ਪੇਪਰਾਂ ਦੀ ਤਿਆਰੀ ਕਰਦੇ ਵਿਦਿਆਰਥੀਆਂ ਲਈ ਚੰਗੀ ਖਬਰ, PU ਅਪਲੋਡ ਕਰੇਗਾ ਸੈਂਪਲ ਪੇਪਰ

06/08/2020 12:08:00 PM

ਲੁਧਿਆਣਾ (ਵਿੱਕੀ) : ਪੰਜਾਬ ਯੂਨੀਵਰਸਿਟੀ ਵੱਲੋਂ ਸਿਰਫ ਟਰਮੀਨਲ ਕਲਾਸਾਂ (ਬੀ. ਏ./ਬੀ. ਐੱਸ. ਸੀ./ਬੀ. ਕਾਮ ਆਦਿ) ਦੇ 6ਵੇਂ ਸਮੈਸਟਰ ਅਤੇ ਐੱਮ. ਏ./ਐੱਮ. ਐੱਸ. ਸੀ. ਦੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਹੀ ਜੁਲਾਈ ’ਚ ਸਰੀਰਕ ਦੂਰੀ ਦਾ ਪਾਲਣ ਕਰਦੇ ਹੋਏ ਕਰਵਾਈਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ 3 ਦੀ ਬਜਾਏ 2 ਘੰਟੇ ਦਾ ਹੋਵੇਗਾ। ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਬਿਨਾਂ ਕਿਸੇ ਤਣਾਅ ਦੇ ਕਰ ਸਕਣ, ਇਸ ਦੇ ਲਈ ਪੀ. ਯੂ. ਨੇ ਪ੍ਰੀਖਿਆਵਾਂ ਦਾ ਸੈਂਪਲ ਪੇਪਰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਸੋਮਵਾਰ ਨੂੰ ਨੋਟਿਸ ਆਈਕਾਨ ਦੇ ਜ਼ਰੀਏ ਅਪਲੋਡ ਕਰਨ ਦੀ ਤਿਆਰੀ ਕਰ ਲਈ ਹੈ।

ਦੱਸ ਦੇਈਏ ਕਿ ਯੂਨੀਵਰਸਿਟੀ ਨੇ 196 ਐਫੀਲੇਟਿਡ ਕਾਲਜਾਂ ’ਚ ਫਾਈਨਲ ਈਅਰ ਦੀ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਕਰ ਲਈ ਹੈ। ਯੂਨੀਵਰਸਿਟੀ ਮੁਤਾਬਕ ਇਹ ਅਪਲੋਡ ਫੈਕਲਟੀ ਵਾਈਸ ਕਾਲਮ ਬਣਾ ਕੇ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਪਣੀ ਫੈਕਲਟੀ ਵਾਈਜ਼ ਆਪਣੇ-ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖ ਕੇ ਤਿਆਰੀ ਸ਼ੁਰੂ ਕਰ ਸਕਣ। ਪੀ. ਸੀ. ਐੱਮ. ਏ. ਦੇ ਪ੍ਰਧਾਨ ਡਾ. ਅਸ਼ਵਨੀ ਭੱਲਾ ਅਤੇ ਸਾਰੇ ਪ੍ਰਿੰਸੀਪਲਾਂ ਦੇ ਨਾਲ ਵਰਚੁਅਲ ਵਾਰਤਾਲਾਪ 'ਚ ਪੰਜਾਬ ਯੂਨੀਵਰਸਿਟੀ 'ਚ ਕੰਟਰੋਲਰ ਆਫ ਐਗਜਾਮੀਨੇਸ਼ਨ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਪਣੀ ਯੋਜਨਾ ਤਿਆਰ ਕਰ ਲਈ ਹੈ ਅਤੇ ਪੂਰੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਦੀ ਪਾਲਣਾ ਕਰਦੇ ਹੋਏ ਟਰਮੀਨਲ ਸਮੈਸਟਰ ਪ੍ਰੀਖਿਆਵਾਂ ਦਾ ਸੰਚਾਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸੋਮਵਾਰ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹਨ।
ਪ੍ਰੀਖਿਆਵਾਂ ’ਚ ਪੁੱਜਣਗੇ 80 ਹਜ਼ਾਰ ਦੇ ਕਰੀਬ ਵਿਦਿਆਰਥੀ
ਜਾਣਕਾਰੀ ਮੁਤਾਬਕ ਜੁਲਾਈ 'ਚ ਹੋਣ ਵਾਲੀ ਸੰਭਾਵਿਤ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ 'ਚ 80 ਹਜ਼ਾਰ ਦੇ ਕਰੀਬ ਪ੍ਰੀਖਿਆਰਥੀ ਹਿੱਸਾ ਲੈਣ ਜਾ ਰਹੇ ਹਨ। ਯੂਨੀਵਰਸਿਟੀ ਸੂਤਰਾਂ ਮੁਤਾਬਕ 60 ਹਜ਼ਾਰ ਵਿਦਿਆਰਥੀ ਅੰਡਰ ਗ੍ਰੇਜੂਏਟ ਅਤੇ 20 ਹਜ਼ਾਰ ਪ੍ਰੀਖਿਆਰਥੀ ਪੋਸਟ ਗ੍ਰੇਜੂਏਟ ਕਲਾਸਾਂ ਦੇ ਹਨ। ਪੀ. ਯੂ. ਪ੍ਰਸਾਸ਼ਨ ਨੇ ਯੋਜਨਾ ਬਣਾਈ ਹੈ ਕਿ ਜੋ ਵਿਦਿਆਰਥੀ ਰੈੱਡ ਜ਼ੋਨ ਜਾਂ ਕੰਟੇਨਮੈਂਟ ਜ਼ੋਨ 'ਚ ਪੈਂਦੇ ਖੇਤਰਾਂ ਨਾਲ ਸਬੰਧਤ ਹੋਣ ਕਾਰਨ ਪ੍ਰੀਖਿਆ ਨਹੀਂ ਦੇ ਸਕਣਗੇ, ਉਨ੍ਹਾਂ ਨੂੰ ਹਾਲਾਤ ਸਹੀ ਹੋਣ 'ਤੇ ਐਗਜ਼ਾਮ ਸਪੈਸ਼ਲ ਚਾਂਸ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰੀਖਿਆਵਾਂ ਦੇ ਸ਼ਡਿਊਲ ਨੂੰ ਲੈ ਕੇ ਯੂਨੀਵਰਸਿਟੀ ਨੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਸੁਝਾਅ ਵੀ ਮੰਗੇ ਹਨ।

Babita

This news is Content Editor Babita