ਸਿੱਖਿਆ ਬੋਰਡ ਵਲੋਂ 21 ਨੂੰ ਭੇਜੇ ਜਾਣਗੇ 10ਵੀਂ ਦੇ ਨਤੀਜਾ ਕਾਰਡ

06/20/2018 7:19:59 AM

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੁਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲਾ ਪੱਧਰ 'ਤੇ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਵਿਚ 21 ਜੂਨ ਨੂੰ ਭੇਜੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਬੰਧਤ ਸਕੂਲਾਂ ਦੇ ਮੁਖੀ ਆਪਣੇ ਰੈਗੂਲਰ ਅਤੇ ਓਪਨ ਸਕੂਲ ਦੇ ਨਤੀਜਾ ਕਾਰਡ/ਸਰਟੀਫਿਕੇਟ ਆਪਣੇ ਜ਼ਿਲਾ ਖੇਤਰੀ ਦਫ਼ਤਰਾਂ ਤੋਂ 22 ਜੂਨ ਤੋਂ ਪ੍ਰਾਪਤ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਇਹ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲਾ ਬਰਨਾਲਾ ਦੇ ਸਕੂਲਾਂ ਦੇ ਮੁਖੀ ਖੇਤਰੀ ਦਫ਼ਤਰ ਸੰਗਰੂਰ ਤੋਂ, ਜ਼ਿਲਾ ਸੰਗਰੂਰ ਦੀ ਤਹਿਸੀਲ ਮੂਨਕ ਦੇ ਸਕੂਲਾਂ ਦੇ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੂਨਕ ਵਿਖੇ ਸਥਿਤ ਖੇਤਰੀ ਦਫ਼ਤਰ ਤੋਂ, ਜ਼ਿਲਾ ਫ਼ਾਜ਼ਿਲਕਾ ਦੇ ਸਕੂਲ ਮੁਖੀ ਖੇਤਰੀ ਦਫ਼ਤਰ ਅਬੋਹਰ ਤੋਂ ਅਤੇ ਮੋਹਾਲੀ ਦੇ ਸਕੂਲ ਮੁਖੀ ਮੁੱਖ ਦਫ਼ਤਰ ਮੋਹਾਲੀ ਤੋਂ ਪ੍ਰਾਪਤ ਕਰਨਗੇ।