ਪੰਜਾਬੀ ਭਾਸ਼ਾ ਦਾ ਨਾਯਾਬ ਖ਼ਜ਼ਾਨਾ 'ਅਖਾਣ', ਬਦਲਦੇ ਮਾਹੌਲ 'ਚ ਇੰਝ ਕਰੋ ਵਰਤੋਂ

11/20/2020 2:16:10 PM

ਜਲੰਧਰ (ਹਰਨੇਕ ਸਿੰਘ ਸੀਚੇਵਾਲ): ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਵਿੱਚ ਸਿਖਿਆਰਥੀਆਂ ਨੂੰ ਦਿਮਾਗ਼ੀ ਕੰਮ ‘ਚ ਲਗਾਉਣ, ਉਨ੍ਹਾਂ ਨੂੰ ਕੁਝ ਨਵਾਂ ਸਿਰਜਣ/ਸੋਚਣ ਦੀ ਚਿਣਗ ਲਗਾਉਣ ਅਤੇ ਸੌਖੇ ਤਰੀਕੇ ਨਾਲ ਪੜ੍ਹਣ ਦਾ ਢੰਗ ਦੱਸਣ ਲਈ ਮੋਹਾਲੀ ਦੇ ਇੱਕ ਸਿੱਖਿਆ-ਸ਼ਾਸਤਰੀ ਨੇ ਅਖਾਣਾਂ ਦੀ ਨਿਵੇਕਲੇ ਢੰਗ ਦੀ ਵਰਤੋਂ ਕੀਤੀ ਹੈ। ਇਸ ਉੱਦਮ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਅਖਾਣਾਂ ਦੀ ਵਾਕਾਂ ਵਿੱਚ ਵਰਤੋਂ ਕਰਨ ਲਈ ਅਕਸਰ ਵਿਦਿਆਰਥੀਆਂ ਨੂੰ ਰੱਟੇ ਰਟਾਏ ਵਾਕ ਦੇ ਦਿੱਤੇ ਜਾਂਦੇ ਨੇ ਜਿਸ ਕਾਰਨ ਵਿਦਿਆਰਥੀ ਇਨ੍ਹਾਂ ਅਖਾਣਾਂ ਨੂੰ ਕੇਵਲ ਪੇਪਰਾਂ ‘ਚ ਕੁਝ ਅੰਕ ਲੈਣ ਲਈ ਹੀ ਯਾਦ ਕਰਦੇ ਹਨ। ਅਜਿਹੇ ਵਿਦਿਆਰਥੀ ਇਸ ਗੱਲ ਨੂੰ ਸਾਰੀ ਉਮਰ ਹੀ ਸਮਝ ਨਹੀਂ ਪਾਉਂਦੇ ਕਿ ਇਨ੍ਹਾਂ ਦੀ ਵਰਤੋਂ ਕੀਤੀ ਹੀ ਕਿਉਂ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ ਤਾਂ ਵੱਡੇ ਹੋ ਕੇ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਆਪਣੀ ਬੋਲ-ਚਾਲ ਦੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਹਿੱਤ ਉਹ ਇਨ੍ਹਾਂ ਦੀ ਵਰਤੋਂ ਕਰ ਹੀ ਨਹੀਂ ਸਕਦੇ। ਇਸ ਕਾਰਨ ਉਹ ਕਈ ਥਾਈਂ ਨੁਕਸਾਨ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਲਾਚਾਰ ਹੋ ਜਾਂਦੇ ਹਨ। ਐਨਾਂ ਹੀ ਨਹੀਂ ਅਖਾਣਾਂ ਵਿੱਚ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਦੀ ਸਦੀਆਂ ਦੀ ਸੋਚ ਅਤੇ ਸਮਝ ਬੱਝੀ ਪਈ ਹੁੰਦੀ ਹੈ। ਇਨ੍ਹਾਂ ਦੀ ਅਸਲੀ ਮਹੱਤਤਾ ਨੂੰ ਪਛਾਣਨ ਨਾਲ ਅਜੋਕੀ ਪੀੜ੍ਹੀ ਆਪਣੇ ਪੁਰਖਿਆਂ ਨਾਲ ਜੁੜਦੀ ਹੈ ਜਿਸ ਕਾਰਨ ਪੀੜ੍ਹੀਆਂ ਦਾ ਪਾੜਾ ਘਟਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਅਖਾਣਾਂ ਦੀ ਰੱਟਾ ਅਧਾਰਤ ਸਕੂਲੀ ਵਰਤੋਂ ਦੀ ਥਾਂ ਜੇਕਰ ਇਨ੍ਹਾਂ ਦੀ ਸੁਭਾਵਿਕ ਵਰਤੋਂ ਹੋਣ ਲੱਗਦੀ ਹੈ ਤਾਂ ਸਮਾਜਿਕ ਸੰਤੁਲਨ ਬਣਾਈ ਰੱਖਣ ਵਿੱਚ ਵੀ ਯਕੀਨਨ ਸਹਾਇਤਾ ਮਿਲ ਸਕਦੀ ਹੈ।

ਇਹ ਉਪਰਾਲਾ ਕੀਤਾ ਹੈ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਜੋ ਕਿ ਮੋਹਾਲੀ ਵਿਖੇ ਹੈੱਡਮਾਸਟਰ ਵਜੋਂ ਤਾਇਨਾਤ ਹਨ। ਇਸ ਸਟੇਟ ਐਵਾਰਡੀ ਹੈੱਡਮਾਸਟਰ ਦਾ ਮੰਨਣਾ ਹੈ ਕਿ ਇਨ੍ਹਾਂ ਅਖਾਣਾਂ  ਦੀ ਪੰਜਾਬੀ ਵਿੱਚ ਵਰਤੋਂ ਕਰਨ ਨਾਲ ਪੰਜਾਬੀ ਵਿਦਿਆਰਥੀਆਂ ਅੰਦਰ ਮਾਂ ਬੋਲੀ ਪ੍ਰਤੀ ਮੋਹ ਵੀ ਵਧੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਪੰਜਾਬੀ ਦੇ ਅਧਿਆਪਕ/ਵਿਦਿਆਰਥੀ ਖ਼ੁਦ ਕਰਕੇ ਦੇਖ ਸਕਦੇ ਹਨ। 

 ਡਾ. ਜਿੰਦਲ ਨੇ ਦੱਸਿਆ ਕਿ ਇਨ੍ਹਾਂ ਅਖਾਣਾਂ ਦੀ ਵਰਤੋਂ ਨਵੇਂ ਤਰੀਕੇ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਹ ਬਣਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਦੇਣ। ਉਦਾਹਰਨ ਵਜੋਂ ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸ਼ਹਿਰਾਂ ਨਾਲੋਂ ਪਿੰਡਾਂ ‘ਚ ਵੱਧ ਪਿਆਰ-ਭਾਵਨਾ ਦਾ ਹੋਣਾ, ਮਜ਼ਦੂਰਾਂ/ਦਿਹਾੜੀਦਾਰਾਂ ਪ੍ਰਤੀ ਸੰਵੇਦਨਸ਼ੀਲਤਾ, ਲੋਕ-ਸੇਵਾ, ਵਿਦਿਆਰਥੀਆਂ ਨੂੰ ਫਿਲਹਾਲ ਘਰੋਂ ਪੜ੍ਹਣ ਲਈ ਪ੍ਰੇਰਣਾ, ਹਰ ਵਿਹਲੇ ਸਮੇਂ ਪੜ੍ਹਦੇ-ਲਿਖਦੇ ਰਹਿਣਾ, ਡਾਕਟਰੀ ਪੇਸ਼ੇ ਦਾ ਸਤਿਕਾਰ ਕਰਨਾ, ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ, ਸਹੀ ਜਾਣਕਾਰੀ ਦੀ ਮਹੱਤਤਾ, ਅਜਿਹੇ ਸਮੇਂ ਅਫਵਾਹਾਂ ਤੋਂ ਬਚਣ ਦੀ ਮਹੱਤਤਾ, ਕਰੋਨਾ ਉਪਰੰਤ ਆ ਸਕਣ ਵਾਲੀ ਆਰਥਿਕ ਮੰਦੀ ਲਈ ਸੋਝੀ, ਲੋਕ-ਸੇਵਾ ਆਦਿ ਸੁਨੇਹੇ ਇਹ ਅਖਾਣ ਅਤੇ ਮੁਹਾਵਰਿਆਂ ਦੀ ਵਰਤੋਂ ਰਾਹੀਂ ਆਪ ਮੁਹਾਰੇ ਹੀ ਮਿਲ ਜਾਂਦੇ ਹਨ।

ਇਨ੍ਹਾਂ ਅਖਾਣਾਂ ਦੀ ਵਰਤੋਂ ਨਵੇਂ ਤਰੀਕੇ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਹ ਬਣਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਦੇਣ। ਉਦਾਹਰਨ ਵਜੋਂ ਕਾਨੂੰਨ ਦੀ ਪਾਲਣਾ ਕਰਨ ਦੀ ਜ਼ਰੂਰਤ (ਅਖਾਣ ਨੰ:4, 16, 18), ਸ਼ਹਿਰਾਂ ਨਾਲੋਂ ਪਿੰਡਾਂ ‘ਚ ਵੱਧ ਪਿਆਰ-ਭਾਵਨਾ ਦਾ ਹੋਣਾ (ਅਖਾਣ ਨੰ: 5), ਮਜ਼ਦੂਰਾਂ/ਦਿਹਾੜੀਦਾਰਾਂ ਪ੍ਰਤੀ ਸੰਵੇਦਨਸ਼ੀਲਤਾ (ਅਖਾਣ ਨੰ: 2,5,12), ਲੋਕ-ਸੇਵਾ (ਅਖਾਣ ਨੰ: 8,9,10,15,17), ਵਿਦਿਆਰਥੀਆਂ ਨੂੰ ਫਿਲਹਾਲ ਘਰੋਂ ਪੜ੍ਹਣ ਲਈ ਪ੍ਰੇਰਣਾ (ਅਖਾਣ ਨੰ: 19) ਆਦਿ।
    
1.ਅੱਗੇ ਸੱਪ ਤੇ ਪਿੱਛੇ ਸੀਂਹ (ਕੋਈ ਕੰਮ ਕਰਨਾ ਵੀ ਖ਼ਤਰਨਾਕ ਹੋਣਾ ਤੇ ਨਾ ਕਰਨਾ ਵੀ): ਕੋਰੋਨਾ ਫੈਲਣ ਦੇ ਸ਼ੁਰੂਆਤੀ ਦਿਨਾਂ ‘ਚ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੂਬੇ ਅੰਦਰ ਸਾਰੀਆਂ ਗਤੀਵਿਧੀਆਂ ਬੰਦ ਕਰਨਾ ਚਾਹੁੰਦੀ ਸੀ ਪਰ ਲੋਕਾਂ ਦੀਆਂ ਮੁਸ਼ਕਲਾਂ ਅਤੇ ਰੋਟੀ-ਰੋਜ਼ੀ ਦੇ ਮਸਲੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ। ਉਦੋਂ ਤਾਂ ਇਹ ਗੱਲ ਸੀ ਕਿ ਅੱਗੇ ਸੱਪ ਤੇ ਪਿੱਛੇ ਸੀਂਹ।
2.ਆਪਣਾ ਘਰ ਸੌ ਕੋਹ ਤੋਂ ਦਿਸ ਪੈਂਦਾ ਹੈ (ਆਪਣੇ ਘਰ ਨਾਲ ਬਹੁਤ ਪਿਆਰ ਹੋਣਾ): ਕੋਰੋਨਾ ਫੈਲਣ ‘ਤੇ ਜਦੋਂ ਪੰਜਾਬ ਅੰਦਰ ਸਾਰੀਆਂ ਗਤੀਵਿਧੀਆਂ ਬੰਦ ਹੋ ਗਈਆਂ ਤਾਂ ਦੂਜੇ ਰਾਜਾਂ ਤੋਂ ਆਏ ਮਜ਼ਬੂਰ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ। ਜਦੋਂ ਹੈਰਾਨ ਹੋਏ ਕੁਝ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸੈਂਕੜੇ ਕਿਲੋਮੀਟਰ ਦੂਰ ਆਪਣੇ ਸੂਬਿਆਂ ‘ਚ ਪੈਦਲ ਕਿਵੇਂ ਅਪੜਣਗੇ ਤਾਂ ਉਨ੍ਹਾਂ ਦੇ ਮੁਖੀ ਨੇ ਝੱਟ ਕਹਿ ਦਿੱਤਾ, “ਬਾਬੂ ਜੀ, ਆਪਣਾ ਘਰ ਸੌ ਕੋਹ ਤੋਂ ਦਿਸ ਪੈਂਦਾ ਹੈ”।
3.ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ (ਆਪਣਾ ਬੰਦਾ ਕਿਸੇ ਹੋਰ ਦਾ ਕੰਮ ਕਰਦੇ ਫਿਰਦਾ ਹੋਣਾ): ਜਦੋਂ ਕੋਰੋਨਾ ਫੈਲਣ ਕਾਰਨ ਲੱਗੇ ਕਰਫਿਊ ‘ਚ ਸਾਡੇ ਪਿੰਡ ਦੇ ਸਰਪੰਚ ਨੇ ਦੂਜੇ ਪਿੰਡਾਂ ‘ਚ ਜਾ ਕੇ ਰਾਸ਼ਨ ਵੰਡਣ ਦੀ ਚੌਧਰ ਮਾਰੀ ਤਾਂ ਕੁਝ ਬਜ਼ੁਰਗ ਕਹਿ ਉੱਠੇ, “ਸਰਪੰਚ ਸਾਹਿਬ ਆਪਣੇ ਪਿੰਡ ਨੂੰ ਬਿਪਤਾ ‘ਚ ਛੱਡ ਕੇ ਕਿਤੇ ਹੋਰ ਤੁਰਦੇ ਫਿਰਦੇ ਹੋ। ਆਹ ਕੋਈ ਵਧੀਆ ਗੱਲ ਨਹੀਂ। ਇਸ ਨਾਲ ਤੁਹਾਡੀ ਭਲੇਮਾਨਸੀ ਨਹੀਂ ਚਲਾਕੀ ਦਾ ਪ੍ਰਦਰਸ਼ਨ ਹੁੰਦਾ ਹੈ। ਸਿਆਣਿਆਂ ਨੇ ਐਂਵੇ ਈ ਨਹੀਂ ਕਿਹਾ - ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ।
4.ਆਪੇ ਫਾਥੜੀਏ ਤੈਨੂੰ ਕੌਣ ਛੁਡਾਏ (ਆਪੇ ਖਤਰਾ ਮੁੱਲ ਲੈਣ ਵਾਲੇ ਦੀ ਕੋਈ ਮਦਦ ਨਹੀਂ ਕਰਦਾ): ਕੋਰੋਨਾ ਕਾਰਨ ਲਗਾਏ ਗਏ ਕਰਫਿਊ ‘ਚ ਬੇਵਜ੍ਹਾ ਮੋਟਰਸਾਈਕਲ ‘ਤੇ ਹਾਰਨ ਮਰਦੇ ਜਾਂਦੇ ਜਸਪ੍ਰੀਤ ਨੂੰ ਪੁਲਿਸ ਨੇ ਚੌਂਕ ‘ਚ ਰੋਕ ਲਿਆ। ਜਦੋਂ ਉਸ ਨੇ ਨੇੜਿਓਂ ਲੰਘਦੇ ਚੌਧਰੀ ਸਾਹਿਬ ਨੂੰ ਮਦਦ ਮੰਗਦੀਆਂ ਨਜ਼ਰਾਂ ਨਾਲ ਦੇਖਿਆ ਤਾਂ ਚੌਧਰੀ ਸਾਹਿਬ ਐਦਾਂ ਹੀ ਲੰਘ ਗਏ। ਉਹ ਹੌਲੀ ਜਿਹੇ ਬੋਲ ਵੀ ਗਏ, “ਆਪੇ ਫਾਥੜੀਏ ਤੇਨੂੰ ਕੌਣ ਛੁਡਾਏ”।
5.ਸੱਜਣ ਛੋੜੀਏ ਰੰਗ ਸਿਉ ਬਹੁੜ ਭੀ ਆਵਹਿ ਕੰਮ (ਖੁਸ਼ੀ-ਖੁਸ਼ੀ ਵਿਛੜਣਾ): ਕੋਰੋਨਾ ਕਾਰਨ ਲਗਾਏ ਗਏ ਲੰਬੇ ਕਰਫਿਊ ਕਾਰਨ ਜਦੋਂ ਧੰਨੇ ਨੂੰ ਆਪਣੀ ਟਿੰਡ-ਫੌੜ੍ਹੀ ਚੱਕ ਕੇ ਸ਼ਹਿਰ ਛੱਡ ਕੇ ਆਪਣੇ ਪਿੰਡ ਮੁੜਣਾ ਪਿਆ ਤਾਂ ਜਾਣ ਲੱਗਾ ਉਹ ਸਾਨੂੰ ਕਹਿਣ ਲੱਗਾ, “ ਭਾਈ ਸਾਹਿਬ, ‘ਕੱਠੇ ਰਹਿੰਦਿਆਂ ਕੋਈ ਉੱਚਾ ਨੀਵਾਂ ਬੋਲ ਮੂਹੋਂ ਨਿੱਕਲ ਗਿਆ ਹੋਵੇ ਤਾਂ ਮਨ ‘ਚ ਨਾ ਰੱਖਣਾ। ਸਿਆਣਿਆਂ ਨੇ ਵੀ ਕਿਹਾ ਹੈ - ਸੱਜਣ ਛੋੜੀਏ ਰੰਗ ਸਿਉ ਬਹੁੜ ਭੀ ਆਵੇ ਕੰਮ।”
6.ਸਵੈ ਭਰੋਸਾ ਵੱਡਾ ਤੋਸਾ (ਆਪਣੇ ਆਪ ‘ਤੇ ਕੀਤਾ ਵਿਸ਼ਵਾਸ ਬਹੁਤ ਵੱਡੀ ਤਾਕਤ ਹੁੰਦਾ ਹੈ): ਕੋਰੋਨਾ ਕਾਰਨ ਲਗਾਏ ਗਏ ਕਰਫਿਊ ‘ਚ ਬੇਵਜ੍ਹਾ ਪਰੇਸ਼ਾਨ ਨਾ ਹੋਵੋ, ਮਾਹਿਰਾਂ ਦੀ ਰਾਇ ਦੀ ਪਾਲਣਾ ਕਰੋ ਅਤੇ ਆਪਣਾ ਸਵੈ-ਵਿਸ਼ਵਾਸ ਬਣਾਈ ਰੱਖੋ। ਯਾਦ ਰੱਖੋ, “ਸਵੈ ਭਰੋਸਾ ਵੱਡਾ ਤੋਸਾ”।
7.ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ (ਬਹੁਤਾ ਨੁਕਸਾਨ ਬਚਾਉਣ ਹਿਤ ਥੋੜ੍ਹਾ ਨੁਕਸਾਨ ਜਰਨਾ): ਕੋਰੋਨਾ ਕਾਰਨ ਲਗਾਏ ਗਏ 21 ਦਿਨਾਂ ਦੇ ਕਰਫਿਊ ਕਾਰਨ ਜਦੋਂ ਹਲਵਾਈ ਨੂੰ ਦੁਕਾਨ ਬੰਦ ਕਰਨ ਦਾ ਸੁਨੇਹਾ ਅਇਆ ਤਾਂ ਉਸ ਨੇ ਆਪਣੇ ਪੁੱਤ ਨੂੰ ਕਿਹਾ, “ਦਿਨੇਸ਼, ਕਿਸੇ ਆਸ਼ਰਮ ਨਾਲ ਗੱਲ ਕਰ ਲੈ, ਜੇ ਇਹ ਮਠਿਆਈਆਂ ਅੱਧੇ ਕੁ ਭਾਅ ‘ਚ ਵੀ ਕੋਈ ਲੈ ਲਵੇ ਤਾਂ ਦੇ ਛੱਡੋ, ਨਹੀਂ ਤਾਂ 21 ਦਿਨਾਂ ‘ਚ ਇਹ ਖ਼ਰਾਬ ਹੀ ਹੋ ਜਾਣਗੀਆਂ”। ਅੱਗੋਂ ਦਿਨੇਸ਼ ਨੇ ਵੀ ਹਾਂ ‘ਚ ਹਾਂ ਮਿਲਾਉਂਦਿਆਂ ਕਿਹਾ, “ਆਹੋ ਜੀ, ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ”।
8.ਹੱਥ ਨੂੰ ਹੱਥ ਧੋਂਦਾ ਹੈ (ਇੱਕ ਦੂਜੇ ਦਾ ਫਾਇਦਾ ਕਰਨਾ): ਕੋਰੋਨਾ ਕਾਰਨ ਲਗਾਏ ਗਏ ਕਰਫਿਊ ‘ਚ ਜਦੋਂ ਚੌਂਕ ‘ਚ ਖੜ੍ਹੇ ਪੁਲਿਸ ਵਾਲਿਆਂ ਲਈ ਅਸੀਂ ਦੁਪਹਿਰ ਦਾ ਖਾਣਾ ਲੈ ਕੇ ਗਏ ਤਾਂ ਉਹ ਅਹਿਸਾਨ ਮੰਦ ਜਿਹੇ ਹੋਣ ਲੱਗੇ। ਸਾਡੇ ਟੀਮ-ਲੀਡਰ ਨੇ ਕਿਹਾ, “ਜੀ, ਇਹ ਤਾਂ ਹੱਥ ਨੂੰ ਹੱਥ ਧੋਂਦਾ ਹੈ। ਤੁਸੀਂ ਲੋਕ ਸਾਡੀ ਰੱਖਿਆ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਖਾਣਾ ਵੀ ਨਾ ਖੁਆਈਏ?”
9.ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ (ਚੰਗੇ ਕੰਮ ‘ਚ ਦੇਰੀ ਨਹੀਂ ਕਰਨੀ ਚਾਹੀਦੀ): ਜਦੋਂ ਸਾਡੇ ਸਰਪੰਚ ਨੇ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਦੌਰਾਨ ਲਾਚਾਰ ਲੋਕਾਂ ਨੂੰ ਦਾਣੇ ਵੰਡਣ ਦੀ ਯੋਜਨਾ ਬਨਾਉਣੀ ਸ਼ੁਰੂ ਕੀਤੀ ਤਾਂ ਕੁਝ ਬਜ਼ੁਰਗ ਕਹਿ ਉੱਠੇ, “ਸਰਪੰਚ ਸਾਹਿਬ ਇਸ ਨੇਕ ਕੰਮ ‘ਚ ਹੁਣ ਦੇਰ ਨਾ ਕਰੋ। ਅਖੇ - ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।
10.ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ (ਰੀਸੋ ਰੀਸ ਕੰਮ ਕਰਨਾ): ਜਦੋਂ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਦੌਰਾਨ ਮੈਂ ਆਪਣੇ ਦੋਸਤਾਂ ਨਾਲ ਲਾਚਾਰ ਲੋਕਾਂ ਨੂੰ ਦਾਣੇ ਵੰਡਣ ਦੀ ਯੋਜਨਾ ਬਨਾਉਣੀ ਸ਼ੁਰੂ ਕੀਤੀ ਤਾਂ ਮੇਰਾ ਭਰਾ ਕਹਿ ਉੱਠਿਆ, “ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ, ਇਸ ਦੇ ਨਾਲ ਦੇ ਨੌਜਵਾਨ ਟੋਲੀਆਂ ਬਣਾ ਕੇ ਪਰਸੋਂ ਤੋਂ ਹੀ ਸੇਵਾ ਕਰ ਰਹੇ ਹਨ”।
11.ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ (ਨਿਰਾਸ਼ਾ ਭਰੇ ਸਮੇਂ ‘ਚ ਕੇਵਲ ਆਪਣੀ ਭਲਾਈ ਬਾਰੇ ਹੀ ਸੋਚਣਾ): ਕੋਰੋਨਾ ਕਾਰਨ ਮਰੀਜ਼ਾਂ ਦੀ ਗਿਣਤੀ ਵਧਣ ਦੀਆਂ ਖ਼ਬਰਾਂ ਰੋਜ਼ ਆਉਣ ਲੱਗੀਆਂ ਤਾਂ ਮੇਰੇ ਦਾਦੀ ਜੀ ਮੇਰੇ ਦਾਦਾ ਜੀ ਨੂੰ ਨਿੱਤ ਨਵੀਆਂ ਖੁਰਾਕਾਂ ਦੇਣ ਲੱਗੇ। ਰੋਕਣ ‘ਤੇ ਉਨ੍ਹਾਂ ਝੱਟ ਕਹਿ ਦਿੱਤਾ, “ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ”।
12.ਗ਼ਰੀਬ ਦੀ ਜੁਆਨੀ ਤੇ ਪੋਹ ਦੀ ਚਾਨਣੀ ਐਵੇਂ ਲੰਘ ਜਾਂਦੀ ਹੈ (ਕਿਸੇ ਘਟਨਾ ਦਾ ਬਿਨਾ ਵੱਡੀ ਹਲਚਲ ਦੇ ਲੰਘ ਜਾਣਾ): ਕੋਰੋਨਾ ਫੈਲਣ ‘ਤੇ ਜਦੋਂ ਪੰਜਾਬ ਅੰਦਰ ਸਾਰੀਆਂ ਗਤੀਵਿਧੀਆਂ ਬੰਦ ਹੋ ਗਈਆਂ ਤਾਂ ਦੂਜੇ ਰਾਜਾਂ ਤੋਂ ਆਏ ਮਜ਼ਬੂਰ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ। ਜਦੋਂ ਹੈਰਾਨ ਹੋਏ ਕੁਝ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹਨਾਂ ਦੀ ਗ਼ੈਰ-ਹਾਜ਼ਰੀ ‘ਚ ਪੰਜਾਬ ਦਾ ਕੀ ਬਣੂ ਤਾਂ ਉਨ੍ਹਾਂ ਦੇ ਮੁਖੀ ਨੇ ਝੱਟ ਕਹਿ ਦਿੱਤਾ, “ਬਾਬੂ ਜੀ, ਗਰੀਬ ਦੀ ਜੁਆਨੀ ਤੇ ਪੋਹ ਦੀ ਚਾਨਣੀ ਤਾਂ ਐਵੇਂ ਈ ਲੰਘ ਜਾਂਦੀ ਹੈ”।
13.ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ (ਬਚਣ ਲਈ ਕਿਤੇ ਚਲੇ ਜਾਣਾ ਪਰ ਉੱਥੇ ਜਾ ਕੇ ਕਿਸੇ ਨਵੀਂ ਮੁਸੀਬਤ ‘ਚ ਫਸ ਜਾਣਾ): ਮੇਰਾ ਚਚੇਰਾ ਭਰਾ ਐਥੇ ਡਾਕਟਰੀ ਦੀ ਪੜ੍ਹਾਈ ਲਈ ਦਾਖ਼ਲਾ ਨਾ ਲੈ ਸਕਿਆ ਤਾਂ ਮਾਪਿਆਂ ਨੂੰ ਮਨਾ ਕੇ ਓਸ ਨੇ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਦਾਖ਼ਲਾ ਲੈ ਲਿਆ। ਅਜੇ ਓਥੇ ਗਏ ਨੂੰ ਮਹੀਨਾ ਕੁ ਈ ਹੋਇਆ ਸੀ ਕਿ ਕਰੋਨਾ ਫੈਲਣ ਕਾਰਨ ਚੀਨ ਵਾਲਿਆਂ ਨੇ ਸਾਰੇ ਵਿਦੇਸ਼ੀ ਬੱਚੇ ਵਾਪਸ ਭੇਜ ਦਿੱਤੇ। ਉਸ ਬੇਚਾਰੇ ਨਾਲ ਤਾਂ ਓਹ ਗੱਲ ਹੋਈ ਅਖੇ ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ।
14.ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ (ਚੀਜ਼ ਥੋੜ੍ਹੀ ਪਰ ਮੰਗ ਜ਼ਿਆਦਾ ਹੋਣਾ): ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਦੋਂ ਢਿੱਲ ਮਿਲੀ ਤਾਂ ਬਰਖੇ ਦੀ ਹੱਟੀ ‘ਤੇ 4 ਦੁਕਾਨਾਂ ਜਿੰਨੀ ਭੀੜ੍ਹ ਜਮ੍ਹਾਂ ਹੋ ਗਈ। ਮੇਰੇ ਮੂੰਹੋਂ ਨਿੱਕਲ ਗਿਆ, “ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ”।
15.ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ (ਰੀਸੋ ਰੀਸ ਕੰਮ ਕਰਨਾ): ਜਦੋਂ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਦੌਰਾਨ ਮੈਂ ਆਪਣੇ ਦੋਸਤਾਂ ਨਾਲ ਲਾਚਾਰ ਲੋਕਾਂ ਨੂੰ ਦਾਣੇ ਵੰਡਣ ਦੀ ਯੋਜਨਾ ਬਨਾਉਣੀ ਸ਼ੁਰੂ ਕੀਤੀ ਤਾਂ ਮੇਰਾ ਭਰਾ ਕਹਿ ਉੱਠਿਆ, “ਹੱਥ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ, ਇਸ ਦੇ ਨਾਲ ਦੇ ਨੌਜਵਾਨ ਟੋਲੀਆਂ ਬਣਾ ਕੇ ਪਰਸੋਂ ਤੋਂ ਹੀ ਸੇਵਾ ਕਰ ਰਹੇ ਹਨ”।
16.ਚਾਹੇ ਛੁਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੁਰੀ ਉੱਤੇ, ਨੁਕਸਾਨ ਖ਼ਰਬੂਜੇ ਦਾ (ਵਰਤਾਰਾ ਸਿੱਧਾ ਹੋਵੇ ਜਾਂ ਪੁੱਠਾ, ਨੁਕਸਾਨ ਇੱਕ ਦਾ ਹੋਣਾ ਤੈਅ ਹੋਣਾ): ਜਦੋਂ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਨੂੰ ਤੁੜਵਾਉਣ ਸਬੰਧੀ ਵਿਰੋਧੀ ਪਾਰਟੀਆਂ ਤਰਕੀਬ ਬਣਾ ਰਹੀਆਂ ਸਨ ਤਾਂ ਇੱਕ ਸਿਆਣਾ ਬੋਲ ਪਿਆ, “ਭਾਈ ਚਾਹੇ ਛੁਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੁਰੀ ਉੱਤੇ, ਨੁਕਸਾਨ ਖ਼ਰਬੂਜੇ ਦਾ। ਇਸ ਸਥਿਤੀ ‘ਚ ਕਰਫਿਊ ਚਾਹੇ ਸਰਕਾਰ ਖੋਲ੍ਹੇ ਤੇ ਚਾਹੇ ਆਪਾਂ ਖੁਲ੍ਹਵਾਈਏ ਨੁਕਸਾਨ ਲੋਕਾਂ ਦਾ ਈ ਹੋਣੈ, ਸੋ ਅਜੇ ਇੰਤਜ਼ਾਰ ਕਰੋ”।
17.ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ (ਜਦ ਕਿਸੇ ਨਾਲ ਵਰਤੀਦਾ ਹੈ ਤਾਂ ਹੀ ਉਸ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ): ਗੁਰਪ੍ਰੀਤ ਹੋਰਾਂ ਨੂੰ ਮੈਂ ਆਮ ਵਪਾਰੀਆਂ ਵਾਂਗ ਹੀ ਮੰਨਦਾ ਹੁੰਦਾ ਸੀ ਪਰ ਜਦੋਂ ਕੋਰੋਨਾ ਕਾਰਨ ਲਗਾਏ ਗਏ ਕਰਫਿਊ ਦੌਰਾਨ ਮੈਂ ਉਨ੍ਹਾਂ ਨੂੰ ਰੋਜ਼ ਆਪਣੇ ਵਪਾਰਕ ਅਦਾਰੇ ਵੱਲੋਂ ਲਾਚਾਰ ਲੋਕਾਂ ਵਿਚਕਾਰ ਰਾਸ਼ਨ-ਪਾਣੀ ਵੰਡਦੇ ਦੇਖਿਆ ਤਾਂ ਮੈਂ ਕਿਹਾ, “ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ”।
18.ਜੇ ਗੁੜ ਖਵਾਏ ਮਰੇ ਤਾਂ ਵਿਹੁ ਦੇਣ ਦੀ ਕੀ ਲੋੜ ਏ (ਜੇ ਕੰਮ ਸੌਖੇ ਤਰੀਕੇ ਨਾਲ ਹੋ ਜਾਏ ਤਾਂ ਔਖਾ ਤਰੀਕਾ ਵਰਤਣ ਦੀ ਲੋੜ ਨਹੀਂ ਹੁੰਦੀ): ਕੋਰੋਨਾ ਕਾਰਨ ਲਗਾਏ ਗਏ ਕਰਫਿਊ ‘ਚ ਮੋਟਰਸਾਈਕਲਾਂ ‘ਤੇ ਬੇਵਜ੍ਹਾ ਘੁੰਮ ਰਹੇ ਮੁੰਡਿਆਂ ਨੂੰ ਫੜ ਕੇ ਜਦੋਂ ਪੁਲਿਸ ਵਾਲੇ ਨੇ ਚਪੇੜਾਂ ਜੜਣ ਦੀ ਤਿਆਰੀ ਕੀਤੀ ਤਾਂ ਉਨ੍ਹਾਂ ਦਾ ਅਫਸਰ ਕਹਿਣ ਲੱਗਾ ਕਿ ਇਨ੍ਹਾਂ ਨੂੰ ਇਸ ਵਾਰੀ ਸਮਝਾ ਦਿੰਦੇ ਆਂ, ਸ਼ਾਇਦ ਇਨ੍ਹਾਂ ਦੇ ਖਾਨੇ ਵੜ ਹੀ ਜਾਵੇ। ਸਕੂਲ ‘ਚ ਸਾਡੇ ਅਧਿਆਪਕ ਦੱਸਦੇ ਹੁੰਦੇ ਸਨ ਕਿ ਜੇ ਗੁੜ ਖਵਾਏ ਮਰੇ ਤਾਂ ਵਿਹੁ ਦੇਣ ਦੀ ਕੀ ਲੋੜ ਏ।
19.ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ (ਮਿਹਨਤ ਕਰਨ/ਔਖ ਕੱਟਣ ਵਾਲੇ ਹੀ ਆਖਰ ‘ਚ ਫਾਇਦੇ ‘ਚ ਰਹਿੰਦੇ ਹਨ): ਕੋਰੋਨਾ ਕਾਰਨ ਸਕੂਲ ਬੰਦ ਕਰ ਦਿੱਤੇ ਹੋਣ ਕਾਰਨ ਅਧਿਆਪਕ ਫੋਨਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਪਰ ਸਾਡੀ ਜਮਾਤ ਦੇ ਕੁਝ ਬੱਚੇ ਧਿਆਨ ਈ ਨਾ ਦਿੰਦੇ। ਸਾਡੇ ਮੁੱਖ-ਅਧਿਆਪਕ ਜੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਮਿਹਨਤ ਕਰਨ ਵਾਲੇ ਹੀ ਅੱਗੇ ਚੱਲ ਕੇ ਸੁੱਖ ਪਾਉਂਦੇ ਨੇ। ਅਖੇ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ।
20.ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ (ਆਪਣਾ ਭਾਵੇਂ ਰੁੱਸ ਜਾਵੇ ਪਰ ਔਖੇ ਵੇਲੇ ਕੰਮ ਉਹ ਹੀ ਆਉਂਦਾ ਹੈ): ਕੋਰੋਨਾ ਕਾਰਨ ਲਗਾਏ ਗਏ ਕਰਫਿਊ ‘ਚ ਜਦੋਂ ਗੁਰਨਾਮ ਹੋਰਾਂ ਦੇ ਘਰ ਰਾਸ਼ਨ ਮੁੱਕ ਗਿਆ ਤਾਂ ਉਸ ਦਾ ਵੱਡਾ ਭਰਾ, ਜੋ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਬੋਲਦਾ ਵੀ ਨਹੀਂ ਹੁੰਦਾ ਸੀ, ਉਸ ਦੇ ਘਰ ਰਾਸ਼ਨ ਲੈ ਕੇ ਆ ਗਿਆ। ਹੈਰਾਨੀ ਨਾਲ ਦੇਖਦੇ ਗੁਰਨਾਮ ਨੂੰ ਉਸ ਨੇ ਕਿਹਾ, “ਕੋਈ ਨਾ ਗੁਰਨਾਮ, ਟੁੱਟੀਆਂ ਬਾਹਾਂ ਗਲ ਨੂੰ ਈ ਆਉਂਦੀਆਂ ਹਨ”।

ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ
98761 - 35823

Harnek Seechewal

This news is Content Editor Harnek Seechewal