ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ, ਉਲੰਘਣਾ ਕਰਨ ''ਤੇ ਹੋਵੇਗੀ ਐੱਨ. ਓ. ਸੀ. ਰੱਦ

03/26/2019 3:18:16 PM

ਫਿਰੋਜ਼ਪੁਰ— ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਦੇ ਨਤੀਜੇ ਵਧੀਆ ਬਣਾਏ ਰੱਖਣ ਲਈ 9ਵੀਂ ਅਤੇ 11ਵੀਂ ਕਲਾਸ 'ਚ ਕਮਜ਼ੋਰ ਜਾ ਰਹੇ ਵਿਦਿਆਰਥੀਆਂ ਦਾ ਨਾਮ ਹੁਣ ਨਿੱਜੀ ਸਕੂਲਾਂ ਲਈ ਕੱਟਣਾ ਸੌਖਾ ਨਹੀਂ ਹੋਵੇਗਾ। ਵਿਦਿਆਰਥੀਆਂ ਨੂੰ ਦੂਜੇ ਸਕੂਲ 'ਚ ਦਾਖਲਾ ਲੈਣ ਦੀ ਸਲਾਹ ਦੇਣ ਵਾਲੇ ਨਿੱਜੀ ਸਕੂਲ ਸੰਚਾਲਕਾਂ ਨੂੰ ਹੁਣ ਵਿਦਿਆਰਥੀਆਂ ਦਾ ਨਾਮ ਕੱਟਣ ਤੋਂ ਪਹਿਲਾਂ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ) ਤੋਂ ਇਜਾਜ਼ਤ ਲੈਣੀ ਹੋਵੇਗੀ। ਇਸ ਦੇ ਲਈ ਵਿਭਾਗ ਵੱਲੋਂ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ, ਜੋ ਸਕੂਲ ਸੰਚਾਲਕ ਬਿਨਾਂ ਡੀ. ਈ. ਓ. ਦੀ ਇਜਾਜ਼ਤ ਦੇ ਵਿਦਿਆਰਥੀਆਂ ਦਾ ਨਾਮ ਕੱਟੇਗਾ, ਉਸ ਸਕੂਲ ਦੀ ਐੱਨ. ਓ. ਸੀ. ਰੱਦ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ। 


ਪ੍ਰੋਫਾਰਮਾ 'ਚ ਦੱਸਣਾ ਪਵੇਗਾ ਕਾਰਨ 
ਵਿਭਾਗ ਵੱਲੋਂ ਬੀਤੇ ਦਿਨੀਂ ਜਾਰੀ ਪੱਤਰ ਅਨੁਸਾਰ ਭਵਿੱਖ 'ਚ ਕਿਸੇ ਵੀ ਸਕੂਲ ਵੱਲੋਂ 9ਵੀਂ ਅਤੇ 11ਵੀਂ ਕਲਾਸ ਦੇ ਵਿਦਿਆਰਥੀ ਦਾ ਨਾਂ ਸਕੂਲ 'ਚੋਂ ਕੱਟਣ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਪ੍ਰੋਫਾਰਮਾ 'ਚ ਨਾਮ ਕੱਟਣ ਦਾ ਕਾਰਨ ਦਰਸਾਉਂਦਾ ਹੋਏ ਸਬੰਧਤ ਜ਼ਿਲਾ ਸਿੱਖਿਆ ਅਧਿਕਾਰੀ ਤੋਂ ਇਜਾਜ਼ਤ ਲੈਣਗੇ। ਅਜਿਹਾ ਨਾ ਕਰਨ 'ਤੇ ਸਕੂਲ ਦੀ ਐੱਨ. ਓ. ਸੀ. ਰੱਦ ਕਰਨ ਦੇ ਸਬੰਧ 'ਚ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਵਿਭਾਗ ਵੱਲੋਂ ਜਾਰੀ ਪੱਤਰ ਦੀ ਕਾਪੀ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਭੇਜਦੇ ਹੋਏ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੋਫਾਰਮਾ 'ਚ ਦਰਜ ਵੇਰਵੇ ਨੂੰ ਵੈਰੀਫਾਈ ਕਰਨ ਤੋਂ ਬਾਅਦ ਜੇਕਰ ਕਿਸੇ ਵਿਦਿਆਰਥੀ ਦਾ ਯੋਗ ਕਾਰਨਾਂ ਦੇ ਚਲਦਿਆਂ ਨਾਂ ਕੱਟਿਆ ਜਾਣਾ ਬਣਦਾ ਹੈ ਤਾਂ ਹੀ ਉਸ ਵਿਦਿਆਰਥੀ ਦਾ ਨਾਂ ਕੱਟਣ ਦੀ ਇਜਾਜ਼ਤ ਸਕੂਲ ਨੂੰ ਦਿੱਤੀ ਜਾਵੇ। ਉਥੇ ਹੀ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਜ਼ਿਲੇ ਦੇ ਸਾਰੇ ਨਿੱਜੀ ਸਕੂਲਾਂ 'ਚ ਕਰਵਾਈ ਜਾਵੇ। 


ਦੱਸਣਯੋਗ ਹੈ ਕਿ ਸੂਬੇ 'ਚ ਬਹੁਤ ਸਾਰੇ ਨਿੱਜੀ ਸਕੂਲ ਸੰਚਾਲਕ ਅਜਿਹਾ ਕਰਦੇ ਹਨ ਕਿ ਜੋ ਵਿਦਿਆਰਥੀ 9ਵੀਂ ਅਤੇ 11ਵੀਂ ਦੀ ਪੜ੍ਹਾਈ 'ਚ ਕਮਜ਼ੋਰ ਰਹਿ ਜਾਂਦੇ ਹਨ, ਉਨ੍ਹਾਂ ਦੇ ਨਾਂ ਕੱਟ ਕੇ ਦੂਜੇ ਸਕੂਲਾਂ 'ਚ ਜਾ ਕੇ ਦਾਖਲਾ ਲੈਣ ਦੀ ਸਲਾਹ ਦਿੰਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਜੇਕਰ ਉਹ ਉਸ ਵਿਦਿਆਰਥੀ ਨੂੰ ਪਾਸ ਕਰਕੇ ਆਪਣੇ ਹੀ ਸਕੂਲ 'ਚ ਬੋਰਡ ਦੀ 10ਵੀਂ ਅਤੇ 12ਵੀਂ 'ਚ ਦਾਖਲਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਕੂਲ ਦੇ ਨਤੀਜੇ ਖਰਾਬ ਆਉਣ ਦਾ ਡਰ ਰਹਿੰਦਾ ਹੈ। ਕੁਝ ਸਕੂਲ ਤਾਂ ਅਜਿਹੇ ਵਿਦਿਆਰਥੀਆਂ ਨੂੰ ਪਾਸ ਹੀ ਨਹੀਂ ਕਰਦੇ ਹਨ ਅਤੇ ਕੁਝ ਸਕੂਲ ਵਿਦਿਆਰਥੀਆਂ ਨੂੰ ਘੱਟ ਨੰਬਰ ਦੇ ਕੇ ਪਾਸ ਤਾਂ ਕਰ ਦਿੰਦੇ ਹਨ ਅਤੇ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਕਹਿ ਕੇ ਉਸ ਨੂੰ ਉਸੇ ਕਲਾਸ 'ਚ ਦੋਬਾਰਾ ਤੋਂ ਦਾਖਲਾ ਕਰਵਾਉਣ ਨੂੰ ਬੋਲਦੇ ਹਨ। ਅਜਿਹਾ ਹੋਣ ਨਾਲ ਵਿਦਿਆਰਥੀਆਂ ਦੇ ਭਵਿੱਖ 'ਤੇ ਬੁਰਾ ਅਸਰ ਪੈਂਦਾ ਹੈ।