10ਵੀਂ ਦੇ ਨਤੀਜਿਆਂ ''ਚ ਫਾਡੀ ਰਿਹਾ ਫਾਜ਼ਿਲਕਾ, ਗਰਮੀਆਂ ਦੀਆਂ ਛੁੱਟੀਆਂ ''ਚ ਵੀ ਕਲਾਸਾਂ ਲਗਾਉਣ ਦੇ ਹੁਕਮ

05/24/2017 1:53:29 PM

ਜਲਾਲਾਬਾਦ (ਸੇਤੀਆ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 10ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੌਰਾਨ ਆਏ ਨਤੀਜਿਆਂ ਨੇ ਸਕੂਲ ਪ੍ਰਸ਼ਾਸਨ, ਮਾਪੇ ਅਤੇ ਬੱਚਿਆਂ ਵਿਚ ਕਾਫੀ ਨਿਰਾਸ਼ਾ ਪੈਦਾ ਕੀਤੀ ਹੈ ਅਤੇ ਜ਼ਿਲਾ ਫਾਜ਼ਿਲਕਾ ਇਕ ਵਾਰ ਫਿਰ ਨਤੀਜਿਆਂ ਦੇ ਮਾਮਲੇ ਵਿਚ ਪਿਛੜਿਆ ਨਜ਼ਰ ਆ ਰਿਹਾ ਹੈ। ਇਸ ਵਾਰ ਜ਼ਿਲਾ ਫਾਜ਼ਿਲਕਾ ਦਾ ਨਤੀਜਾ 46 ਫੀਸਦੀ ਹੀ ਰਿਹਾ ਹੈ ਜਦਕਿ ਬਲਾਕ ਜਲਾਲਾਬਾਦ ਦਾ ਨਤੀਜਾ 55 ਫੀਸਦੀ ਰਿਹਾ।
ਜਾਣਕਾਰੀ ਅਨੁਸਾਰ 10ਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਜ਼ਿਲਾ ਫਾਜ਼ਿਲਕਾ ਵਿਚ ਕੁੱਲ 13418 ਬੱਚੇ ਬੈਠੇ ਸਨ ਜਿਨ੍ਹਾਂ ''ਚ 6180 ਬੱਚੇ ਪਾਸ ਹੋਏ ਅਤੇ 7238 ਬੱਚਿਆਂ ਦੀ ਰੀਪੇਅਰ ਅਤੇ ਫੇਲ ਹੋਏ ਹਨ। ਜਲਾਲਾਬਾਦ ਬਲਾਕ ਦੀ ਗੱਲ ਕਰੀਏ ਤਾਂ ਇਥੇ 2-3 ਸਰਕਾਰੀ ਸਕੂਲਾਂ ਦਾ ਸਲਾਨਾ ਨਤੀਜਾ ਕਾਫੀ ਨਿਰਾਸ਼ਾਜਨਕ ਰਿਹਾ ਹੈ। ਜਿਨ੍ਹਾਂ ਦੀ ਔਸਤ ਪਾਸ ਬੱਚਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਸਿਰਫ 15  ਤੋਂ 20 ਫੀਸਦੀ ਬੱਚੇ ਹੀ ਪਾਸ ਹੋਏ ਹਨ। ਜਾਣਕਾਰੀ ਅਨੁਸਾਰ ਮੰਡੀ ਘੁਬਾਇਆ ਦੇ ਸਰਕਾਰੀ ਸਕੂਲ ''ਚ ਕੁੱਲ 166 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ ਸਿਰਫ 26 ਬੱਚੇ ਪਾਸ ਹੋਏ ਹਨ ਅਤੇ 66 ਬੱਚਿਆਂ ਦੀ ਰੀਪੇਅਰ ਆਈ ਹੈ ਅਤੇ 74 ਬੱਚੇ ਫੇਲ ਹੋਏ ਹਨ। ਬੱਚਿਆਂ ਦੀ ਔਸਤ ਪਾਸ ਗਿਣਤੀ 15.66 ਫੀਸਦੀ ਰਹੀ ਹੈ ਜਦਕਿ ਇਹ ਪਿੰਡ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਜੱਦੀ ਪਿੰਡ ਹੈ।
ਇਸੇ ਤਰ੍ਹਾਂ ਪਿੰਡ ਢਾਬ ਖੁਸ਼ਹਾਲ ਜੋਈਆ ਸਕੂਲ ਵਿਚ ਕੁੱਲ 67 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ ਸਿਰਫ 13 ਬੱਚੇ ਪਾਸ ਹੋਏ ਹਨ ਅਤੇ 54 ਫੇਲ ਹੋਏ ਹਨ ਅਤੇ ਔਸਤ ਬੱਚੇ ਸਿਰਫ 19 ਫੀਸਦੀ ਰਿਹਾ ਹੈ। ਇਸੇ ਤਰ੍ਹਾਂ ਢੰਡੀ ਕਦੀਮ ਸਰਕਾਰੀ ਸਕੂਲ ''ਚ ਕੁੱਲ 146 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿੰਨ੍ਹਾਂ ਵਿਚ 58 ਬੱਚੇ ਪਾਸ ਹੋਏ ਹਨ, 53 ਬੱਚਿਆਂ ਦੀ ਰੀਪੇਅਰ ਅਤੇ 35 ਬੱਚੇ ਫੇਲ ਹੋਏ ਹਨ। ਇਸੇ ਤਰ੍ਹਾਂ ਜਲਾਲਾਬਾਦ ਬਲਾਕ ਦੇ ਦੋ ਸਕੂਲਾਂ ਦਾ ਨਤੀਜਾ ਚੰਗਾ ਰਿਹਾ ਹੈ। ਇਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੈਰੋਕੇ ਦਾ ਸਲਾਨਾ ਨਤੀਜਾ ਚੰਗਾ ਰਿਹਾ ਹੈ। ਸਰਕਾਰੀ ਸਕੂਲ ਜਲਾਲਾਬਾਦ ਵਲੋਂ 145 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿੰਨ੍ਹਾਂ ''ਚ 122 ਬੱਚੇ ਪਾਸ ਹੋਏ ਹਨ ਅਤੇ 23 ਬੱਚਿਆਂ ਦੀ ਰੀਪੇਅਰ ਆਈ ਹੈ। ਇਸੇ ਤਰ੍ਹਾਂ ਵੈਰੋਕੇ ਸਕੂਲ ਦੇ 189 ਬੱਚਿਆਂ ਨੇ ਪੇਪਰ ਦਿੱਤੇ ਸਨ ਜਿੰਨ੍ਹਾਂ 148 ਬੱਚੇ ਪਾਸ ਹੋਏ ਹਨ ਅਤੇ 31 ਬੱਚਿਆਂ ਦੀ ਰੀਪੇਅਰ ਅਤੇ 10 ਬੱਚੇ ਫੇਲ ਹੋਏ ਹਨ।
ਜੇਕਰ ਨਤੀਜਿਆਂ ''ਤੇ ਨਜ਼ਰ ਦੌੜਾਈ ਜਾਵੇ ਤਾਂ ਜ਼ਿਆਦਾਤਰ ਬੱਚੇ ਸਾਇੰਸ ਅਤੇ ਗਣਿਤ ਦੇ ਵਿਸ਼ਿਆ ''ਚ ਫੇਲ ਹੋਏ ਹਨ। ਇਸ ਦੇ ਪਿੱਛੇ ਕਾਰਣ ਇਹ ਵੀ ਹੈ ਕਿ ਕਈ ਸਕੂਲਾਂ ਵਿਚ ਸਾਇੰਸ ਅਤੇ ਗਣਿਤ ਵਿਸ਼ੇ ਦੇ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ ਅਤੇ ਪੂਰੇ ਸਾਲ ਦੌਰਾਨ ਬੱਚਿਆਂ ਦੀ ਸਹੀ ਤਰੀਕੇ ਨਾਲ ਪੜ੍ਹਾਈ ਨਾ ਹੋਣ ਕਾਰਣ ਵੀ ਬੱਚੇ ਉਕਤ ਵਿਸ਼ਿਆਂ ''ਚ ਫੇਲ ਹੋਏ ਹਨ। ਦੂਜੇ ਪਾਸੇ ਇੱਕ ਸਕੂਲ ਦੇ ਅਧਿਆਪਕ ਜਿੰਨ੍ਹਾਂ ਨੂੰ ਸਟੇਟ ਆਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ ਉਸ ਸਕੂਲ ''ਚ ਵੀ ਸਿਰਫ 13 ਬੱਚੇ ਪਾਸੇ ਹੋਏ ਹਨ ਅਤੇ ਘੁਬਾਇਆ ਪਿੰਡ ਵਿੱਚ 166 ਵਿਚੋਂ ਸਿਰਫ 26 ਬੱਚੇ ਪਾਸ ਹੋਣਾ ਅਧਿਆਪਕਾਂ ਅਤੇ ਬੱਚਿਆਂ ਦੀ ਕਾਰਗੁਜ਼ਾਰੀ ''ਤੇ ਵੀ ਸਵਾਲ ਖੜ੍ਹੇ ਕਰਦਾ ਹੈ।
ਉਧਰ ਬਲਾਕ ਜਲਾਲਾਬਾਦ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਐਸ. ਡੀ. ਐਮ. ਅਵਿਕੇਸ਼ ਗੁਪਤਾ ਵਲੋਂ ਬੁਲਾਈ ਗਈ ਅਤੇ ਮੀਟਿੰਗ ਵਿਚ 10ਵੀਂ ਦੇ ਆਏ ਨਤੀਜਿਆਂ ਲਈ ਜਾਣਕਾਰੀ ਲਈ ਗਈ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਗਿਆ। ਇਸ ਮੌਕੇ ਸੰਜੀਵ ਸੇਠੀ, ਪ੍ਰਿੰਸੀਪਲ ਨਿਰਮਲਜੀਤ ਸਿੰਘ ਬਰਾੜ੍ਹ, ਰੰਜਨਾ ਕੁਮਾਰੀ, ਸੁਭਾਸ਼ ਸਿੰਘ, ਪ੍ਰਮੋਦ ਸਿੰਘ, ਮੁਖਤਿਆਰ ਸਿੰਘ ਅਤੇ ਅਮਿਤ ਧਮਜਾ ਆਦਿ ਮੌਜੂਦ ਸਨ। ਇਸ ਮੌਕੇ ਐਸ. ਡੀ. ਐਮ. ਨੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਬੱਚਿਆਂ ਦੀ ਰੀਪੇਅਰ ਆਈ ਹੈ ਉਨ੍ਹਾਂ ਦੀਆਂ ਕਲਾਸਾਂ ਜੂਨ ਦੀਆਂ ਛੁੱਟੀਆਂ ਵਿਚ ਵੀ ਲਗਾਈਆਂ ਜਾਣ ਤਾਂ ਕਿ ਰੀਪੇਅਰ ਦੀ ਪ੍ਰੀਖਿਆ ਵਿਚ ਉਹ ਪੇਪਰ ਸਹੀ ਢੰਗ ਨਾਲ ਦੇ ਸਕਣ ਅਤੇ ਪਾਸ ਹੋ ਕੇ ਅਗਲੀ ਕਲਾਸ ਵਿਚ ਪ੍ਰਵੇਸ਼ ਕਰ ਸਕਣ।

Gurminder Singh

This news is Content Editor Gurminder Singh