PTU ਘੋਟਾਲਾ: ਵਿਜੀਲੈਂਸ ਨੇ ਰਜਨੀਸ਼ ਅਰੋੜਾ ਦੇ ਘਰ ਦੀ ਕੀਤੀ ਜਾਂਚ

01/10/2018 3:30:22 PM

ਜਲੰਧਰ/ਕਪੂਰਥਲਾ— 25 ਕਰੋੜ ਦੇ ਘੋਟਾਲੇ ਦੇ ਦੋਸ਼ 'ਚ ਗ੍ਰਿਫਤਾਰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦੇ ਘਰ 'ਤੇ ਬੀਤੇ ਦਿਨ ਵਿਜੀਲੈਂਸ ਨੇ ਦਬਿਸ਼ ਕੀਤੀ। ਘਰ ਦਾ ਸਰਚ ਵਾਰੰਟ ਨਾ ਹੋਣ ਕਰਕੇ ਟੀਮ ਵਾਪਸ ਆ ਗਈ। ਸ਼ਾਮ ਨੂੰ ਕਰੀਬ 5 ਵਜੇ ਵਿਜੀਲੈਂਸ ਦੁਬਾਰਾ ਵਾਰੰਟ ਲੈ ਕੇ ਆਈ ਅਤੇ ਘਰ ਦੀ ਚੈਕਿੰਗ ਕੀਤੀ ਪਰ ਜਾਂਚ ਦੌਰਾਨ ਹੱਥ ਕੁਝ ਵੀ ਨਹੀਂ ਲੱਗਾ। ਉਥੇ ਹੀ ਵਿਜੀਲੈਂਸ ਦੀ ਦੂਜੀ ਟੀਮ ਨੇ ਪੀ. ਟੀ. ਯੂ. 'ਚ 8 ਘੰਟੇ ਤੱਕ ਰਿਕਾਰਡ ਖੰਗਾਲਿਆ। ਟੀਮ ਨੇ ਅਰੋੜਾ ਦੇ 24 ਦਸੰਬਰ 2008 ਤੋਂ ਲੈ ਕੇ 14 ਜਨਵਰੀ 2015 ਦੇ ਕਾਰਜਕਾਲ ਦਾ ਰਿਕਾਰਡ ਕਬਜ਼ੇ 'ਚ ਲੈਣਾ ਸ਼ੁਰੂ ਕੀਤਾ ਹੈ। 
ਦੂਜੇ ਪਾਸੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਸਮਰਥਕਾਂ ਦੇ ਨਾਲ ਡਟੇ ਰਹੇ। ਜੋਸ਼ੀ ਨੇ ਕਿਹਾ ਕਿ ਰਜਨੀਸ਼ ਅਰੋੜਾ ਬੇਹੱਦ ਈਮਾਨਦਾਰ ਵਿਅਕਤੀ ਹਨ। ਵਿਜੀਲੈਂਸ ਜਲੰਧਰ ਦੇ ਐੱਸ. ਐੱਸ. ਪੀ. ਡੀ. ਐੱਸ. ਢਿੱਲੋਂ ਨੇ ਕਿਹਾ ਕਿ ਸਰਚ ਦੌਰਾਨ ਕੇਸ ਨਾਲ ਸਬੰਧਤ ਕੁਝ ਵੀ ਹੱਥ ਨਹੀਂ ਲੱਗਾ ਹੈ ਅਤੇ ਸਾਬਕਾ ਵੀ. ਸੀ. ਅਰੋੜਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫੈਕਸ ਮਸ਼ੀਨ 'ਚ ਖਰਾਬੀ ਹੋਣ ਕਰਕੇ ਸਰਚ ਵਾਰੰਟ ਭੇਜੇ ਨਹੀਂ ਜਾ ਸਕੇ ਸਨ ਪਰ ਬਾਅਦ 'ਚ ਸਰਚ ਵਾਰੰਟ ਹਾਸਲ ਕਰਨ ਤੋਂ ਬਾਅਦ ਦੁਬਾਰਾ ਤੋਂ ਟੀਮ ਸਰਚ ਕਰਨ ਲਈ ਭੇਜੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਪੂਰੀ ਰਿਪੋਰਟ ਬਣਾ ਕੇ ਵਿਜੀਲੈਂਸ ਡਾਇਰੈਕਟਰ ਨੂੰ ਭੇਜੀ ਜਾਵੇਗੀ।