ਮੀਟਰ ਫੋਕਲ ਪੁਆਇੰਟ ਵਿਖੇ ਲਾਓ ਜਾਂ ਮਾਡਲ ਟਾਊਨ ਪਾਰਕ ''ਚ, ਨਤੀਜੇ ਇਕੋ ਜਿਹੇ

11/19/2017 1:17:31 PM

ਜਲੰਧਰ (ਨਰੇਸ਼)— ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਏ ਜਾ ਰਹੇ ਏਅਰ ਕੁਆਲਿਟੀ ਇੰਡੈਕਸ ਮੀਟਰ ਇੰਸਟਾਲ ਕਰਨ ਦੀ ਜਗ੍ਹਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ 'ਜਗ ਬਾਣੀ' ਨੇ ਸ਼ਨੀਵਾਰ ਸ਼ਹਿਰ 'ਚ ਰਿਐਲਿਟੀ ਚੈੱਕ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੱਚ ਵਿਚ ਇਸ ਮੀਟਰ ਨੂੰ ਜੇਕਰ ਗ੍ਰੀਨ ਇਲਾਕੇ ਵਿਚ ਲਗਾਇਆ ਜਾਵੇ ਤਾਂ ਕੀ ਇਸ ਦੀ ਰੀਡਿੰਗ ਪ੍ਰਭਾਵਿਤ ਹੋਵੇਗੀ। 'ਜਗ ਬਾਣੀ' ਦੇ ਇਸ ਰਿਐਲਿਟੀ ਚੈੱਕ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਤੁਸੀਂ ਏਅਰ ਕੁਆਲਿਟੀ ਇੰਡੈਕਸ ਮਾਪਣ ਵਾਲੇ ਮੀਟਰ ਨੂੰ ਸ਼ਹਿਰ ਵਿਚ ਕਿਸੇ ਵੀ ਜਗ੍ਹਾ ਲਾਓ, ਨਤੀਜੇ ਲਗਭਗ ਇਕੋ ਜਿਹੇ ਹੀ ਮਿਲਦੇ ਹਨ। ਮਤਲਬ ਕਿ ਪੂਰੇ ਸ਼ਹਿਰ ਦੀ ਹਵਾ ਇਕੋ ਜਿਹੀ ਹੈ। ਫਿਰ ਚਾਹੇ ਤੁਸੀਂ ਸ਼ਹਿਰ ਦੇ ਸਭ ਤੋਂ ਪ੍ਰਦੂਸ਼ਿਤ ਇਲਾਕੇ ਫੋਕਲ ਪੁਆਇੰਟ ਦੇ ਅੰਦਰ ਖੜ੍ਹੇ ਹੋ ਜਾਂ ਸਭ ਤੋਂ ਵੱਧ ਗ੍ਰੀਨਰੀ ਵਾਲੇ ਮਾਡਲ ਟਾਊਨ ਪਾਰਕ ਵਿਚ।
'ਜਗ ਬਾਣੀ' ਨੂੰ ਇਸ ਰਿਐਲਿਟੀ ਚੈੱਕ ਦੌਰਾਨ ਪੀ. ਏ. ਪੀ. ਚੌਕ, ਫੋਕਲ ਪੁਆਇੰਟ, ਆਦਰਸ਼ ਨਗਰ ਪਾਰਕ, ਮਾਡਲ ਟਾਊਨ ਪਾਰਕ ਅਤੇ ਸਰਕਟ ਹਾਊਸ ਦੇ ਬਾਹਰ ਏਅਰ ਕੁਆਲਿਟੀ ਇੰਡੈਕਸ ਮਾਪਣ ਵਾਲੇ ਮੀਟਰ 'ਤੇ ਕਰੀਬ ਇਕੋ ਜਿਹੀ ਹੀ ਰੀਡਿੰਗ ਮਿਲੀ। ਹਾਲਾਂਕਿ ਫੋਕਲ ਪੁਆਇੰਟ ਵਿਖੇ ਰੀਡਿੰਗ ਵਿਚ 5 ਤੋਂ ਲੈ ਕੇ 10 ਨੰਬਰਾਂ ਦਾ ਫਰਕ ਜ਼ਰੂਰ ਸੀ ਪਰ ਇਹ ਬਹੁਤਾ ਮਾਇਨੇ ਨਹੀਂ ਰੱਖਦਾ।
ਇਨ੍ਹਾਂ ਥਾਵਾਂ 'ਤੇ ਕੀਤਾ ਰਿਐਲਿਟੀ ਚੈੱਕ 

ਜਗ੍ਹਾ         ਏਅਰ ਕੁਆਲਿਟੀ 
             ਇੰਡੈਕਸ
ਪੀ. ਏ. ਪੀ. ਚੌਕ 165
ਫੋਕਲ ਪੁਆਇੰਟ 174
ਆਦਰਸ਼ ਨਗਰ ਪਾਰਕ 166
ਮਾਡਲ ਟਾਊਨ ਪਾਰਕ 168
ਸਰਕਟ ਹਾਊਸ 171

ਏਅਰ ਕੁਆਲਿਟੀ ਇੰਡੈਕਸ ਮੀਟਰ ਲਾਉਣ ਲਈ ਲੰਮੀ ਮਿਹਨਤ ਤੋਂ ਬਾਅਦ ਜਲੰਧਰ ਦੇ ਸਰਕਟ ਹਾਊਸ ਦੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਸ ਮੀਟਰ ਦੀ ਸੁਰੱਖਿਆ ਹੈ। ਇਹ ਮੀਟਰ 10*10 ਜਗ੍ਹਾ 'ਤੇ ਲੱਗੇਗਾ ਅਤੇ ਇਸ ਦੀ ਲਾਗਤ 80 ਲੱਖ ਰੁਪਏ ਦੀ ਹੋਵੇਗੀ। ਇਹ ਮੀਟਰ 12 ਕਿਲੋਮੀਟਰ ਦੇ ਘੇਰੇ ਵਿਚ ਵਗਣ ਵਾਲੀ ਹਵਾ 'ਚੋਂ ਕਰੀਬ 10 ਤਰ੍ਹਾਂ ਦੀਆਂ ਗੈਸਾਂ ਦੀ ਗਣਨਾ ਕਰਨ ਤੋਂ ਬਾਅਦ ਆਨਲਾਈਨ ਨਤੀਜਾ ਉਸੇ ਸਮੇਂ ਮੁਹੱਈਆ ਕਰਵਾਏਗਾ। ਮੌਜੂਦਾ ਸਮੇਂ ਵਿਚ ਵਿਭਾਗ ਵੱਲੋਂ ਲਾਏ ਗਏ ਮੀਟਰ ਵਿਚ ਮੈਨੂਅਲ ਗਣਨਾ ਕਰਨੀ ਪੈਂਦੀ ਹੈ। ਲਿਹਾਜ਼ਾ ਸਰਕਟ ਹਾਊਸ ਜਿਹੇ ਗਰੀਨ ਇਲਾਕੇ ਵਿਚ ਇਸ ਮੀਟਰ ਨੂੰ ਇੰਸਟਾਲ ਕਰਨ 'ਤੇ ਸਵਾਲ ਉਠਾਉਣਾ ਗਲਤ ਹੈ। -ਕਾਹਨ ਸਿੰਘ ਪੰਨੂ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ