ਪੰਜਾਬ ਵਿਧਾਨ ਸਭਾ ''ਚ ਗੂੰਜੇਗਾ ਅਟਾਰੀ ਬਾਜ਼ਾਰ ਦੀਆਂ 36 ਨਾਜਾਇਜ਼ ਦੁਕਾਨਾਂ ਦਾ ਮਾਮਲਾ

12/04/2019 1:44:20 PM

ਜਲੰਧਰ (ਖੁਰਾਣਾ)— ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਦੇ ਮੈਂਬਰ ਵਿਧਾਇਕਾਂ ਨੇ ਬੀਤੇ ਦਿਨੀਂ ਜਲੰਧਰ ਨਿਗਮ ਦੌਰੇ ਦੌਰਾਨ ਅਚਾਨਕ ਅਟਾਰੀ ਬਾਜ਼ਾਰ ਦੀਆਂ ਤੰਗ ਗਲੀਆਂ 'ਚ ਜਾ ਕੇ ਭ੍ਰਿਸ਼ਟਾਚਾਰ ਦੀ ਇਕ ਵੱਡੀ ਖੇਡ ਦਾ ਪਰਦਾਫਾਸ਼ ਕੀਤਾ ਸੀ। ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ 3 ਰਿਹਾਇਸ਼ੀ ਨਕਸ਼ੇ ਪਾਸ ਕਰਵਾ ਕੇ ਉਥੇ ਘਰ ਬਣਾਉਣ ਦੀ ਬਜਾਏ 2 ਮੰਜ਼ਿਲਾ ਮਾਰਕੀਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੀ ਗਰਾਊਂਡ ਫਲੋਰ 'ਤੇ 18 ਦੁਕਾਨਾਂ ਤਿਆਰ ਹੋ ਚੁੱਕੀਆਂ ਸਨ ਅਤੇ ਉਪਰੀ ਮੰਜ਼ਿਲ 'ਤੇ ਕੰਮ ਜਾਰੀ ਸੀ। ਕਮੇਟੀ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਰਿਹਾਇਸ਼ੀ ਨਕਸ਼ੇ ਪਾਸ ਕਰਵਾ ਕੇ ਹੋਰ ਇੰਨੇ ਵੱਡੇ ਕਮਰਸ਼ੀਅਲ ਨਿਰਮਾਣ ਨੂੰ ਨਿਗਮ ਨੇ ਰੋਕਿਆ ਕਿਉਂ ਨਹੀਂ, ਹਾਲਾਂਕਿ ਇਸ ਨਾਜਾਇਜ਼ ਨਿਰਮਾਣ ਬਾਬਤ ਨਿਗਮ ਅਧਿਕਾਰੀਆਂ ਨੂੰ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਪਰ ਫਿਰ ਵੀ ਨਿਗਮ ਦੀ ਕਾਰਵਾਈ ਸਿਰਫ ਨੋਟਿਸ ਜਾਰੀ ਕਰਨ ਤੱਕ ਹੀ ਸੀਮਤ ਕਿਉਂ ਰਹੀ।

ਅਨੁਮਾਨ ਕਮੇਟੀ 'ਚ ਸ਼ਾਮਲ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸੁਸ਼ੀਲ ਰਿੰਕੂ ਅਤੇ ਹੋਰਨਾਂ ਨੇ ਇਸ ਮਿਲੀਭੁਗਤ ਦਾ ਸਖਤ ਨੋਟਿਸ ਲੈਂਦੇ ਹੋਏ ਮੌਕੇ 'ਤੇ ਹੀ ਬਿਲਡਿੰਗ ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ 'ਚ ਉਸ ਨੂੰ ਸਰਕਟ ਹਾਊਸ ਬੁਲਾ ਕੇ ਰਿਕਾਰਡ ਪੇਸ਼ ਕਰਨ ਨੂੰ ਕਿਹਾ। ਹੁਣ ਅਨੁਮਾਨ ਕਮੇਟੀ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਸਦਨ ਪਟਲ 'ਤੇ ਰੱਖਿਆ ਜਾਵੇਗਾ, ਜਿੱਥੇ ਇਸ 'ਤੇ ਚਰਚਾ ਹੋਵੇਗੀ।

ਨਿਗਮ ਨੂੰ ਹੋ ਰਿਹਾ ਸੀ ਲੱਖਾਂ ਰੁਪਏ ਦਾ ਰੈਵੇਨਿਊ ਲਾਸ
ਅਟਾਰੀ ਬਾਜ਼ਾਰ 'ਚ ਜਿੱਥੇ ਇਸ ਨਾਜਾਇਜ਼ ਮਾਰਕੀਟ ਦਾ ਨਿਰਮਾਣ ਕੰਮ ਸ਼ਰੇਆਮ ਚੱਲ ਰਿਹਾ ਸੀ, ਉਥੇ ਜਗ੍ਹਾ ਕਰੀਬ 37-38 ਮਰਲੇ 'ਚ ਹੈ, ਜੋ ਹੋਲਸੇਲ ਬਾਜ਼ਾਰ 'ਚ ਹੋਣ ਕਾਰਨ ਕਾਫੀ ਮਹਿੰਗੀ ਮੰਨੀ ਜਾਂਦੀ ਹੈ। ਜੇਕਰ ਇੰਨੀ ਜਗ੍ਹਾ ਦਾ ਨਿਗਮ ਤੋਂ ਸੀ. ਐੱਲ. ਯੂ. ਚੇਂਜ ਕਰਵਾਇਆ ਜਾਂਦਾ ਹੈ ਤਾਂ ਉਸ 'ਤੇ 10-20 ਲੱਖ ਰੁਪਏ ਦਾ ਖਰਚਾ ਆ ਜਾਂਦਾ। ਕਮਰਸ਼ੀਅਲ ਨਿਰਮਾਣ ਅਤੇ ਹੋਰ ਫੀਸਾਂ ਦੇ ਰੂਪ ਵਿਚ ਨਿਗਮ ਨੂੰ ਲੱਖਾਂ ਰੁਪਏ ਦਾ ਰੈਵੇਨਿਊ ਆਉਂਦਾ, ਜਿਸ ਦੇ ਬਦਲੇ 'ਚ ਰਿਹਾਇਸ਼ੀ ਨਕਸ਼ੇ ਪਾਸ ਕਰਵਾ ਕੇ ਨਿਗਮ ਨੂੰ ਕੁਲ 1 ਲੱਖ ਰੁਪਏ ਵੀ ਪ੍ਰਾਪਤ ਨਾ ਹੋਏ। ਇਥੇ ਦੁਕਾਨਾਂ ਦੇ ਅੱਗੇ ਰਸਤੇ ਲਈ ਬਹੁਤ ਘੱਟ ਜਗ੍ਹਾ ਛੱਡੀ ਜਾ ਰਹੀ ਸੀ, ਜੋ ਕਮਰਸ਼ੀਅਲ ਨਕਸ਼ੇ ਵਿਚ ਪਾਸ ਹੋਣਾ ਸੰਭਵ ਨਹੀਂ ਸੀ। ਕੁਲ ਮਿਲਾ ਕੇ ਇੰਨੇ ਵੱਡੇ ਪ੍ਰਾਜੈਕਟ ਨੂੰ ਇਕੱਠਾ ਸ਼ੁਰੂ ਕਰ ਦੇਣਾ ਉਹ ਵੀ ਉਸ ਸਮੇਂ 'ਚ ਜਦੋਂ ਸ਼ਹਿਰ ਦੀਆਂ 448 ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੱਲ ਰਹੇ ਹਨ ਅਤੇ ਹਾਈ ਕੋਰਟ ਦੇ ਹੁਕਮਾਂ 'ਤੇ ਨਿਗਮ ਟੀਮ ਰੋਜ਼ ਕਿਤੇ ਨਾ ਕਿਤੇ ਜਾ ਕੇ ਡਿੱਚ ਚਲਾ ਰਿਹਾ ਹੈ ਜਾਂ ਸੀਲਾਂ ਲਾਈਆਂ ਜਾ ਰਹੀਆਂ ਹਨ। 

ਇਸ ਨਾਲ ਲੱਗਦਾ ਹੈ ਕਿ ਇਸ ਮਾਮਲੇ 'ਚ ਸੈਟਿੰਗ ਕਾਫੀ ਦੂਰ ਤੱਕ ਸੀ ਕਿਉਂਕਿ ਇਸ ਕਾਂਡ ਲਈ ਇਕੱਲਾ ਬਿਲਡਿੰਗ ਇੰਸਪੈਕਟਰ ਹੀ ਦੋਸ਼ੀ ਨਹੀਂ, ਸਗੋਂ ਏ. ਟੀ. ਪੀ. ਵੀ ਓਨੇ ਹੀ ਦੋਸ਼ੀ ਹਨ, ਜਿਨ੍ਹਾਂ 'ਤੇ ਇਸ ਨਾਜਾਇਜ਼ ਨਿਰਮਾਣ ਨੂੰ ਰੋਕਣ ਦੀ ਜ਼ਿੰਮੇਵਾਰੀ ਸੀ। ਇਸ ਤੋਂ ਇਲਾਵਾ ਐੱਮ. ਟੀ. ਪੀ. ਅਤੇ ਸਬੰਧਤ ਜੁਆਇੰਟ ਕਮਿਸ਼ਨਰ ਦੀ ਵੀ ਲਾਪ੍ਰਵਾਹੀ ਹੈ, ਜਿਨ੍ਹਾਂ ਕੋਲ ਬਿਲਡਿੰਗ ਵਿਭਾਗ ਦਾ ਚਾਰਜ ਹੈ। ਹੁਣ ਦੇਖਣਾ ਹੈ ਕਿ ਵਿਧਾਨ ਸਭਾ ਕਮੇਟੀ ਆਪਣੀ ਰਿਪੋਰਟ 'ਚ ਨਿਗਮ ਦੇ ਕਿਹੜੇ ਅਫਸਰਾਂ ਨੂੰ ਇਸ ਸਾਰੀ ਘਟਨਾ ਦਾ ਦੋਸ਼ੀ ਮੰਨਦੀ ਹੈ। ਉਂਝ ਇਸ ਸਾਰੇ ਮਾਮਲੇ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਧਿਆਨ ਵਿਚ ਲਿਆਇਆ ਜਾ ਰਿਹਾ ਹੈ ਅਤੇ ਉਥੇ ਦਾਇਰ ਪਟੀਸ਼ਨ 'ਚ ਸ਼ਿਕਾਇਤਕਰਤਾ ਵਲੋਂ ਇਨ੍ਹਾਂ ਨਿਰਮਾਣਾਂ ਨੂੰ ਵੀ ਜੋੜਿਆ ਜਾ ਰਿਹਾ ਹੈ।

ਪ੍ਰੀਤ ਹੋਟਲ ਨੇੜੇ ਬਣ ਰਹੀ ਨਾਜਾਇਜ਼ ਮਾਰਕੀਟ, ਰਾਤ ਨੂੰ ਚੱਲਦਾ ਹੈ ਕੰਮ
ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਅਟਾਰੀ ਬਾਜ਼ਾਰ 'ਚ 36 ਦੁਕਾਨਾਂ ਵਾਲੀ 2 ਮੰਜ਼ਿਲਾ ਮਾਰਕੀਟ ਦਾ ਨਿਰਮਾਣ ਵਿਧਾਨ ਸਭਾ ਕਮੇਟੀ ਦੀ ਨਜ਼ਰ 'ਚ ਆ ਗਿਆ ਪਰ ਦੋਸ਼ ਲੱਗੇ ਹਨ ਕਿ ਨਕੋਦਰ ਰੋਡ 'ਤੇ ਸਥਿਤ ਪੁਰਾਣੇ ਪ੍ਰੀਤ ਹੋਟਲ ਨੇੜੇ ਚੁੱਪ-ਚੁਪੀਤੇ ਨਾਲ ਨਾਜਾਇਜ਼ ਮਾਰਕੀਟ ਬਣਾਈ ਜਾ ਰਹੀ ਹੈ, ਜਿਸ ਦਾ ਕਾਫੀ ਕੰਮ ਪੂਰਾ ਹੋ ਚੁਕਾ ਹੈ। ਇਹ ਕੰਮ ਇੰਨੇ ਚੁਪ-ਚੁਪੀਤੇ ਨਾਲ ਕੀਤਾ ਜਾ ਰਿਹਾ ਹੈ ਕਿ ਕਿਸੇ ਨੂੰ ਕੰਨੋ-ਕੰਨ ਖਬਰ ਨਾ ਹੋਵੇ। ਇਸ ਕਾਰਣ ਬਾਹਰ ਵਾਲੀ ਕੰਧ ਨੂੰ ਖੜ੍ਹਾ ਰਹਿਣ ਦਿੱਤਾ ਗਿਆ ਹੈ, ਜਿਸ ਨੂੰ ਤਾਲਾ ਬੰਦ ਰੱਖਿਆ ਜਾਂਦਾ ਹੈ ਪਰ ਇਹ ਤਾਲਾ ਅੱਧੀ ਰਾਤ ਨੂੰ ਖੁੱਲ੍ਹਦਾ ਹੈ, ਜਿਸ ਤੋਂ ਸਾਰਾ ਮਟੀਰੀਅਲ ਅੰਦਰ ਆਉਂਦਾ-ਜਾਂਦਾ ਹੈ। ਦਿਨ ਦੇ ਸਮੇਂ ਇਥੇ ਕੋਈ ਗਤੀਵਿਧੀ ਨਹੀ ਂਹੁੰਦੀ ਅਤੇ ਨਾ ਹੀ ਕੋਈ ਅੰਦਰ ਆਉਂਦਾ-ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਇਹ ਜਗ੍ਹਾ ਇਕ 'ਬੀ' ਨਾਂ ਤੋਂ ਸ਼ੁਰੂ ਹੋਣ ਵਾਲੇ ਡੀਲਰ ਨੇ 'ਐੱਮ' ਨਾਂ ਤੋਂ ਸ਼ੁਰੂ ਹੋਣ ਵਾਲੇ ਢਾਬੇ ਮਾਲਕ ਨੂੰ ਵੇਚੀ ਹੈ। ਇਸ ਜਗ੍ਹਾ ਨੂੰ ਕਮਰਸ਼ੀਅਲ ਵਰਤੋਂ ਵਿਚ ਲਿਆਏ ਜਾਣ ਤਿਆਰੀ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਨਿਗਮ ਨਾਲ ਸੈਟਿੰਗ ਕਰ ਕੇ ਹੀ ਸਭ ਕੁਝ ਕੀਤਾ ਜਾ ਰਿਹਾ ਹੈ।

shivani attri

This news is Content Editor shivani attri