ਸੂਬੇ ਦੀਆਂ ਸਾਰੀਆਂ ਦੁਕਾਨਾਂ ਅਤੇ ਹੋਰ ਸੰਸਥਾਨਾਂ ਦੇ ਬੋਰਡ ਪੰਜਾਬੀ 'ਚ ਹੋਣਗੇ ਲਾਜ਼ਮੀ

11/08/2019 12:11:26 PM

ਚੰਡੀਗੜ੍ਹ (ਰਮਨਜੀਤ)— ਪੰਜਾਬ ਰਾਜ 'ਚ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਮਾਣ-ਸਨਮਾਨ ਦੇਣ ਦੀ ਵਿਧਾਇਕਾਂ ਵਲੋਂ ਚੁੱਕੀ ਜਾ ਰਹੀ ਮੰਗ 'ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਦਨ ਨੂੰ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਇਸ ਸਬੰਧੀ ਐਕਟ 'ਚ ਸੋਧ ਕੀਤੀ ਜਾਵੇਗੀ। ਇਸ ਤੋਂ ਬਾਅਦ ਰਾਜ 'ਚ ਹਰ ਦੁਕਾਨ, ਵਿੱਦਿਅਕ ਸੰਸਥਾਨਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਵਪਾਰਕ ਅਤੇ ਪੇਸ਼ਾਵਰਾਨਾ ਸੰਸਥਾਨਾਂ ਨੂੰ ਸਾਈਨ ਬੋਰਡ 'ਤੇ ਸਭ ਤੋਂ ਉਤੇ ਗੁਰਮੁਖੀ ਸਕ੍ਰਿਪਟ ਭਾਵ ਪੰਜਾਬੀ 'ਚ ਸੂਚਨਾ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਬਾਅਦ ਉਕਤ ਸੰਸਥਾਨ ਆਪਣੀ ਮਨਪਸੰਦ ਜਾਂ ਜ਼ਰੂਰਤ ਮੁਤਾਬਿਕ ਕਿਸੇ ਵੀ ਹੋਰ ਭਾਸ਼ਾ ਦਾ ਇਸਤੇਮਾਲ ਕਰ ਸਕਣਗੇ। ਸਦਨ ਨੂੰ ਭਰੋਸਾ ਦਿੰਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਪਹਿਲਾਂ ਤੋਂ ਹੀ ਪੰਜਾਬੀ ਭਾਸ਼ਾ ਐਕਟ ਲਾਗੂ ਹੈ ਪਰ ਇਸ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਜਿਹੇ ਰਾਜਾਂ ਦੇ ਸਬੰਧਤ ਕਾਨੂੰਨਾਂ ਦੀ ਸਟੱਡੀ ਅਤੇ ਸਮੀਖਿਆ ਕਰਨ ਲਈ ਕਿਹਾ ਹੈ ਤਾਂ ਕਿ ਸਾਡੇ ਐਕਟ 'ਚ ਜ਼ਰੂਰੀ ਸੋਧ ਕੀਤੀ ਜਾ ਸਕੇ।

ਵਿਧਾਨ ਸਭਾ ਸੈਸ਼ਨ ਤੋਂ ਬਾਅਦ ਤ੍ਰਿਪਤ ਬਾਜਵਾ ਨੇ ਕਿਹਾ ਕਿ ਉਕਤ ਸੋਧ ਲਾਗੂ ਹੋਣ ਤੋਂ ਬਾਅਦ ਸਾਰੇ ਸਾਈਨ ਬੋਰਡਾਂ ਨੂੰ ਪੰਜਾਬੀ (ਗੁਰਮੁਖੀ) 'ਚ ਲਿਖਣਾ ਲਾਜ਼ਮੀ ਕੀਤਾ ਜਾਵੇਗਾ। ਇਹ ਨਿਯਮ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸੰਸਥਾਨਾਂ ਸਾਰਿਆਂ 'ਤੇ ਲਾਗੂ ਹੋਵੇਗਾ। ਇਸ ਨਿਯਮ ਦੇ ਤਹਿਤ ਸਾਈਨ ਬੋਰਡ 'ਚ ਪਹਿਲੀ ਭਾਸ਼ਾ ਪੰਜਾਬੀ ਹੋਣਾ ਜ਼ਰੂਰੀ ਹੋਵੇਗਾ, ਉਸ ਦੇ ਹੇਠਾਂ ਅੰਗਰੇਜ਼ੀ ਅਤੇ ਹਿੰਦੀ ਜਾਂ ਹੋਰ ਕਿਸੇ ਵੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਲਈ ਪਹਿਲਾਂ ਤੋਂ ਹੀ ਵੱਡੇ ਪੱਧਰ 'ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

Shyna

This news is Content Editor Shyna