ਪਾਣੀ ਦੀ ਬਰਬਾਦੀ ਰੋਕਣ ਲਈ ਨਿਗਮ ਸਖਤ, 17 ਲੋਕਾਂ ਨੂੰ ਕੀਤਾ ਜੁਰਮਾਨਾ

07/04/2019 1:20:52 PM

ਜਲੰਧਰ (ਖੁਰਾਣਾ)- ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ 'ਚ ਪਾਣੀ ਦੀ ਬਰਬਾਦੀ ਰੋਕਣ ਲਈ ਜੋ ਦਿਸ਼ਾ ਨਿਰਦੇਸ਼ ਦਿੱਤੇ ਹਨ, ਉਨ੍ਹਾਂ ਦੇ ਤਹਿਤ ਜਲੰਧਰ ਨਗਰ ਨਿਗਮ ਵੀ ਸਰਗਰਮ ਹੋ ਗਿਆ ਹੈ। ਨਿਗਮ ਅਧਿਕਾਰੀਆਂ ਨੇ ਬੀਤੇ ਦਿਨ ਸਾਰੇ ਜ਼ੋਨਾਂ 'ਚ ਟੀਮਾਂ ਭੇਜੀਆਂ ਜਿਨ੍ਹਾਂ ਨੇ ਪਾਈਪ ਲਗਾ ਕੇ ਕਾਰ ਜਾਂ ਫਰਸ਼ ਧੋਣ ਵਾਲੇ ਲੋਕਾਂ ਦੇ ਚਲਾਨ ਕੱਟੇ ਅਤੇ ਕਈਆਂ ਨੂੰ ਚੇਤਾਵਨੀ ਵੀ ਦਿੱਤੀ। ਨਿਗਮ ਟੀਮਾਂ ਨੇ ਦੋ ਅਜਿਹੇ ਲਾਵਾਰਿਸ ਵਾਟਰ ਕੁਨੈਕਸ਼ਨ ਕੱਟੇ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਸੀ ਪਰ ਉਥੋਂ ਪਾਣੀ ਦੀ ਵਰਤੋਂ ਹੋ ਰਹੀ ਸੀ। ਇਸ ਤੋਂ ਇਲਾਵਾ 17 ਲੋਕਾਂ ਨੂੰ ਜੁਰਮਾਨਾ ਵੀ ਕੀਤਾ ਗਿਆ। ਨਿਗਮ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ।

ਕੌਂਸਲਰ ਪਤੀ ਲੁਬਾਣਾ ਨੇ ਦਿੱਤੀ ਚੇਤਾਵਨੀ, ਮੇਰੇ ਵਾਰਡ ਨੂੰ ਤੰਗ ਕੀਤਾ ਤਾਂ ਨਿਗਮ ਦਾ ਘਿਰਾਓ ਕਰਾਂਗਾ
ਇਸ ਦੌਰਾਨ ਨਗਰ ਨਿਗਮ ਦੀ ਅਕਾਲੀ ਕੌਂਸਲਰ ਬਲਜਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਨਿਗਮ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪ ਕੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਵਾਰਡ ਵਾਸੀਆਂ ਨੂੰ ਤੰਗ ਕੀਤਾ ਗਿਆ ਤਾਂ ਉਹ ਨਿਗਮ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਨੇ ਵਾਰਡ ਦੇ ਅਜਿਹੇ ਪਰਿਵਾਰਾਂ ਕੋਲੋਂ ਵੀ ਜੁਰਮਾਨੇ ਵਸੂਲੇ ਜੋ ਗਰਮੀ ਤੋਂ ਬਚਣ ਲਈ ਕੂਲਰਾਂ ਵਿਚ ਪਾਣੀ ਪਾ ਰਹੇ ਸਨ। ਕੌਂਸਲਰ ਪਤੀ ਲੁਬਾਣਾ ਨੇ ਕਮਿਸ਼ਨਰ ਨੂੰ ਕਿਹਾ ਕਿ ਉਨ੍ਹਾਂ ਦੇ ਵਾਰਡ ਨੰ. 5 ਵਿਚ ਨਾ ਤਾਂ ਕੋਈ ਸਫਾਈ ਸੇਵਕ ਹੈ ਅਤੇ ਨਾ ਹੀ ਸੀਵਰਮੈਨ। ਸਾਰੇ ਵਿਕਾਸ ਕਾਰਜ ਵਿਧਾਇਕ ਦੇ ਕਹਿਣ 'ਤੇ ਰੋਕੇ ਹੋਏ ਹਨ। 10 ਲੱਖ ਦਾ ਟੈਂਡਰ ਪਾਸ ਹੈ ਪਰ ਠੇਕੇਦਾਰ ਕੰਮ ਨਹੀਂ ਕਰ ਰਿਹਾ। ਜਦੋਂ ਨਿਗਮ ਨੇ ਇਸ ਵਾਰਡ 'ਚ ਕੁਝ ਕਰਣਾ ਹੀ ਨਹੀਂ ਤਾਂ ਉਸਨੂੰ ਜੁਰਮਾਨੇ ਵਸੂਲਣ ਦਾ ਵੀ ਕੋਈ ਹੱਕ ਨਹੀਂ। ਨਿਗਮ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਟੂਟੀਆਂ 'ਤੇ ਕਾਰਵਾਈ ਕਰੇ ਜੋ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ। ਮੇਰੇ ਵਾਰਡ 'ਚ ਕਾਰਵਾਈ ਕਰਣ ਬਿਲਕੁਲ ਨਾ ਆਉਣ।

shivani attri

This news is Content Editor shivani attri