ਪੰਜਾਬ ''ਚ 20 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ : ਡਾ. ਗੁਰਬਖਸ਼ ਸਿੰਘ

04/26/2018 12:16:52 AM

ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ 'ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009' ਵਿਚ 19 ਅਪ੍ਰੈਲ 2018 ਨੂੰ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਝੋਨੇ ਦੀ ਪਨੀਰੀ ਲਾਉਣ ਦੀ ਮਿਤੀ ਅਤੇ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਦੀ ਮਿਤੀ 'ਚ ਸੋਧ ਕੀਤੀ ਗਈ ਹੈ। ਇਨ੍ਹਾਂ ਨਵੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨ 20 ਮਈ ਤੋਂ ਝੋਨੇ ਦੀ ਪਨੀਰੀ ਲਾ ਸਕਣਗੇ ਅਤੇ 20 ਜੂਨ ਤੋਂ ਝੋਨੇ ਦੀ ਪਨੀਰੀ ਪੁੱਟ ਕੇ ਖੇਤਾਂ ਵਿਚ ਲਾ ਸਕਣਗੇ।  ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਖਸ਼ ਸਿੰਘ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਇਹ ਮਿਤੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ। 20 ਜੂਨ ਤੋਂ ਪਹਿਲਾਂ ਲਾਏ ਗਏ ਝੋਨੇ ਦੀ ਫਸਲ ਨੂੰ ਵੱਧ ਪਾਣੀ ਦੀ ਲੋੜ ਪੈਂਦੀ ਹੈ ਕਿਉਂਕਿ ਉਸ ਸਮੇਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਹਵਾ ਵਿਚ ਨਮੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ।