ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 4.50 ਲੱਖ ਦੀ ਰਿਸ਼ਵਤ ਲੈਂਦਾ ਵਣ ਰੱਖਿਅਕ ਗ੍ਰਿਫਤਾਰ

03/31/2021 10:24:15 PM

ਚੰਡੀਗੜ੍ਹ, (ਅਸ਼ਵਨੀ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਬ ਤਹਿਸੀਲ ਮਾਜਰੀ, ਐੱਸ. ਏ. ਐੱਸ. ਨਗਰ ਵਿਖੇ ਤਾਇਨਾਤ ਵਣ ਰੱਖਿਅਕ ਰਣਜੀਤ ਖਾਨ ਨੂੰ ਆਪਣੇ ਸੀਨੀਅਰ ਬਲਾਕ ਅਫ਼ਸਰ ਬਲਦੇਵ ਸਿੰਘ ਦੀ ਤਰਫ਼ੋਂ 4,50,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਡੀ. ਜੀ. ਪੀ.-ਕਮ-ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ. ਕੇ. ਉੱਪਲ ਨੇ ਦੱਸਿਆ ਕਿ ਮਿਰਜ਼ਾਪੁਰ ਵਿਖੇ ਤਾਇਨਾਤ ਬਲਾਕ ਅਫ਼ਸਰ ਬਲਦੇਵ ਸਿੰਘ ਨੇ ਸ਼ਿਕਾਇਤਕਰਤਾ ਭੁਪਾਲ ਕੁਮਾਰ ਵਾਸੀ ਖਰੜ ਤੋਂ ਲੱਕੜ ਨੂੰ ਸਰਕਾਰੀ ਕੁਹਾੜੇ ਨਾਲ ਨਿਸ਼ਾਨ ਲਗਾਉਣ ਲਈ 5,50,000 ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਸ਼ਿਕਾਇਤਕਰਤਾ ਕੋਲੋਂ ਬੀਤੀ 28/03/2021 ਨੂੰ 5,00,000 ਰੁਪਏ ਰਿਸ਼ਵਤ ਵਜੋਂ ਪਹਿਲਾਂ ਹੀ ਲੈ ਲਏ ਸਨ। ਹੁਣ ਰਿਸ਼ਵਤ ਦੀ ਮੰਗ ਬਿਨਾਂ ਨਿਸ਼ਾਨ ਵਾਲੇ ਕੁਝ ਦਰੱਖਤ ਕੱਟਣ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਲੱਕੜ ਦੀ ਢੋਆ-ਢੋੁਆਈ ਲਈ ਘੱਟ ਜ਼ੁਰਮਾਨਾ ਲਗਾਉਣ ਲਈ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਜੰਗਲਾਤ ਵਿਭਾਗ ਵਲੋਂ ਮਾਜਰੀ ਬਲਾਕ ਦੇ ਪਿੰਡ ਮਿਰਜ਼ਾਪੁਰ ਵਿਖੇ ਖੈਰ ਦੇ ਦਰੱਖਤ ਕੱਟਣ ਅਤੇ ਵੇਚਣ ਲਈ ਬਾਕਾਇਦਾ ਪਰਮਿਟ ਜਾਰੀ ਕੀਤਾ ਗਿਆ ਹੈ ਤੇ ਉਸ ਕੋਲ 31/3/2021 ਤੱਕ ਸਾਈਟ ਤੋਂ ਦਰੱਖਤ ਹਟਾਉਣ ਦੀ ਆਗਿਆ ਹੈ। ਹੁਣ ਸ਼ੱਕੀਆਂ ਵਲੋਂ ਉਸ ਨੂੰ ਲੱਕੜ ਲਿਜਾਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਸ ਖਿਲਾਫ਼ ਬਿਨਾਂ ਨਿਸ਼ਾਨ ਵਾਲੇ ਗਲਤ ਦਰੱਖਤਾਂ ਨੂੰ ਕੱਟਣ ਵਿੱਚ ਬੇਨਿਯਮੀਆਂ ਕਰਨ ਸਬੰਧੀ ਸ਼ਿਕਾਇਤ ਹੈ। ਉਕਤ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ 2000 ਰੁਪਏ ਪ੍ਰਤੀ ਰੁੱਖ ਦੀ ਮੰਗ ਕੀਤੀ ਸੀ ਅਤੇ ਪਹਿਲਾਂ ਹੀ ਉਨ੍ਹਾਂ ਕੋਲੋਂ 5 ਲੱਖ ਰੁਪਏ ਲੈ ਲਏ ਸਨ ਪਰ ਹੁਣ ਉਹ ਲੱਕੜ ਦੀ ਢੋਆ-ਢੋਆਈ ਕਰਨ, ਜ਼ੁਰਮਾਨਾ 3,54,000 ਰੁਪਏ ਤੋਂ ਘਟਾ ਕੇ 2,50,000 ਕਰਨ ਅਤੇ ਸ਼ਿਕਾਇਤਕਰਤਾ ਦੇ ਸਾਥੀ ਦੇ ਨਾਮ ’ਤੇ ਜ਼ੁਰਮਾਨਾ ਰਿਪੋਰਟ ਜਾਰੀ ਕਰਨ ਬਦਲੇ ਰਿਸ਼ਵਤ ਦੀ ਬਾਕੀ ਰਾਸ਼ੀ 3,20,000 ਰੁਪਏ ਦੀ ਮੰਗ ਕਰ ਰਹੇ ਸਨ।

ਬੀ.ਕੇ. ਉੱਪਲ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਖਾਨ ਨੂੰ ਅੱਜ ਉਸ ਦੇ ਸੀਨੀਅਰ ਬਲਾਕ ਅਧਿਕਾਰੀ ਬਲਦੇਵ ਸਿੰਘ ਤਰਫ਼ੋਂ ਸ਼ਿਕਾਇਤਕਰਤਾ ਤੋਂ 4,50,000 ਰੁਪਏ ਰਿਸ਼ਵਤ ਲੈਂਦਿਆਂ, ਓਮੈਕਸ ਟਾਵਰ ਪਾਰਕਿੰਗ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਮੌਕੇ ’ਤੇ ਹੀ ਮੁਲਜ਼ਮ ਦੀ ਕਾਰ ਵਿਚੋਂ 4,64,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਮੁਲਜ਼ਮ ਰਣਜੀਤ ਖਾਨ ਦੇ ਘਰ ਦੀ ਤਲਾਸ਼ੀ ਦੌਰਾਨ ਉਥੋਂ 1,00,000 ਰੁਪਏ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ ਬਲਾਕ ਅਧਿਕਾਰੀ ਅਜੇ ਫਰਾਰ ਹੈ ਅਤੇ ਉਸ ਨੂੰ ਫੜ੍ਹਨ ਲਈ ਕੋਸ਼ਿਸ਼ ਜਾਰੀ ਹਨ।

Bharat Thapa

This news is Content Editor Bharat Thapa