ਗੁੰਝਲਦਾਰ ਬਣਿਆ ਸ਼ਿਲੌਂਗ ''ਚ ''ਪੰਜਾਬੀਆਂ ਦੇ ਉਜਾੜੇ'' ਦਾ ਮਾਮਲਾ

06/05/2019 12:04:35 PM

ਚੰਡੀਗੜ੍ਹ : ਸ਼ਿਲੌਂਗ 'ਚ ਪੰਜਾਬੀਆਂ ਦੇ ਉਜਾੜੇ ਦਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਕਿਉਂਕਿ ਮੇਘਾਲਿਆ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਬਣੀ ਹੈ, ਜਿਸ ਦੀਆਂ ਹਦਾਇਤਾਂ 'ਤੇ ਮਿਊਂਸੀਪਲ ਬੋਰਡ ਨੇ 300 ਤੋਂ ਵੱਧ ਪੰਜਾਬੀ ਪਰਿਵਾਰਾਂ ਨੂੰ ਆਪਣੀਆਂ ਰਿਹਾਇਸ਼ੀ ਤੇ ਵਪਾਰਕ ਥਾਵਾਂ ਦੀ ਮਾਲਕੀ ਸਾਬਤ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਹਨ। ਸ਼ਿਲੌਂਗ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਵਤੀਰੇ ਕਾਰਨ ਮਾਮਲਾ ਬੇਹੱਦ ਗੰਭੀਰ ਬਣ ਗਿਆ ਹੈ।

ਜ਼ਮੀਨ ਖਾਲੀ ਕਰਵਾਉਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਵਕੀਲ ਵਲੋਂ ਮਿਊਂਸੀਪਲ ਬੋਰਡ ਨੂੰ ਕਾਨੂੰਨੀ ਨੋਟਿਸ ਤਾਂ ਭੇਜਿਆ ਗਿਆ ਹੈ ਪਰ ਤਣਾਅ ਘੱਟ ਨਹੀਂ ਰਿਹਾ ਅਤੇ ਕਾਲੋਨੀ ਦੇ ਦੋਵੇਂ ਪਾਸੇ ਸੀ. ਆਰ. ਪੀ. ਐੱਫ. ਦਾ ਪਹਿਰਾ ਹੈ। ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਹਾਈਕੋਰਟ ਦੇ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਸੀ ਕਿ ਜਿਸ ਥਾਂ 'ਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ, ਉਸ ਜ਼ਮੀਨ ਸਬੰਧੀ ਜੋ ਵਿਵਾਦ ਹੈ, ਇਸ ਸਬੰਧੀ ਹੇਠਲੀ ਅਦਾਲਤ 'ਚ ਦੀਵਾਨੀ ਕੇਸ ਦਾਇਰ ਕੀਤਾ ਜਾਵੇ। ਗੁਰਜੀਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਹਾਈਕੋਰਟ ਦੇ ਹੁਕਮਾਂ 'ਚ ਇਹ ਵੀ ਸਪੱਸ਼ਟ ਸੀ ਕਿ ਦੀਵਾਨੀ ਕੇਸ ਦੇ ਫੈਸਲੇ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇ। 
 

Babita

This news is Content Editor Babita