ਨੂੰਹ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ ਕਿ ਵਿਦੇਸ਼ੋਂ ਆਈ ਪੁੱਤ ਦੀ ਮੌਤ ਦੀ ਖਬਰ

07/09/2017 7:39:14 AM

ਜ਼ੀਰਾ/ਆਸਟਰੇਲੀਆ ,(ਕੰਡਿਆਲ, ਗੁਰਮੇਲ, ਅਕਾਲੀਆਂ ਵਾਲਾ)— ਬਹੁਤ ਸਾਰੇ ਪੰਜਾਬੀ ਰੋਜ਼ੀ-ਰੋਟੀ ਦੀ ਭਾਲ 'ਚ ਵਿਦੇਸ਼ ਗਏ ਹੋਏ ਹਨ ਪਰ ਕੁਝ ਬਦਨਸੀਬ ਅਜਿਹੇ ਹੁੰਦੇ ਨੇ ਜੋ ਮੁੜ ਘਰ ਤੁਰ ਕੇ ਨਹੀਂ ਲਾਸ਼ ਬਣ ਕੇ ਆਉਂਦੇ ਹਨ। ਜ਼ੀਰਾ ਨੇੜਲੇ ਪਿੰਡ ਤਲਵੰਡੀ ਜੱਲੇ ਖਾਂ ਦੇ ਪਿੰਡ 'ਚ ਸੋਗ ਦੀ ਲਹਿਰ ਹੈ, ਕਿਉਂਕਿ ਇੱਥੋਂ ਦੇ ਜੰਮ ਪਲ 25 ਸਾਲਾ ਸ਼ਰਨਪ੍ਰੀਤ ਸਿੰਘ ਦੀ ਆਸਟਰੇਲੀਆ 'ਚ ਇਕ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਸੂਤਰਾਂ ਮੁਤਾਬਕ ਇੱਥੇ ਵੈਨ ਤੇ ਟਰਾਲੇ ਦੇ ਟਕਰਾ ਜਾਣ ਕਾਰਨ ਸ਼ਰਨਜੀਤ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸ਼ਰਨਪ੍ਰੀਤ ਸਿੰਘ (25) ਪੁੱਤਰ ਪਰਮਿੰਦਰਪਾਲ ਸਿੰਘ ਨੰਬਰਦਾਰ ਤਲਵੰਡੀ ਜੱਲੇ ਖ਼ਾਂ ਬੀਤੇ ਲਗਭਗ 4 ਸਾਲਾਂ ਤੋਂ ਆਸਟਰੇਲੀਆ ਗਿਆ ਹੋਇਆ ਸੀ ਤੇ 5 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮੋਹਾਲੀ ਦੀ ਮਨਪ੍ਰੀਤ ਕੌਰ ਨਾਲ 8 ਫਰਵਰੀ 2017 ਨੂੰ ਉਹ ਵਿਆਹ ਦੇ ਬੰਧਨ 'ਚ ਬੱਝਾ ਸੀ ਪਰ ਉਹ ਕੀ ਜਾਣਦਾ ਸੀ ਕਿ ਉਸ ਦੇ ਸਾਹਾਂ ਦੀਆਂ ਤੰਦਾਂ ਟੁੱਟ ਜਾਣਗੀਆਂ ਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਵੇਗਾ। ਘਟਨਾ ਦੀ ਖਬਰ ਮਿਲਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ, ਰਾਜ ਕੁਮਾਰ (ਜੀਜਾ), ਦੋਸਤ ਕੁਲਬੀਰ ਟਿੰਮੀ ਆੜਤੀਆ, ਸੁਖਚੈਨ ਸਿੰਘ ਬਰਾੜ ਫੇਰੋਕੇ, ਸਰਪੰਚ ਗੁਰਿੰਦਰਪਾਲ ਸਿੰਘ, ਜਸਵਿੰਦਰ ਪਾਲ ਸਿੰਘ (ਸਾਬਕਾ ਸਰਪੰਚ), ਸੰਦੀਪ ਸਿੰਘ, ਬਰਇੰਦਰਪਾਲ ਸਿੰਘ, ਅਮਨਦੀਪ ਸਿੰਘ, ਸ਼ਿੰਗਾਰਾ ਸਿੰਘ ਆਦਿ ਨੇ ਉਸ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ। 
ਮ੍ਰਿਤਕ ਦੇ ਉਕਤ ਰਿਸ਼ਤੇਦਾਰ ਅਤੇ ਦੋਸਤਾਂ ਨੇ ਦੱਸਿਆ ਕਿ ਸ਼ਰਨਪ੍ਰੀਤ ਦੀ ਲਾਸ਼ ਲਿਆਉਣ ਲਈ ਯਤਨ ਜਾਰੀ ਹਨ। ਇਲਾਕੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।