ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਲੈਣ ਦਾ ਐਲਾਨ

09/13/2019 6:51:57 PM

ਐੱਸ. ਏ. ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਸੈਸ਼ਨ 2019-20 ਤੋਂ ਪੰਜਵੀਂ ਤੇ ਅੱਠਵੀਂ ਸ਼੍ਰੇਣੀਆਂ ਦੀ ਬੋਰਡ ਪ੍ਰੀਖਿਆ ਲਏ ਜਾਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਮੈਟ੍ਰਿਕ ਤੇ ਸੀਨੀਅਰ ਸੈਕੰਡਰੀ ਦੇ ਨਾਲ ਪੰਜਵੀਂ ਤੇ ਅੱਠਵੀਂ ਪੱਧਰ 'ਤੇ ਸਲਾਨਾ ਪ੍ਰੀਖਿਆਵਾਂ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ ਪੰਜਵੀਂ ਤੇ ਅੱਠਵੀਂ ਪੱਧਰ ਤੱਕ ਦੇ ਸਕੂਲਾਂ ਨੂੰ ਸ਼ਨਾਖ਼ਤੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬੋਰਡ ਕੋਲ ਪਹਿਲਾਂ ਹੀ ਮਾਨਤਾ ਪ੍ਰਾਪਤ ਦਸਵੀਂ ਤੇ ਬਾਰ੍ਹਵੀਂ ਪੱਧਰ ਦੇ ਸਕੂਲਾਂ ਨੂੰ ਵੱਖਰੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਇਸ ਵਿਚ ਸਰਕਾਰੀ, ਏਡਿਡ, ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲ ਸ਼ਾਮਲ ਹਨ। ਨਵੀਂ ਬੋਰਡ ਪ੍ਰੀਖਿਆ ਦੇ ਐਲਾਨ ਦੇ ਨਾਲੋਂ-ਨਾਲ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਅਕਾਦਮਿਕ ਸਾਲ 2019-20 ਲਈ ਆਰਜੀ ਮਾਨਤਾ ਲੈਣ ਦਾ ਮੌਕਾ ਦਿੱਤਾ ਹੈ ਜੋ ਨਿਰੋਲ ਪੰਜਵੀਂ ਤੇ ਅੱਠਵੀਂ ਪੱਧਰ ਤੱਕ ਹੀ ਹਨ ਅਤੇ ਕਿਸੇ ਵੀ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਨਹੀਂ ਹਨ।

ਅਜਿਹੀ ਮਾਨਤਾ ਲਈ ਬੋਰਡ ਦੀ ਸਾਈਟ 'ਤੇ ਐਫੀਲੀਏਸ਼ਨ ਬ੍ਰਾਂਚ ਦੇ ਪੋਰਟਲ ਅਧੀਨ ਫਾਰਮ ਭਰੇ ਜਾ ਸਕਦੇ ਹਨ। ਇਸ ਆਰਜ਼ੀ ਮਾਨਤਾ ਲਈ 30 ਸਤੰਬਰ ਤੱਕ ਹੀ ਫਾਰਮ ਭਰੇ ਜਾਣਗੇ। ਬੋਰਡ ਦੇ ਇਸ ਫੈਸਲੇ ਨਾਲ ਅਜਿਹੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਲ ਦੀ ਘੜੀ ਸੰਜੀਵਨੀ ਮਿਲ ਗਈ ਹੈ ਜੋ ਸਿੱਖਿਆ ਅਧਿਕਾਰ ਨਿਯਮ ਤਹਿਤ ਕਿਸੇ ਵੀ ਕਿਸਮ ਦੀ ਮਾਨਤਾ ਰਹਿਤ ਅਦਾਰਿਆਂ ਵਿਚ ਪੜ੍ਹ ਰਹੇ ਸਨ।

Gurminder Singh

This news is Content Editor Gurminder Singh