''ਪੰਜਾਬ ''ਚ ਹੋਵੇਗੀ ਹੋਰ ਵੀ ਸਖ਼ਤੀ, ਭਲਕੇ ਜਾਰੀ ਹੋਣਗੀਆਂ ਗਾਈਡਲਾਈਨਜ਼''

07/12/2020 9:12:14 PM

ਜਲੰਧਰ (ਵੈਬ ਡੈਸਕ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਰਾਹੀਂ ਲਾਈਵ ਹੋਏ, ਜਿੱਥੇ ਉਨ੍ਹਾਂ ਨੇ ਕੋਰੋਨਾ ਸੰਕਟ 'ਤੇ ਗੱਲ ਕੀਤੀ ਅਤੇ ਉੱਥੇ ਹੀ ਉਨ੍ਹਾਂ ਨੇ ਜਨਤਾ ਵੱਲੋਂ ਫੇਸਬੁੱਕ 'ਤੇ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਸੂਬੇ 'ਚ 10 ਹਜ਼ਾਰ ਤੋਂ ਵਧੇਰੇ ਕੀਤੇ ਜਾ ਰਹੇ ਨੇ ਟੈਸਟ
ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਟੈਸਟਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਰੋਜ਼ਾਨਾ 10 ਹਜ਼ਾਰ ਤੋਂ ਜ਼ਿਆਦਾ ਟੈਸਟ ਹੋ ਰਹੇ ਹਨ। ਇਹੀਂ ਕਾਰਨ ਹੈ ਕਿ ਜ਼ਿਆਦਾ ਟੈਸਟਾਂ ਦੇ ਚਲਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਵਧੇਰੇ ਮਾਮਲਿਆਂ ਦਾ ਦੂਜਾ ਕਾਰਨ ਉਨ੍ਹਾਂ ਨੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਦੱਸਿਆ ਪਰ ਨਾਲ ਹੀ ਉਨ੍ਹਾਂ ਕਿਹਾ ਇਹ ਪੰਜਾਬ ਉਨ੍ਹਾਂ ਦਾ ਵੀ ਘਰ ਹੈ। ਅਸੀਂ ਉਨ੍ਹ੍ਹਾਂ ਨੂੰ ਆਪਣੇ ਘਰ ਵਾਪਸ ਆਉਣ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ 5100 ਲੋਕਾਂ ਦੇ ਚਲਾਨ ਕੀਤੇ ਗਏ ਹਨ, ਜੇਕਰ ਲੋਕ ਨਹੀਂ ਸਮਝਦੇ ਤਾਂ ਪੰਜਾਬ 'ਚ ਹੋਰ ਵੀ ਸਖ਼ਤੀ ਕੀਤੀ ਜਾਵੇਗੀ।

ਮੈਂ ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣਨ ਦਿਆਂਗਾ : ਕੈਪਟਨ
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣਨ ਦੇਵਾਂਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦੀ ਦਵਾਈ ਨਹੀਂ ਆ ਜਾਂਦੀ ਉਦੋਂ ਤੱਕ ਪੰਜਾਬ ਨੂੰ ਬਚਾ ਕੇ ਰੱਖਣਾ ਹੋਵੇਗਾ ਇਸ ਲਈ ਸਰਕਾਰ ਸੋਸ਼ਲ ਡਿਸਟੈਂਸਿੰਗ 'ਤੇ ਨਵੀਆਂ ਗਾਈਡ ਲਾਈਨਜ਼ ਜਾਰੀ ਕਰੇਗੀ।
ਉਨ੍ਹਾਂ ਕਿਹਾ ਕਿ ਸਾਰੇ ਲੋਕ ਮਾਸਕ ਜਰੂਰ ਪਹਿਨਣ। ਜੋ ਲੋਕ ਮਾਸਕ ਖਰੀਦਣ 'ਚ ਅਸਮਰਥ ਹਨ ਉਨ੍ਹਾਂ ਗਰੀਬ ਲੋਕਾਂ ਤੱਕ ਮਾਸਕ ਪਹੁੰਚਾਉਣ ਲਈ ਸਾਰੇ ਡੀ.ਸੀ ਅਧਿਕਾਰੀਆਂ ਨੂੰ ਮਾਸਕ ਭੇਜੇ ਜਾਣਗੇ ਜੋ ਗਰੀਬ ਲੋਕਾਂ ਤੱਕ ਪਹੁੰਚਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਸਬੰਧ 'ਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਧ ਰਹੇ ਕੋਰੋਨਾ ਮਾਮਲਿਆਂ 'ਤੇ ਕਲ ਨਵੀਆਂ ਗਾਈਡ ਲਾਈਨਜ਼ ਜਾਰੀ ਹੋਣਗੀਆਂ।

 

Bharat Thapa

This news is Content Editor Bharat Thapa