Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/09/2019 7:14:10 PM

ਜਲੰਧਰ (ਵੈੱਬ ਡੈਸਕ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਲਈ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਭਾਰਤ ਵਾਲੇ ਪਾਸੇ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕੀਤਾ ਗਿਆ। ਦੂਜੇ ਪਾਸੇ ਪਾਸੇ ਲਾਂਘੇ ਤੋਂ ਬਾਅਦ ਅੱਜ ਮੋਦੀ ਵੱਲੋਂ ਪਹਿਲਾਂ ਜੱਥਾ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵੱਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖਬਰਾਂ ਦੱਸਾਂਗੇ-

ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਤਸਵੀਰਾਂ)
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੁਲਤਾਨਪੁਰ ਲੋਧੀ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ।

ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦਾ ਦੁਆਰ, ਪੀ. ਐੱਮ. ਮੋਦੀ ਨੇ ਕੀਤਾ ਉਦਘਾਟਨ
72 ਸਾਲਾ ਤੋਂ ਸੰਗਤਾਂ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਅੱਜ ਪੂਰੀਆਂ ਹੋ ਗਈਆਂ ਹਨ, ਇਨ੍ਹਾਂ ਅਰਦਾਸਾਂ ਸਦਕਾ ਹੀ ਸ੍ਰੀ ਕਰਤਾਪੁਰ ਸਾਹਿਬ ਦਾ ਦੁਆਰ ਅੱਜ ਖੁੱਲ੍ਹ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਹੈ।

ਸਿੱਖੀ ਰੰਗ 'ਚ ਰੰਗੇ ਪ੍ਰਧਾਨ ਮੰਤਰੀ ਮੋਦੀ ਤੇ ਸੰਨੀ ਦਿਓਲ, ਬੰਨ੍ਹੀ 'ਦਸਤਾਰ'
ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਪੁੱਜੇ ਹੋਏ ਹਨ। ਉਨ੍ਹਾਂ ਦੇ ਨਾਲ ਹੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਮੌਜੂਦ ਹਨ। ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੰਨੀ ਦਿਓਲ ਸਿੱਖੀ ਰੰਗ 'ਚ ਰੰਗੇ ਹੋਏ ਦਿਖਾਈ ਦਿੱਤੇ। ਦੋਹਾਂ ਨੇ ਸਿਰ 'ਤੇ ਦਸਤਾਰ ਸਜਾਈ ਹੋਈ ਹੈ।

'ਮੋਦੀ' ਵਲੋਂ ਲਾਂਘਾ ਖੋਲ੍ਹਣ 'ਤੇ ਇਮਰਾਨ ਖਾਨ ਦਾ ਧੰਨਵਾਦ, 'ਯੂਨੈਸਕੋ' ਨੂੰ ਵੀ ਕਿਹਾ ਸ਼ੁਕਰੀਆ (ਵੀਡੀਓ)
ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਅਰਦਾਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਸਮੇਂ 'ਤੇ ਪੂਰਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਆ ਕੇ ਉਹ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝ ਰਹੇ ਹਨ।

ਖਾਲਸਾਈ ਝੰਡਾ ਲਹਿਰਾ ਕੇ ਪੀ. ਐੱਮ. ਮੋਦੀ ਨੇ ਪਹਿਲਾ ਜਥਾ ਕੀਤਾ ਰਵਾਨਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਖਾਲਸਾਈ ਝੰਡਾ ਲਹਿਰਾ ਕੇ ਡੇਰਾ ਬਾਬਾ ਨਾਨਕ ਚੈੱਕਪੋਸਟ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕੀਤਾ।

ਸਿੱਖਾਂ ਦੀ ਅਰਦਾਸ ਅੱਜ ਹੋਈ ਪੂਰੀ : ਕੈਪਟਨ
ਡੇਰਾ ਬਾਬਾ ਨਾਨਕ ਵਿਖੇ ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਿੱਖਾਂ ਦੀ 70 ਸਾਲਾਂ ਦੀ ਅਰਦਾਸ ਪੂਰੀ ਹੋਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਹੈ, ਜਿਸ ਦੇ ਸਦਕਾ ਅੱਜ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ।

ਪੰਗਤ 'ਚ ਬੈਠ ਕੇ ਪ੍ਰਧਾਨ ਮੰਤਰੀ ਮੋਦੀ ਨੇ ਛੱਕਿਆ ਲੰਗਰ (ਤਸਵੀਰਾਂ)
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਵਿਖੇ ਅੱਜ ਕਰਾਤਰਪੁਰ ਕੋਰੀਡੋਰ ਦਾ ਉਦਘਾਟਨ ਕਰਕੇ ਸਿੱਖ ਸੰਗਤਾਂ ਦੀ ਮੰਗ ਨੂੰ ਪੂਰਾ ਕੀਤਾ ਹੈ। ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਸਨ।

ਸਿੱਧੂ ਤੇ ਪਰਗਟ ਸਿੰਘ ਦੀ ਦੋਸਤੀ 'ਚ ਪਈ ਦਰਾਰ (ਤਸਵੀਰਾਂ)
ਸਿਆਸਤ 'ਚ ਉਂਝ ਤਾਂ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ, ਇਥੇ ਦੋਸਤੀਆਂ ਦੇ ਮਾਇਨੇ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਪਰਗਟ ਸਿੰਘ ਦੀ ਦੋਸਤੀ ਅਕਸਰ ਚਰਚਾ 'ਚ ਰਹੀ ਹੈ। ਦੋਵੇਂ ਅਕਸਰ ਇਕ-ਦੂਜੇ ਦੇ ਪੱਖ 'ਚ ਬੋਲਦੇ ਦਿਖਾਈ ਦਿੱਤੇ ਹਨ ਪਰ ਹੁਣ ਲੱਗਦਾ ਹੈ ਕਿ ਦੋਹਾਂ ਦੀ ਦੋਸਤੀ 'ਚ ਵੀ ਦਰਾਰ ਆ ਚੁੱਕੀ ਹੈ।

ਸੁਲਤਾਨਪੁਰ ਲੋਧੀ 'ਚ ਹਾਈਟੈੱਕ ਇੰਤਜ਼ਾਮ, ਪੁਲਸ ਮੁਲਾਜ਼ਮ ਵੀ ਹੋ ਰਹੇ ਟਰੇਸ (ਤਸਵੀਰਾਂ)
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਵੱਲੋਂ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ ਅਤੇ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਪੁਲਸ ਵੱਲੋਂ ਵੀ ਖਾਸ ਇੰਤਜਾਮ ਕੀਤੇ ਗਏ ਹਨ। 

...ਤਾਂ ਇਸ ਲਈ ਕਰਤਾਰਪੁਰ ਸਾਹਿਬ ਨਹੀਂ ਗਏ ਕੁਲਬੀਰ ਜੀਰਾ (ਵੀਡੀਓ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ ਸੰਗਤਾਂ ਦਾ ਇਕ ਜਥਾ ਪਾਕਿ ਲਈ ਰਵਾਨਾ ਹੋ ਚੁੱਕਾ ਹੈ, ਉਥੇ ਹੀ ਲਿਸਟ ਵਿਚ ਨਾਂ ਹੋਣ ਦੇ ਬਾਵਜੂਦ ਕੁਲਬੀਰ ਜੀਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਗਏ।