ਪੰਜਾਬ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ, ਸਕੂਲ ਪ੍ਰਿੰਸੀਪਲਾਂ ਨੂੰ ਦਿੱਤੇ ਇਹ ਹੁਕਮ

07/31/2018 4:21:17 PM

ਪਟਿਆਲਾ (ਲਖਵਿੰਦਰ/ਅਗਰਵਾਲ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਵਧੀਆ ਲਿਖਣ ਲਈ ਆਖਿਆ ਗਿਆ ਹੈ। ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਮੂਹ ਪ੍ਰਿੰਸੀਪਲਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸ਼ਖਸੀਅਤਾਂ ਬਾਰੇ ਲਿਖਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਵਿਦਿਆਰਥੀ ਵਧੀਆ ਲੇਖਕ ਬਣ ਸਕਣ। ਸਿੱਖਿਆ ਵਿਭਾਗ ਨੇ ਆਪਣੇ ਹੁਕਮਾਂ ਵਿਚ ਆਖਿਆ ਹੈ ਕਿ ਵਿਦਿਆਰਥੀਆਂ ਵਲੋਂ ਉਨ੍ਹਾਂ ਮਹਿਲਾ ਕਰਮੀਆਂ 'ਤੇ ਆਪਣੀਆਂ ਰਿਪੋਰਟਾਂ ਲਿਖੀਆਂ ਜਾਣ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਯਤਨ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਯਤਨ ਵਿਕਾਸ ਦੀ ਪ੍ਰਮੁੱਖ ਚੁਣੌਤੀਆਂ ਲਈ ਵਿਸ਼ੇਸ਼ ਯੋਗਦਾਨ ਦੇ ਰਹੇ ਹਨ ਅਤੇ ਸਮਾਜ ਵਿਚ ਆਪਣਾ ਪ੍ਰਭਾਵ ਪਾ ਰਹੇ ਹਨ ਤਾਂ ਕਿ ਆਮ ਪਾਠਕਾਂ ਨੂੰ ਵੀ ਇਨ੍ਹਾਂ ਪ੍ਰਭਾਵਸ਼ਾਲੀ ਮਹਿਲਾ ਕਰਮੀਆਂ ਬਾਰੇ ਲਿਟਰੇਚਰ ਪੜ੍ਹਨ ਨੂੰ ਮਿਲ ਸਕੇ, ਜਿਸ ਨਾਲ ਸਮਾਜ ਵਿਚ ਵਧ ਰਹੇ ਗੈਰ ਸਮਾਜਿਕ ਪ੍ਰਭਾਵਾਂ ਨੂੰ ਵੀ ਰੋਕਿਆ ਜਾ ਸਕਦਾ ਹੈ। 
ਵਿਭਾਗ ਨੇ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਰਿਪੋਰਟ 'ਤੇ ਜੋ ਵੀ ਲਿਖਿਆ ਜਾਵੇਗਾ ਉਹ ਸਿਰਫ਼ ਤੇ ਸਿਰਫ਼ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਹੀ ਲਿਖਿਆ ਜਾਵੇਗਾ ਅਤੇ ਮੁਕਾਬਲੇ ਦੀਆਂ ਸਮੁੱਚੀਆਂ ਐਂਟਰੀਆਂ ਨੂੰ ਭਾਰਤ ਵਿਚ ਸੰਯੁਕਤ ਰਾਸ਼ਟਰ ਨੂੰ ਭੇਜਿਆ ਜਾਵੇਗਾ। ਸਕੂਲਾਂ ਵਲੋਂ ਸਮੁੱਚੀਆਂ ਐਂਟਰੀਆਂ ਨੂੰ ਇਕੱਠਿਆਂ ਕਰਕੇ ਵਿਭਾਗ ਵਲੋਂ ਦੱਸੀ ਗਈ ਈ-ਮੇਲ ਆਈ. ਡੀ. 'ਤੇ ਭੇਜੀਆਂ ਜਾਣਗੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ।
ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਕ ਵਿਦਿਆਰਥੀ ਇਕ ਤੋਂ ਵੱਧ ਰਿਪੋਰਟ ਵੀ ਲਿਖ ਸਕਦਾ ਹੈ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ 'ਯੰਗ ਰਿਪੋਰਟਰਜ਼' ਦੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਜਾਵੇਗਾ। ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਵਿਦਿਆਰਥੀ ਇੰਟਰਨੈਟ ਤੋਂ ਵਿਸ਼ੇ ਸਬੰਧੀ ਸਰਚ ਕਰ ਸਕਦਾ ਹੈ ਪਰ ਵਿਸ਼ਾ 'ਕੱਟ ਟੂ ਪੇਸਟ' ਨਾ ਕੀਤਾ ਜਾਵੇ। ਵਿਭਾਗ ਨੇ ਅਧਿਆਪਕਾਂ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਦੋ ਜਾਂ ਤਿੰਨ ਵਿਦਿਆਰਥੀਆਂ ਨੂੰ ਖੁਦ ਤਿਆਰੀ ਕਰਵਾਉਣਗੇ ਅਤੇ ਹਰ ਸੈਕਸ਼ਨ ਵਿਚੋਂ ਇਕ ਵਿਦਿਆਰਥੀ ਭਾਗ ਲਵੇਗਾ।