ਪੰਜਾਬ ਦੀਆਂ ਤਹਿਸੀਲਾਂ ''ਚ 22 ਅਗਸਤ ਤੱਕ ਨਹੀਂ ਹੋਵੇਗਾ ਕੰਮ

08/17/2017 3:46:58 PM

ਤਪਾ ਮੰਡੀ (ਢੀਂਗਰਾ) : ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਅਗਲੇ ਪੰਜ ਦਿਨ 18 ਤੋਂ 22 ਅਗਸਤ ਤੱਕ ਕੰਮ ਬੰਦ ਰਹਿ ਸਕਦਾ ਹੈ ਕਿਉਂਕਿ ਪੰਜਾਬ ਰੈਵਨਿਊ ਅਫਸਰ ਯੂਨੀਅਨ ਨੂੰ ਆਪਣੇ ਇਕ ਤਹਿਸੀਲਦਾਰ ਨੂੰ ਵਿਜੀਲੈਂਸ ਵਿਭਾਗ ਵਲੋਂ ਤੰਗ ਕੀਤੇ ਜਾਣ ਦੇ ਕਾਰਨ 18 ਅਤੇ 21 ਅਗਸਤ ਨੂੰ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ । 19-20 ਨੂੰ ਸ਼ਨੀਵਾਰ ਅਤੇ ਐਤਵਾਰ ਅਤੇ 22 ਅਗਸਤ ਨੂੰ ਸਰਕਾਰੀ ਛੁੱਟੀ ਹੈ। ਬੀਤੇ ਦਿਨ ਇਸ ਮਾਮਲੇ ਨੂੰ ਲੈ ਕੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਆਪਣੇ ਜ਼ਿਲੇ ਦੇ ਡਿਪਟੀ ਕਮਿਸ਼ਨਰਾ ਨੂੰ ਮੰਗ ਪੱਤਰ ਦਿੱਤੇ ਸਨ। ਮਾਮਲਾ ਜਲੰਧਰ ਦੇ ਤਹਿਸੀਲਦਾਰ ਨਵਦੀਪ ਸਿੰਘ ਦਾ ਹੈ, ਜਿਨ੍ਹਾਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਜਲਧੰਰ ਤੋਂ ਅਮਲੋਹ ਬਦਲ ਦਿੱਤਾ ਗਿਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਜਲਧੰਰ ਦੇ ਤਹਿਸੀਲਦਾਰ ਹੁੰਦੇ ਹੋਏ ਉਨ੍ਹਾਂ ਨੇ ਕੇਂਦਰ ਸਰਕਾਰ ਦੀ 19 ਕਨਾਲ 17 ਮਰਲਾ ਜ਼ਮੀਨ ਜਲਧੰਰ ਖੇਤਰ ਦੇ ਇਕ ਅਕਾਲੀ ਵਿਧਾਇਕ ਦੇ ਭਰਾ ਦੇ ਨਾਮ ਬਦਲੀ ਕਰ ਦਿੱਤੀ ਸੀ । ਇਹ ਜ਼ਮੀਨ ਜਿਸਦੀ ਮਾਰਕਿਟ ਕੀਮਤ ਕਰੀਬ 40 ਕਰੋੜ ਰੁਪਏ ਹੈ, ਅਕਾਲੀ ਵਿਧਾਇਕ ਦੇ ਭਰਾ ਨੂੰ ਮਾਤਰ 35100 ਰੁਪਏ ਵਿਚ ਦੇ ਦਿੱਤੀ ਗਈ। ਤਹਿਸੀਲਦਾਰ ਨੇ ਇਸ ਜ਼ਮੀਨ ਦੀ ਬਦਲੀ ਅਕਾਲੀ ਦਲ ਦੇ ਵਿਧਾਇਕ ਦੇ ਭਰਾ ਨੂੰ ਕਰ ਦਿੱਤੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਚੌਕਸੀ ਵਿਭਾਗ ਨੂੰ ਦੇ ਦਿੱਤੀ। ਰੈਵਨਿਉੂ ਅਫਸਰ ਯੂਨੀਅਨ ਦਾ ਦੋਸ਼ ਹੈ ਕਿ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੇ ਨਾਮ 'ਤੇ ਤਹਿਸੀਲਦਾਰ ਨਵਦੀਪ ਸਿੰਘ ਨੂੰ ਤੰਗ-ਪਰੇਸ਼ਾਨ ਕੀਤਾ। ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਨੇ 'ਜਗਬਾਣੀ' ਨੂੰ ਦਸਿਆ ਕਿ ਜੇਕਰ ਇਹ ਜਾਂਚ ਚੌਕਸੀ ਵਿਭਾਗ ਤੋਂ ਵਾਪਸ ਲੈਕੇ ਰੈਵੀਨਿਊ ਵਿਭਾਗ ਨੂੰ ਨਾ ਦਿੱਤੀ ਗਈ ਤਾਂ ਦੋ ਦਿਨ ਦੀ ਟੋਕਨ ਹੜਤਾਲ ਤੋਂ ਇਲਾਵਾ ਇਸ ਹੜਤਾਲ ਨੂੰ ਅਗਲੇ ਸਮੇਂ ਲਈ ਵੀ ਜਾਰੀ ਰੱਖਿਆ ਜਾ ਸਕਦਾ ਹੈ ।