10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫ਼ੀਸ ਦੀਆਂ ਤਾਰੀਖ਼ਾਂ ''ਚ ਕੀਤਾ ਵਾਧਾ

10/30/2021 6:52:05 PM

ਚੰਡੀਗੜ੍ਹ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਸਮੇਤ ਓਪਨ ਸਕੂਲ ਲਈ ਵੱਖ-ਵੱਖ ਕਾਰਨਾਂ ਕਰਕੇ ਬਿਨਾਂ ਲੇਟ ਫ਼ੀਸ ਪ੍ਰੀਖਿਆ ਫ਼ਾਰਮ ਅਤੇ ਫ਼ੀਸਾਂ ਭਰਨ ਦੀਆਂ ਮਿਤੀਆਂ ਵਿੱਚ ਕੁਝ ਦਿਨ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ-1 ਅਤੇ ਟਰਮ-2 ਦੀਆਂ ਪ੍ਰੀਖਿਆ ਫ਼ੀਸਾਂ ਅਤੇ ਪ੍ਰੀਖਿਆ ਫ਼ਾਰਮ ਪ੍ਰਾਪਤ ਕਰਨ ਦੇ ਸ਼ਡਿਊਲ ਵਿੱਚ ਪ੍ਰਸਾਸ਼ਨਿਕ ਅਤੇ ਤਕਨੀਕੀ ਕਾਰਨਾਂ ਜਿਵੇਂ ਕਿ ਕੋਵਿਡ-19, ਡੇਂਗੂ ਅਤੇ ਕੁਝ ਬੱਚਿਆਂ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।।

ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਜੇ. ਆਰ. ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਲਈ ਪ੍ਰਤੀ ਪ੍ਰੀਖਿਆਰਥੀ 800 ਰੁਪਏ ਪ੍ਰੀਖਿਆ ਫ਼ੀਸ, 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਦੇ ਨਾਲ-ਨਾਲ 350 ਰੁਪਏ ਪ੍ਰਤੀ ਵਾਧੂ ਵਿਸ਼ਾ 'ਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰਤੀ ਪ੍ਰੀਖਿਆਰਥੀ 1200 ਰੁਪਏ ਪ੍ਰੀਖਿਆ ਫ਼ੀਸ, 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਨਿਰਧਾਰਤ ਕੀਤੀ ਫ਼ੀਸ ਸੰਸਥਾਵਾਂ ਲਈ ਬਿਨਾਂ ਕਿਸੇ ਲੇਟ ਫ਼ੀਸ ਦੇ ਬੈਂਕ ਚਲਾਨ ਜੈਨਰੇਟ ਕਰਨ ਦੀ ਆਖ਼ਰੀ ਮਿਤੀ 29 ਅਕਤੂਬਰ 2021 ਅਤੇ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 08 ਨਵੰਬਰ 2021 ਤੈਅ ਕੀਤੀ ਗਈ ਸੀ। ਹੁਣ ਸੰਸਥਾਵਾਂ ਬਿਨਾਂ ਕਿਸੇ ਲੇਟ ਫ਼ੀਸ ਦੇ 08 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕਰਕੇ 12 ਨਵੰਬਰ ਤੱਕ ਬੈਂਕ ਵਿੱਚ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾ ਸਕਣਗੀਆਂ। ਇਸ ਉਪਰੰਤ ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ 15 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕਰਕੇ 22 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸਾਂ ਜਮ੍ਹਾ ਕਰਵਾਈਆਂ ਜਾ ਸਕਣਗੀਆਂ। ਅੰਤ ਵਿੱਚ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰਵਾਨਗੀ ਅਤੇ ਪ੍ਰਤੀ ਪ੍ਰੀਖਿਆਰਥੀ 2000 ਰੁਪਏ ਲੇਟ ਫ਼ੀਸ ਨਾਲ 22 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕਰਕੇ 26 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ। ਪ੍ਰੀਖਿਆ ਨਾਲ ਸਬੰਧਤ ਬਾਕੀ ਹਦਾਇਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ। 

ਇਹ ਵੀ ਪੜ੍ਹੋ:  ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ

ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਹਰੇਕ ਪ੍ਰੀਖਿਆਰਥੀ ਲਈ ਟਰਮ-1 ਅਤੇ ਟਰਮ-2 ਦੀਆਂ ਪ੍ਰੀਖਿਆਵਾਂ ਲਾਜ਼ਮੀ ਹਨ। ਬੋਰਡ ਵੱਲੋਂ ਟਰਮ-1 ਦੀਆ ਪ੍ਰੀਖਿਆਵਾਂ ਦਸੰਬਰ 2021 ਵਿੱਚ ਕਰਵਾਈਆਂ ਜਾ ਰਹੀਆਂ ਹਨ, ਇਸ ਲਈ ਪ੍ਰੀਖਿਆ ਫ਼ਾਰਮ ਅਤੇ ਫ਼ੀਸਾਂ ਸਬੰਧੀ ਸ਼ਡਿਊਲ ਵਿੱਚ ਹੋਰ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਫ਼ੀਸ ਨਹੀਂ ਭਰਨਗੇ, ਉਹ ਇਨ੍ਹਾਂ ਪ੍ਰੀਖਿਆਵਾਂ ਵਿੱਚ ਅਪੀਅਰ ਨਹੀਂ ਹੋ ਸਕਣਗੇ, ਜਿਸ ਲਈ ਪ੍ਰੀਖਿਆਰਥੀ ਖ਼ੁਦ ਅਤੇ ਸਬੰਧਤ ਸੰਸਥਾ ਜਿੰਮੇਵਾਰ ਹੋਵੇਗੀ। 

ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਭਰਨੀ ਲਾਜ਼ਮੀ ਹੋਵੇਗੀ। ਓਪਨ ਸਕੂਲ ਪ੍ਰਣਾਲੀ ਦੇ ਪ੍ਰੀਖਿਆਰਥੀਆਂ ਨੂੰ ਛੇਤੀ ਹੀ ਪ੍ਰੀਖਿਆਵਾਂ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ ਮੀਡੀਆ ਰਾਹੀਂ ਸੂਚਿਤ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਟਾਈਟਲਰ ਦੀ ਨਿਯੁਕਤੀ ’ਤੇ ਸੁਨੀਲ ਜਾਖੜ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਵੇ ਪੰਜਾਬ ਸਰਕਾਰ: ਦਲਜੀਤ ਚੀਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri