ਸਮੁੰਦਰੀ ਜਹਾਜ਼ ''ਚ ਹੋਏ ਧਮਾਕੇ ਨੇ ਖੋਹਿਆ ਇਕਲੌਤਾ ਭਰਾ, ਭੈਣਾਂ ਦਾ ਰੋ-ਰੋ ਬੁਰਾ ਹਾਲ (ਵੀਡੀਓ)

08/20/2018 8:49:36 AM

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਰਹਿਣ ਵਾਲੇ ਨੌਜਵਾਨ ਹਰਦੀਪ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਹਰਦੀਪ ਸਿੰਘ ਦੀ ਮ੍ਰਿਤਕ ਦੇਹ ਜਿਵੇਂ ਹੀ ਪਿੰਡ ਪੁੱਜੀ ਤਾਂ ਹਰ ਪਾਸੇ ਸੋਗ ਫੈਲ ਗਿਆ, ਜਿਸ ਤੋਂ ਬਾਅਦ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਰਦੀਪ ਸਿੰਘ ਨੇ 3 ਸਾਲ ਪਹਿਲਾਂ ਹੀ ਮਰਚੈਂਟ ਨੇਵੀ 'ਚ ਨੌਕਰੀ ਜੁਆਇਨ ਕੀਤੀ ਸੀ ਤੇ ਹਾਲ ਹੀ 'ਚ ਜਨਵਰੀ ਮਹੀਨੇ ਛੁੱਟੀ ਕੱਟ ਕੇ ਵਾਪਸ ਆਪਣੀ ਕੰਪਨੀ 'ਚ ਚਲਾ ਗਿਆ ਸੀ। 
ਅਚਾਨਕ 14 ਅਗਸਤ ਨੂੰ ਕੰਪਨੀ ਦੇ ਇਕ ਫੋਨ ਨੇ ਪਰਿਵਾਰ ਦੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ। ਫੋਨ 'ਚ ਪਰਿਵਾਰ ਨੂੰ ਦੱਸਿਆ ਗਿਆ ਕਿ ਹਰਦੀਪ ਸਿੰਘ ਆਪਣੇ ਸਾਥੀਆਂ ਨਾਲ ਸਮੁੰਦਰੀ ਜਹਾਜ਼ ਰਾਹੀਂ ਜਦੋਂ ਮੁੰਬਈ ਤੋਂ ਮਸਕਟ ਵੱਲ ਜਾ ਰਿਹਾ ਸੀ ਤਾਂ ਅਚਾਨਕ ਜਹਾਜ਼ 'ਚੋਂ ਹੋਏ ਧਮਾਕੇ ਤੋਂ ਬਾਅਦ ਹਰਦੀਪ ਸਮੇਤ 3 ਨੌਜਵਾਨਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਤੇ ਬੀਤੇ ਦਿਨ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਹਰਦੀਪ ਦੀਆਂ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਇੰਤਜ਼ਾਰ ਕਰ ਰਹੀਆਂ ਸਨ ਪਰ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਹਰਦੀਪ ਦੇ ਪਿਤਾ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਨੂੰ ਬਚਪਨ ਤੋਂ ਹੀ ਨੇਵੀ 'ਚ ਜਾਣ ਦਾ ਸ਼ੌਂਕ ਸੀ। ਭਗਵਾਨ ਨੇ ਉਸ ਦੀ ਤਮੰਨਾ ਤਾਂ ਪੂਰੀ ਕਰ ਦਿੱਤੀ ਪਰ ਸਾਡੇ ਤੋਂ ਉਸ ਨੂੰ ਹਮੇਸ਼ਾ ਲਈ ਖੋਹ ਲਿਆ। ਹਰਦੀਪ ਦੀ ਮ੍ਰਿਤਕ ਦੇਹ ਨਾਲ ਆਏ ਕੰਪਨੀ ਅਧਿਕਾਰੀ ਨੇ ਦੱਸਿਆ ਕਿ ਬੀਤੀ 14 ਅਗਸਤ ਨੂੰ ਜਹਾਜ਼ 'ਚ ਮੈਂਟੇਨੈਂਸ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਸ 'ਚ ਹੋਏ ਧਮਾਕੇ ਦੌਰਾਨ ਹਰਦੀਪ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।