀ। ਮੇਰੇ ਪਤੀ ਨੇ ਅਵਤਾਰ ਨੂੰ ਸੀ.ਪੀ.ਆਰ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦ ਤਕ ਐਂਬੂਲੈਂਸ ਨਹੀਂ ਆਈ ਉਹ ਅਵਤਾਰ ਦੀ ਮਦਦ ਕਰਦਾ ਰਿਹਾ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਸ ਦਰਦਨਾਕ ਮੰਜ਼ਰ ਨੂੰ ਦੇਖਿਆ ਉਸ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ। 


ਤੁਹਾਨੂੰ ਦੱਸ ਦਈਏ ਕਿ ਜਿਸ ਇਲਾਕੇ 'ਚ ਹਾਦਸਾ ਵਾਪਰਿਆ ਇੱਥੇ ਵਧੇਰੇ ਭੀੜ ਨਹੀਂ ਹੁੰਦੀ ਤੇ ਨਾ ਹੀ ਵਾਹਨਾਂ ਦੀ ਦੌੜ ਹੁੰਦੀ ਹੈ ਪਰ ਅਜਿਹੇ ਇਲਾਕੇ 'ਚ ਹੀ ਇਕ ਵਾਹਨ ਨੇ ਟੱਕਰ ਮਾਰ ਕੇ ਅਵਤਾਰ ਦੀ ਜਾਨ ਲੈ ਲਈ।

ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੇ ਦੋਸ਼ੀ ਡਰਾਈਵਰ ਜਾਂ ਵਾਹਨ ਨੂੰ ਦੇਖਿਆ ਹੋਵੇ ਤਾਂ ਉਹ ਪੁਲਸ ਨੂੰ ਜਾਣਕਾਰੀ ਜ਼ਰੂਰ ਦੇਣ। ਪੁਲਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਪਰ ਅਜੇ ਤਕ ਕੋਈ ਸੁਰਾਗ ਉਨ੍ਹਾਂ ਦੇ ਹੱਥ ਨਹੀਂ ਲੱਗ ਸਕਿਆ।