ਲਗਦੈ ਅਕਾਲੀ ਦਲ ''ਆਪ'' ਨੂੰ ਪੌੜੀ ਬਣਾ ਕੇ ਆਪਣੀ ਡਿਗੀ ਸ਼ਾਖ ਬਹਾਲ ਕਰਨੀ ਚਾਹੁੰਦੈ?

06/29/2017 9:45:23 AM

ਲੁਧਿਆਣਾ (ਪਾਲੀ)-ਪੰਜਾਬ ਵਿਧਾਨ ਸਭਾ ਵਿਚ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੂਰੇ ਸੈਸ਼ਨ ਦੌਰਾਨ ਸਸਪੈਂਡ ਕਰਨ ਦੇ ਹੱਕ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਏ ਗਏ ਰੌਲੇ ਤੋਂ ਬਾਅਦ ਸਪੀਕਰ ਦੇ ਹੁਕਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਸਪੈਂਡ ਕਰ ਕੇ ਮਾਰਸ਼ਲਾਂ ਨੂੰ ਹੁਕਮ ਦੇ ਕੇ ਵਿਧਾਨ ਸਭਾ ਤੋਂ ਬਾਹਰ ਕੱਢਣ ਸਮੇਂ ਵਿਧਾਇਕਾਂ ਨਾਲ ਹੋਈ ਖਿੱਚ-ਧੂਹ 'ਚ ਕੁਝ ਵਿਧਾਇਕਾਂ ਜਿਨ੍ਹਾਂ 'ਚ ਬੀਬੀਆਂ ਵੀ ਸ਼ਾਮਲ ਹਨ, ਦੇ ਲੱਗੀਆਂ ਸੱਟਾਂ ਤੇ ਭਦੌੜ ਦੇ ਵਿਧਾਇਕ ਨਿਰਮਲ ਸਿੰਘ ਦੀ ਦਸਤਾਰ ਉਤਰਨ ਦਾ ਜਿੱਥੇ 'ਆਪ' ਵੱਲੋਂ ਵਿਰੋਧ ਕੀਤਾ ਗਿਆ ਹੈ ਪਰ ਅਕਾਲੀ ਦਲ ਜਿਸ ਨੂੰ ਆਮ ਆਦਮੀ ਪਾਰਟੀ ਦੇ ਚੋਣ ਮੈਦਾਨ 'ਚ ਹੋਣ ਕਾਰਨ ਸਿਰਫ 15 ਸੀਟਾਂ ਲੈ ਕੇ ਹੀ ਸਬਰ ਕਰਨਾ ਪਿਆ ਸੀ, ਨੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ 'ਚ 'ਆਪ' ਦੀ ਸਰਕਾਰ ਨਾ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਸੀ। ਹੁਣ ਇਸ ਮਸਲੇ ਵਿਚ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। 
ਅਕਾਲੀ ਦਲ ਨੇ ਨਾਅਰਾ ਦਿੱਤਾ ਹੈ ਕਿ 'ਪੱਗੜੀ ਦੇ ਸਨਮਾਨ 'ਚ ਅਕਾਲੀ ਦਲ ਮੈਦਾਨ ਵਿਚ', ਇਸ ਨਾਅਰੇ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਸ ਚਰਚਾ ਨੇ ਜਨਮ ਲਿਆ ਹੈ ਕਿ ਅਕਾਲੀ ਦਲ ਦੇ 10 ਸਾਲਾ ਰਾਜ ਸਮੇਂ 'ਆਪ' ਨਾਲ ਸੱਜਰੇ ਰਲੇ ਬੈਂਸ ਭਰਾਵਾਂ ਦੀ ਚੰਡੀਗੜ੍ਹ ਬਾਦਲ ਦੀ ਕੋਠੀ ਦੇ ਘਿਰਾਓ ਸਮੇਂ ਅਤੇ ਫਾਸਟ-ਵੇਅ ਚੈਨਲ ਦੇ ਦਫਤਰ ਅੱਗੇ ਮੁਜ਼ਾਹਰੇ ਸਮੇਂ ਵੀ ਸਿਮਰਜੀਤ ਸਿੰਘ ਬੈਂਸ ਦੀ ਦਸਤਾਰ ਲੱਥੀ ਸੀ। ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਹਾਲੇ ਪਿਛਲੇ ਵਰ੍ਹੇ ਜੂਨ ਵਿਚ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਅਮਲੇ ਨੇ ਵਿਰੋਧੀਆਂ ਨੂੰ ਡਾਂਗਾਂ ਤਲਵਾਰਾਂ ਨਾਲ ਖਦੇੜਿਆ ਸੀ।
ਪੰਜਾਬ ਵਿਚ 10 ਸਾਲਾਂ ਸਰਕਾਰ ਸਮੇਂ ਅਨੇਕਾਂ ਵਾਰ ਪੰਜਾਬ ਦੀਆਂ ਟੀਚਰਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਦੀਆਂ ਚੁੰਨੀਆਂ ਅਤੇ ਦਸਤਾਰਾਂ ਪੁਲਸ ਵੱਲੋਂ ਲਾਠੀਚਾਰਜ ਸਮੇਂ ਉਤਾਰੀਆਂ ਸਨ ਪਰ ਹੁਣ ਪਤਾ ਨਹੀਂ ਕਿੱਥੋਂ ਅਕਾਲੀ ਦਲ ਨੂੰ ਪੱਗ ਦਾ ਖਿਆਲ ਆ ਗਿਆ ਹੈ, ਜਦਕਿ ਨਿਰਸੰਦੇਹ ਕਿਸੇ ਸਿੱਖ ਦੀ ਦਸਤਾਰ ਨਹੀਂ ਲਾਹੀ ਜਾਣੀ ਚਾਹੀਦੀ। ਹੁਣ ਵੀ ਹਰ ਰੋਜ਼ ਵੱਖ-ਵੱਖ ਚੌਕਾਂ ਵਿਚ ਪੁਲਸ ਵੱਲੋਂ ਨਾਕੇ ਲਾ ਕੇ ਸਿੱਖ ਬੀਬੀਆਂ ਦੇ ਆਟੋ ਗੇਅਰ (ਐਕਟਿਵਾ) ਆਦਿ ਸਕੂਟਰਾਂ 'ਤੇ ਆਉਣ-ਜਾਣ ਸਮੇਂ ਪੁਲਸ ਵੱਲੋਂ ਹੈਲਮੇਟ ਨਾ ਪਾਉਣ ਦੇ ਦੋਸ਼ 'ਚ ਚਲਾਨ ਕੀਤੇ ਜਾ ਰਹੇ ਹਨ, ਜਦਕਿ ਸਿੱਖ ਨੂੰ ਟੋਪੀ ਪਾਉਣ ਦੀ ਧਰਮ 'ਚ ਇਜਾਜ਼ਤ ਨਹੀਂ ਹੈ ਪਰ ਅਕਾਲੀ ਦਲ ਉਸ ਸਬੰਧੀ ਮੂਕ ਦਰਸ਼ਕ ਬਣਿਆ ਬੈਠਾ ਹੈ। ਅਕਾਲੀ ਸਰਕਾਰ ਸਮੇਂ ਸਿੱਖੀ ਨਾਲ ਸਬੰਧਤ ਅਨੇਕਾਂ ਘਟਨਾਵਾਂ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ ਪਰ ਹਾਲ ਦੀ ਘੜੀ ਅਕਾਲੀ ਦਲ ਵੱਲੋਂ ਲਏ ਸਟੈਂਡ 'ਚ ਕੀਤੀ ਜਾ ਰਹੀ ਸਿਆਸਤ ਸਪੱਸ਼ਟ ਝਲਕ ਰਹੀ ਹੈ।