ਬੋਰਡ ਦੇ ਆਦਰਸ਼ ਸਕੂਲ ਹੋਣਗੇ ਸਿੱਖਿਆ ਵਿਭਾਗ ਦੇ ਹਵਾਲੇ

04/05/2018 7:11:28 AM

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਇਕ ਅਹਿਮ ਫੈਸਲਾ ਲਿਆ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਂਦੇ ਦਿਨਾਂ ਵਿਚ ਇਹ ਆਦਰਸ਼ ਸਕੂਲ ਸਿੱਖਿਆ ਵਿਭਾਗ ਨੂੰ ਵਾਪਸ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਸਕੂਲਾਂ ਦਾ ਸੰਚਾਲਨ ਸਿੱਖਿਆ ਵਿਭਾਗ ਹੀ ਕਰਿਆ ਕਰੇਗਾ। ਜਗ ਬਾਣੀ ਨਾਲ ਖਾਸ ਮੁਲਾਕਾਤ ਦੌਰਾਨ ਕਲੋਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਸਿੱਖਿਆ ਮੰਤਰੀ ਨਾਲ ਵੀ ਗੱਲ ਕੀਤੀ ਹੈ ਅਤੇ ਸਿੱਖਿਆ ਸਕੱਤਰ ਨੂੰ ਵੀ ਇਕ ਪੱਤਰ ਲਿਖਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਆਉਂਦੇ 15-20 ਦਿਨਾਂ ਦੌਰਾਨ ਇਹ ਮਾਮਲਾ ਹੱਲ ਹੋ ਜਾਵੇਗਾ ਅਤੇ ਆਦਰਸ਼ ਸਕੂਲਾਂ ਦਾ ਚਾਰਜ ਸਿੱਖਿਆ ਵਿਭਾਗ ਆਪਣੇ ਹੱਥਾਂ ਵਿਚ ਲੈ ਲਵੇਗਾ।
ਜ਼ਿਕਰਯੋਗ ਹੈ ਕਿ ਇਸ ਵੇਲੇ ਸਿੱਖਿਆ ਬੋਰਡ ਜਿਹੜੇ 11 ਆਦਰਸ਼ ਸਕੂਲ ਚਲਾ ਰਿਹਾ ਹੈ, ਉਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਬਠਿੰਡਾ ਅਤੇ ਮੋਗਾ ਵਿਚ ਚਲ ਰਹੇ ਹਨ। ਇਨ੍ਹਾਂ 11 ਸਕੂਲਾਂ ਨੂੰ ਚਲਾਉਣ ਦਾ ਖਰਚਾ ਲਗਭਗ 40 ਕਰੋੜ ਰੁਪਏ ਸਾਲਾਨਾ ਬਣਦਾ ਹੈ। ਜੇਕਰ ਇਹ ਸਕੂਲ ਸਿੱਖਿਆ ਬੋਰਡ ਕੋਲ ਵਾਪਸ ਚਲੇ ਜਾਂਦੇ ਹਨ ਤਾਂ ਪਹਿਲਾਂ ਤੋਂ ਹੀ ਘਾਟਾ ਸਹਿ ਰਹੇ ਸਿੱਖਿਆ ਬੋਰਡ ਦੇ ਸਾਲਾਨਾ ਲਗਭਗ 40 ਕਰੋੜ ਰੁਪਏ ਬਚ ਜਾਇਆ ਕਰਨਗੇ।
ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਕ ਮਹੀਨੇ ਦੇ ਅੰਦਰ-ਅੰਦਰ ਇਸ ਸਬੰਧੀ ਫੈਸਲਾ ਹੋ ਜਾਵੇਗਾ ਅਤੇ ਬੋਰਡ ਦੀ 40-45 ਕਰੋੜ ਰੁਪਏ ਦੀ ਬਚਤ ਹੋਣੀ ਸ਼ੁਰੂ ਹੋ ਜਾਵੇਗੀ।
ਇਹ ਹਨ 11 ਆਦਰਸ਼ ਸਕੂਲ: ਸਿੱਖਿਆ ਬੋਰਡ ਵਲੋਂ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਵਿਚੋਂ ਜ਼ਿਲਾ ਮੁਕਤਸਰ ਸਾਹਿਬ ਵਿਚ ਚੱਲ ਰਹੇ ਸਕੂਲ ਹਨ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਬਲਾਕ ਲੰਬੀ,  ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰੇਵਾਲੀ ਭੰਗੇਵਾਲਾ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਈ ਬਲਾਕ ਗਿੱਦੜਬਾਹਾ, ਬੀਬੀ ਸੁਰਿੰਦਰ ਕੌਰ ਬਾਦਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾ ਖੇੜਾ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਾਣੀਵਾਲਾ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਹਿਜ਼ਾਦਾ ਸੰਤ ਸਿੰਘ ਬਲਾਕ ਜ਼ੀਰਾ (ਫਿਰੋਜ਼ਪੁਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਬਲਾਕ ਬੰਗਾ (ਸ਼ਹੀਦ ਭਗਤ ਸਿੰਘ ਨਗਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਓ ਬੁੱਟਰ ਬਲਾਕ ਬਾਬਾ ਬਕਾਲਾ (ਅੰਮ੍ਰਿਤਸਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਬਲਾਕ ਸੰਗਤ (ਬਠਿੰਡਾ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਬਲਾਕ ਨਿਹਾਲ ਸਿੰਘ ਵਾਲਾ (ਮੋਗਾ) ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖੰਭਾ ਬਲਾਕ ਧਰਮਕੋਟ (ਮੋਗਾ) ਹਨ।