ਇਟਲੀ 'ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ

12/27/2019 10:35:19 PM

ਜਲੰਧਰ/ਰੋਮ, (ਕੈਂਥ, ਮੁਨੀਸ਼, ਹੇਮੰਤ, ਛਾਬੜਾ )— ਉਂਝ ਤਾਂ ਸਾਲ 2019 ਪੂਰੀ ਇਟਲੀ ਲਈ ਮਾੜਾ ਰਿਹਾ ਪਰ ਪੰਜਾਬੀਆਂ ਲਈ ਵੀ ਕਿਸੇ ਅਣਹੋਣੀ ਤੋਂ ਘਟ ਨਹੀਂ ਰਿਹਾ। ਇਸ ਲੜੀ ਤਹਿਤ ਸ਼ੁਕੱਰਵਾਰ ਇਕ ਹੋਰ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਅੱਟਾ, ਤਹਿਸੀਲ ਗੁਰਾਇਆ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀ ਮੌਤ ਹੋ ਗਈ। ਜੋ ਕਿ ਪਿਛਲੇ 5 ਸਾਲ ਤੋਂ ਇਟਲੀ 'ਚ ਹੱਡਭੰਨਵੀਂ ਮਿਹਨਤ ਨਾਲ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣਿਆ ਹੋਇਆ ਸੀ। ਜਾਣਕਾਰੀ ਮੁਤਾਬਕ ਸਰਬਜੀਤ ਉਸ ਸਮੇਂ ਹੋਣੀ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਡੇਅਰੀ ਫਾਰਮ 'ਚ ਕੰਮ ਕਰ ਰਿਹਾ ਸੀ। ਪਸ਼ੂਆਂ ਲਈ ਚਾਰਾ ਬਣਾਉਣ ਵਾਲੀ ਮਸ਼ੀਨ 'ਚ ਕੰਮ ਕਰਦਿਆਂ ਅਚਾਨਕ ਉਹ ਮਸ਼ੀਨ ਦੀ ਲਪੇਟ 'ਚ ਆ ਗਿਆ, ਜਿਸ ਕਾਰਣ ਉਸ ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਤਾਇਆ ਅਮਰੀਕ ਸਿੰਘ ਮੱਲ੍ਹੀ ਅਤੇ ਤਾਈ ਸੀਸੋ ਮੱਲ੍ਹੀ ਨੇ ਦੱਸਿਆ ਕਿ ਸਰਬਜੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਕਰੀਬ 5 ਸਾਲ ਪਹਿਲਾਂ ਇਟਲੀ 'ਚ ਗਿਆ ਸੀ। ਉਸ ਦੇ ਪਿਤਾ ਵੀ ਇਟਲੀ 'ਚ ਹੀ ਰਹਿੰਦੇ ਹਨ। ਜੋ ਦੋਵੇਂ ਵੱਖ-ਵੱਖ ਸ਼ਹਿਰਾਂ 'ਚ ਡੇਅਰੀ ਦਾ ਕੰਮ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਉਸ ਦੀ ਮਾਂ ਹਰਜੀਤ ਕੌਰ ਦਾ ਵਿਦੇਸ਼ ਦਾ ਕੰਮ ਨਾ ਬਣਨ ਕਾਰਨ ਇਕੱਲੀ ਇਥੇ ਰਹਿ ਗਈ ਸੀ, ਜੋ ਆਪਣੇ ਪੇਕੇ ਕਰਤਾਰਪੁਰ ਦੇ ਪਿੰਡ ਸਰਾਏ 'ਚ ਰਹਿ ਰਹੀ ਸੀ। ਆਪਣੀ ਮਾਂ ਦਾ ਵਿਦੇਸ਼ ਦਾ ਕੰਮ ਬਣਾਉਣ ਲਈ ਸਰਬਜੀਤ ਪੇਪਰ ਵਰਕ ਤਿਆਰ ਕਰਵਾ ਰਿਹਾ ਸੀ। ਉਸ ਦੇ ਪਿਤਾ ਪਿੰਡ ਵਿਚ ਹੀ ਰੁਕੇ ਹੋਏ ਸਨ। ਉਨ੍ਹਾਂ ਨੂੰ ਦੋ ਦਿਨ ਪਹਿਲਾਂ ਸਰਬਜੀਤ ਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਚਾਰਾ ਮਸ਼ੀਨ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਉਸ ਦੇ ਪਿਤਾ ਤੁਰੰਤ ਇਟਲੀ ਲਈ ਰਵਾਨਾ ਹੋ ਗਏ। ਤਾਇਆ ਅਮਰੀਕ ਸਿੰਘ ਨੇ ਕਿਹਾ ਕਿ ਇਟਲੀ 'ਚ ਉਸ ਦੇ ਪਿਤਾ ਕੁਲਵਿੰਦਰ ਪੁਲਸ ਕਾਰਵਾਈ ਕਰਵਾ ਰਹੇ ਹਨ । ਪਰਿਵਾਰ ਦੀ ਮੰਗ ਹੈ ਕਿ ਸਰਬਜੀਤ ਦੀ ਮੌਤ ਦੀ ਜਾਂਚ ਪੁਲਸ ਵਲੋਂ ਡੂੰਘਾਈ ਨਾਲ ਕੀਤੀ ਜਾਵੇ।

KamalJeet Singh

This news is Content Editor KamalJeet Singh