ਪੰਜਾਬ ਵਿਧਾਨ ਸਭਾ ਚੋਣਾਂ 2022: ਆਪਣਿਆਂ ਨੇ ਹੀ ਫੂਕ ਦਿੱਤੀ ਕਾਂਗਰਸ ਦੀ ਲੰਕਾ

03/11/2022 6:49:07 PM

ਜਲੰਧਰ (ਜਗ ਬਾਣੀ ਟੀਮ)- ਪੰਜਾਬ ’ਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨਾਲ ਜੋ ਹੋਇਆ ਉਹ ਕਦੇ ਕਿਸੇ ਪਾਰਟੀ ਨਾਲ ਸ਼ਾਇਦ ਨਹੀਂ ਹੋਇਆ ਹੋਵੇਗਾ। ਪਾਰਟੀ ਦੇ ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਦਾਅਵਾ ਕਰ ਰਹੇ ਸਨ ਕਿ ਪਾਰਟੀ ਪੰਜਾਬ ’ਚ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਘੱਟੋ ਘੱਟ 70-75 ਸੀਟਾਂ ਸਰਕਾਰ ਦੇ ਖ਼ਾਤੇ ’ਚ ਆਉਣਗੀਆਂ ਪਰ ਨਤੀਜੇ ਸਭ ਦੇ ਸਾਹਮਣੇ ਹਨ। ਪਾਰਟੀ 20 ਤੋਂ ਘੱਟ ’ਚ ਹੀ ਨਿੱਬੜ ਗਈ। ਹੁਣ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰ ਪੰਜਾਬ ’ਚ ਕਾਂਗਰਸ ਦੀ ਇੰਨੀ ਬੁਰੀ ਹਾਲਤ ਕਿਉਂ ਹੋਈ, ਕਿਉਂ ਪਾਰਟੀ ਨੂੰ 77 ਤੋਂ ਹੇਠਾਂ ਸੁੱਟ ਦਿੱਤਾ ਗਿਆ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ’ਤੇ ਖ਼ੁਦ ਪਾਰਟੀ ਨੂੰ ਵੀ ਮੰਥਨ ਕਰਨਾ ਪਵੇਗਾ।

ਕਾਂਗਰਸ ਦਾ ਅੰਦਰੂਨੀ ਕਲੇਸ਼
ਪੰਜਾਬ ’ਚ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਸਾਢੇ 4 ਸਾਲ ਪੰਜਾਬ ’ਚ ਕੁਝ ਨਹੀਂ ਹੋਇਆ ਅਤੇ ਇਸ ਦੌਰਾਨ ਪਾਰਟੀ ਦੀ ਕੇਂਦਰੀ ਅਗਵਾਈ ਖਾਮੋਸ਼ੀ ਨਾਲ ਬੈਠੀ ਰਹੀ। ਅਚਾਨਕ 6 ਮਹੀਨੇ ਪਹਿਲਾਂ ਕੈਪਟਨ ਨੂੰ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਸੀ. ਐੱਮ. ਬਣਾ ਦਿੱਤਾ। ਸਾਢੇ ਚਾਰ ਸਾਲ ਦੀਆਂ ਸਾਰੀਆਂ ਗਲਤੀਆਂ ਦਾ ਭਾਂਡਾ ਕੈਪਟਨ ਦੇ ਸਿਰ ਭੰਨ ਦਿੱਤਾ ਪਰ ਅਗਲੇ 111 ਦਿਨਾਂ ’ਚ ਵੀ ਪੰਜਾਬ ’ਚ ਕੁਝ ਖ਼ਾਸ ਅਜਿਹਾ ਨਹੀਂ ਹੋਇਆ, ਜੋ ਪਾਰਟੀ ਨੂੰ ਜਿੱਤ ਦਿਵਾ ਸਕੇ। ਉੱਤੋਂ ਪਾਰਟੀ ਦੇ ਅੰਦਰ ਕਲੇਸ਼ ਨੇ ਰਹੀ-ਸਹੀ ਕਸਰ ਪੂਰੀ ਕਰ ਦਿੱਤੀ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚੰਨੀ ’ਚ ਟਸਲ ਚੱਲਦੀ ਰਹੀ। ਸਿੱਧੂ ਦਾ ਤੌਰ-ਤਰੀਕਾ ਚੰਨੀ ਦੇ ਸਮਰਥਕਾਂ ਨੂੰ ਚੰਗਾ ਨਹੀਂ ਲੱਗਾ। ਉੱਤੋਂ ਸਿੱਧੂ ਨੇ ਵੀ ਕੋਈ ਕਸਰ ਨਹੀਂ ਛੱਡੀ ਅਤੇ ਸਮੇਂ-ਸਮੇਂ ’ਤੇ ਚੰਨੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਚੱਲਦੀ ਰਹੀ। ਕਾਂਗਰਸ ਹਾਈਕਮਾਨ ਨੇ ਵੀ ਇਸ ਦਾ ਕੋਈ ਹੱਲ ਨਹੀਂ ਕੱਢਿਆ, ਜਿਸ ਨਾਲ ਮਾਹੌਲ ਖ਼ਰਾਬ ਹੁੰਦਾ ਗਿਆ। ਸੋਸ਼ਲ ਮੀਡੀਆ ’ਤੇ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਨੇਤਾਵਾਂ ’ਤੇ ਸਵਾਲ ਚੁੱਕਣ ’ਚ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਨਾ ‘ਆਪ’ ਲਈ ਵੱਡੀ ਚੁਣੌਤੀ

ਕੈਪਟਨ ਵੀ ਬਣੇ ਕਾਰਨ
ਪੰਜਾਬ ’ਚ ਕਾਂਗਰਸ ਦੀ ਹਾਰ ਪਿੱਛੇ ਸਿੱਧੂ ਅਤੇ ਚੰਨੀ ਦਾ ਅੰਦਰੂਨੀ ਕਲੇਸ਼ ਹੀ ਨਹੀਂ ਸਗੋਂ ਕੈਪਟਨ ਵੀ ਇਕ ਵੱਡਾ ਕਾਰਨ ਹੈ। ਕੈਪਟਨ ਨੇ ਸਮੇਂ-ਸਮੇਂ ’ਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਨੂੰ ਨੁਕਸਾਨ ਨਾ ਹੋਵੇ ਇਸ ਚੱਕਰ ’ਚ ਕੈਪਟਨ ਦੇ ਕਰੀਬੀ ਲੋਕਾਂ ਨੂੰ ਮੰਤਰੀ ਮੰਡਲ ’ਚ ਚੰਨੀ ਨੇ ਜਗ੍ਹਾ ਵੀ ਦੇ ਦਿੱਤੀ ਪਰ ਪੰਜਾਬ ਦੀ ਜਨਤਾ ਸਭ ਤੋਂ ਜ਼ਿਆਦਾ ਸਾਢੇ 4 ਸਾਲ ’ਚ ਕੈਪਟਨ ਵੱਲੋਂ ਪੰਜਾਬ ਲਈ ਕੁਝ ਨਾ ਕਰਨ ਤੇ ਵਾਅਦਿਆਂ ’ਤੇ ਖਰਾ ਨਾ ਉੱਤਰਨ ਲਈ ਮੁਆਫ ਨਹੀਂ ਕੀਤਾ।

ਬੇਅਦਬੀ ’ਤੇ ਢਿੱਲੀ ਕਾਰਵਾਈ
ਪੰਜਾਬ ’ਚ ਕਾਂਗਰਸ ਦੇ ਦੂਜੀ ਪਾਰੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਤਾਂ ਵੱਡੇ ਕੀਤੇ ਪਰ ਕੰਮ ਉਸ ਤਰ੍ਹਾਂ ਦੇ ਨਾ ਹੋ ਸਕੇ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਬੇਅਦਬੀ ਤੇ ਡਰੱਗਸ ਦੇ ਮਾਮਲੇ ’ਚ ਗੱਲਾਂ ਹੀ ਕਰਦੇ ਰਹੇ। ਬੇਅਦਬੀ ਸਬੰਧੀ ਸਿੱਧੂ ਨੇ ਡੀ. ਜੀ. ਪੀ. ਤੇ ਏ. ਜੀ. ਤੱਕ ਬਦਲਵਾ ਦਿੱਤੇ ਪਰ ਹੋਇਆ ਕੁਝ ਵੀ ਨਹੀਂ, ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ। ਉਹ ਲੋਕ ਸਿੱਧੂ ਤੇ ਚੰਨੀ ਦੇ ਦਾਅਵਿਆਂ ’ਤੇ ਖਰਾ ਨਾ ਉੱਤਰਨ ਕਾਰਨ ਨਾਰਾਜ਼ ਹੋ ਗਏ, ਜਿਸ ਦਾ ਨੁਕਸਾਨ ਕਾਂਗਰਸ ਨੂੰ ਹੋਇਆ। ਡਰੱਗਜ਼ ਮਾਮਲੇ ’ਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਕਰਮਜੀਤ ਸਿੰਘ ਮਜੀਠੀਆ ’ਤੇ ਮਾਮਲਾ ਦਰਜ ਕਰ ਕੇ ਲੋਕਾਂ ਨੂੰ ਵੱਡਾ ਐਕਸ਼ਨ ਲੈਣ ਦਾ ਡਰਾਮਾ ਵਿਖਾਇਆ ਗਿਆ ਪਰ ਜ਼ਮੀਨੀ ਪੱਧਰ ’ਤੇ ਡਰਗਸ ’ਤੇ ਕੋਈ ਰੋਕ ਨਹੀਂ ਲੱਗੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਬਚਾਈ, ਦੋਆਬਾ ’ਚ ‘ਆਪ’ ਨੇ ਜਮਾਈਆਂ ਜੜ੍ਹਾਂ

ਕਾਂਗਰਸ ਦੇ ਐੱਮ. ਪੀਜ਼ ਦੀ ਬੇਰੁਖੀ
ਪੰਜਾਬ ’ਚ ਕਾਂਗਰਸ ਦੇ ਐੱਮ. ਪੀਜ਼ ਵੀ ਖੁੱਲ੍ਹ ਕੇ ਪਾਰਟੀ ਨਾਲ ਨਹੀਂ ਚੱਲੇ। ਉਨ੍ਹਾਂ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਕੰਮ ਕਰਨ ਦੀ ਬਜਾਏ ਉਨ੍ਹਾਂ ’ਤੇ ਸਵਾਲ ਵੱਧ ਚੁੱਕੇ। ਕਦੇ ਸੋਸ਼ਲ ਮੀਡੀਆ ’ਤੇ ਤਾਂ ਕਦੇ ਬਿਆਨਬਾਜ਼ੀ ਨਾਲ ਚੰਨੀ ਦੀਆਂ ਮੁਸ਼ਕਿਲਾਂ ਹੀ ਵਧਾਈਆਂ ਅਤੇ ਕਈ ਵਾਰ ਤਾਂ ਅਜਿਹੇ ਸਵਾਲ ਚੁੱਕ ਦਿੱਤੇ, ਜਿਨ੍ਹਾਂ ਦਾ ਜਵਾਬ ਕਾਂਗਰਸ ਪਾਰਟੀ ਦੇ ਕੋਲ ਵੀ ਨਹੀਂ ਸੀ। ਇਹੀ ਕਾਰਨ ਸੀ ਕਿ ਕਾਂਗਰਸ ਲਗਾਤਾਰ ਹੇਠਾਂ ਹੀ ਜਾਂਦੀ ਰਹੀ। ਖੁਦ ਪਾਰਟੀ ਦੀ ਲੀਡਰਸ਼ਿਪ ਨੇ ਵੀ ਉਨ੍ਹਾਂ ਨੂੰ ਮਨਾਉਣ ਜਾ ਸਮਝਾਉਣ ਲਈ ਕੋਈ ਕਦਮ ਨਹੀਂ ਚੁੱਕਿਆ।

ਕਾਂਗਰਸ ਦੀ ਦੋਹਰੀ ਨੀਤੀ
ਪੰਜਾਬ ’ਚ ਕਾਂਗਰਸ ਪਾਰਟੀ ਦੇ ਕਈ ਨੇਤਾ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ। ਖਾਸ ਕਰ ਕੇ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਲਈ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਆਜ਼ਾਦ ਹੀ ਖਡ਼੍ਹਾ ਕਰ ਦਿੱਤਾ। ਬੇਸ਼ੱਕ ਉਨ੍ਹਾਂ ਦਾ ਪੁੱਤਰ ਜਿੱਤ ਗਿਆ ਪਰ ਕਾਂਗਰਸ ਪਾਰਟੀ ਦੇ ਅੰਦਰ ਗਲਤ ਸੁਨੇਹਾ ਗਿਆ। ਕਾਂਗਰਸ ਨੇ ਪਿਛਲੇ ਕੁਝ ਦਿਨਾਂ ’ਚ 2 ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ, ਕਿਉਂਕਿ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ ਸੀ ਪਰ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਖਿਲਾਫ ਪ੍ਰਚਾਰ ਕਰ ਰਹੇ ਨੇਤਾਵਾਂ ’ਤੇ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਨਾਲ ਪਾਰਟੀ ਦੇ ਵਰਕਰਾਂ ਤੱਕ ਗਲਤ ਸੁਨੇਹਾ ਗਿਆ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri