ਪੰਜਾਬ ''ਚ ਡੇਢ ਕਰੋੜ ਔਰਤਾਂ ਦੀ ਸੁਰੱਖਿਆ ਕਰ ਰਹੀਆਂ ਨੇ ਸਿਰਫ 8 ਹਜ਼ਾਰ ਮਹਿਲਾ ਮੁਲਾਜ਼ਮਾਂ

02/10/2020 11:43:46 AM

ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਲਗਾਤਾਰ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ। ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨਾਲ ਹੋਏ ਅਪਰਾਧ ਦੀ ਜਾਂਚ ਸਿਰਫ ਇਕ ਔਰਤ ਪੁਲਸ ਅਧਿਕਾਰੀ ਹੀ ਕਰ ਸਕਦੀ ਹੈ ਪਰ ਪੰਜਾਬ ਦੇ ਮੁਲਾਜ਼ਮਾਂ ਦੀ ਕੁਲ ਗਿਣਤੀ 'ਚ ਸਿਰਫ 10 ਫੀਸਦੀ ਮਹਿਲਾ ਮੁਲਾਜ਼ਮ ਹੀ ਹਨ। ਇਸ ਦੀ ਪੁਸ਼ਟੀ ਖੁਦ ਪੰਜਾਬ ਦੇ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਉ ਨੇ ਇਕ ਨਿੱਜੀ ਕਾਲਜ ਦੇ ਸਮਾਗਮ 'ਚ ਸਿਰਕਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਹੈ।

ਪੰਜਾਬ ਦੀ ਜੇਕਰ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਕਰੀਬ 3 ਕਰੋੜ ਹੈ, ਜਿਸ 'ਚ 50 ਫੀਸਦੀ ਗਿਣਤੀ ਔਰਤਾਂ ਦੀ ਹੈ ਪਰ ਜੇਕਰ ਇਨ੍ਹਾਂ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਸ ਦੀ ਕੁਲ ਗਿਣਤੀ ਕਰੀਬ 80 ਹਜ਼ਾਰ 'ਚ ਮਹਿਲਾ ਮੁਲਾਜ਼ਮ ਸਿਰਫ 10 ਫੀਸਦੀ ਹੀ ਹਨ। ਭਾਵ ਕਿ ਡੇਢ ਕਰੋੜ ਔਰਤਾਂ ਦੀ ਸੁਰੱਖਿਆ ਲਈ ਸਿਰਫ 8 ਹਜ਼ਾਰ ਮਹਿਲਾ ਮੁਲਾਜ਼ਮ ਹੀ ਭਰਤੀ ਹਨ। ਇਸ ਤੋਂ ਭਾਵ ਹੈ ਕਿ 1800 ਔਰਤਾਂ ਦੀ ਸੁਰੱਖਿਆ ਸਿਰਫ ਇਕ ਮੁਹਿਲਾ ਪੁਲਸ ਦੇ ਭਰੋਸੇ ਹੈ।

ਔਰਤਾਂ 'ਤੇ ਹੁੰਦੇ ਸੰਗੀਨ ਜੁਰਮਾਂ ਦੀ ਗੱਲਕੀਤੀ ਜਾਵੇ ਤਾਂ ਕਾਨੂੰਨ ਅਨੁਸਾਰ ਅਜਿਹੇ ਮਾਮਲਿਆਂ ਦੀ ਜਾਂਚ ਸਿਰਫ ਮਹਿਲਾ ਪੁਲਸ ਮੁਲਾਜ਼ਮ ਹੀ ਕਰ ਸਕਦੀ ਹੈ। ਜੇਕਰ ਕਿਸੇ ਮਹਿਲਾ ਅਪਰਾਧੀ ਨੂੰ ਗ੍ਰਿਫਤਾਰ ਕਰਨਾ ਹੈ ਜਾਂ ਉਸ ਕੋਲੋ ਪੁੱਛਗਿੱਛ ਕਰਨੀ ਹੈ ਜਾਂ ਫਿਰ ਉਸ ਨੂੰ ਅਦਾਲਤ 'ਚ ਪੇਸ਼ ਕਰਨਾ ਹੋਵੇ ਤਾਂ ਇਹ ਸਭ ਸਿਰਫ ਮੁਹਿਲਾ ਪੁਲਸ ਮੁਲਾਜ਼ਮ ਹੀ ਕਰ ਸਕਦੀ ਹੈ। ਜ਼ਿਆਦਾਤਰ ਸ਼ਿਕਾਇਤਾਂ ਮਿਲਦੀ ਹਨ ਕਿ ਅਜਿਹੇ ਕੇਸਾਂ ਨੂੰ ਮਰਦ ਪੁਲਸ ਮੁਲਾਜ਼ਮ ਹੀ ਹੈਂਡਲ ਕਰਦੇ ਹਨ, ਜਿਸ ਕਰਕੇ ਕਈ ਮਰਦ ਪੁਲਸ ਮੁਲਾਜ਼ਮਾਂ 'ਤੇ ਅੋਰਤਾਂ ਨਾਲ ਧੱਕੇਸ਼ਾਹੀ ਦੇ ਦੋਸ਼ ਵੀ ਲੱਗ ਚੁੱਕੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਮਗਜੇ ਤਾਂ ਮਾਰਦੀ ਹੈ ਪਰ ਔਰਤਾਂ ਦੀ ਸੁਰੱਖਿਆ ਲਈ ਜੋ ਕਾਨੂੰਨ ਅਨੁਸਾਰ ਪੁਲਸ 'ਚ ਮਹਿਲਾ ਪੁਲਸ ਮੁਲਾਜ਼ਮਾਂ ਦੀ ਸੰਖਿਆ ਹੋਣੀ ਚਾਹੀਦੀ ਹੈ, ਉਸ ਨੂੰ ਵਧਾਇਆ ਨਹੀਂ ਜਾ ਰਿਹਾ ਹੈ।

ਇਸ ਗੱਲ ਨੂੰ ਖੁਦ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਉ ਨੇ ਮੰਨਿਆ ਹੈ। ਪੰਜਾਬ 'ਚ ਔਰਤਾਂ ਦੀ ਜਨਸੰਖਿਆ 50 ਫੀਸਦੀ ਹੈ ਇਸ ਲਈ ਔਰਤਾਂ ਦੀ ਸੁਰੱਖਿਆ ਲਈ 50 ਫੀਸਦੀ ਗਿਣਤੀ ਮਹਿਲਾ ਪੁਲਸ ਮੁਲਾਜ਼ਮਾਂ ਦੀ ਹੋਣੀ ਚਾਹਿੰਦੀ ਹੈ ਪਰ ਪੰਜਾਬ ਪੁਲਸ 'ਚ ਇਹ ਗਿਣਤੀ ਸਿਰਫ 10 ਫੀਸਦੀ ਹੀ ਹੈ।

ਪੁਲਸ ਸੂਤਰਾਂ ਦੀ ਮੰਨੀਏ ਤਾਂ ਦੂਜਾ ਸੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਮੌਜੂਦਾ ਸਮੇਂ 'ਚ ਪੰਜਾਬ ਪੁਲਸ 'ਚ ਜਿੰਨੀ ਕੁ ਗਿਣਤੀ ਮਹਿਲਾ ਪੁਲਸ ਮੁਲਾਜ਼ਮਾਂ ਦੀ ਹੈ, ਉਹ ਵੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਅ ਰਹੀਆਂ ਹਨ। ਪੁਲਸ ਸੂਤਰਾਂ ਅਨੁਸਾਰ ਮਹਿਲਾ ਮੁਲਾਜ਼ਮ ਨਾਕਿਆਂ 'ਤੇ ਰਾਤ ਦੇ ਸਮੇਂ ਡਿਊਟੀ ਕਰਨ ਲਈ ਵੀ ਤਿਆਰ ਨਹੀਂ ਹਨ, ਜਿਸ ਕਰਕੇ ਕਈ ਵਾਰ ਮੁਰਦ ਪੁਲਸ ਮੁਲਾਜ਼ਮਾਂ ਨੂੰ ਔਰਤਾਂ ਦੀ ਗਾਲੀ ਗਲੋਚ ਦਾ ਸ਼ਿਕਾਰ ਵੀ ਹੋਣਾ ਪੈਦਾ ਹੈ। ਪੁਲਸ ਸੂਤਰਾਂ ਅਨੁਸਾਰ ਮਹਿਲਾ ਮੁਲਾਜ਼ਮ ਕਰੀਬ ਸਵੇਰੇ 10 ਕੁ ਵਜੇ ਡਿਊਟੀ 'ਤੇ ਆਉਂਦੀਆਂ ਹਨ ਅਤੇ 4-5 ਵਜੇਂ ਘਰਾਂ ਨੂੰ ਵੀ ਚਲੀਆਂ ਜਾਂਦੀਆਂ ਹਨ, ਜਿਸ ਕਰਕੇ ਮਰਦ ਮੁਲਾਜ਼ਮਾਂ 'ਤੇ ਡਿਊਟੀ ਦਾ ਵਾਧੂ ਬੋਝ ਪੈ ਰਿਹਾ ਹੈ ਜਦਕਿ ਤਨਖਾਹ ਬਰਾਬਰ ਹੈ।

ਸਮਾਗਮ ਦੌਰਾਨ ਇਕ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੇ ਸੀ ਤਾਂ ਉਥੇ ਕੁਝ ਆਵਾਰਾ ਨੋਜਵਾਨਾਂ ਨੇ ਉਨ੍ਹਾਂ•ਨਾਲ ਸ਼ਾਮਲ ਲੜਕੀਆਂ ਨਾਲ ਛੇੜ ਛਾੜ ਸ਼ੁਰੂ ਕਰ ਦਿੱਤੀ ਤਾਂ ਜਦੋਂ ਉਨ੍ਹਾਂ ਨੇ ਨੇੜੇ ਖੜ੍ਹੇ ਪੈਟਰੋਲਿੰਗ ਪੁਲਸ ਪਾਰਟੀ ਤੋਂ ਮਦਦ ਮੰਗੀ ਤਾਂ ਉਲਟਾ ਉਸ ਦੇ ਥੱਪੜ ਮਾਰ ਦਿੱਤਾ। ਇਸ ਦੇ ਜਵਾਬ 'ਚ ਏ. ਡੀ. ਜੀ. ਪੀ. ਨੇ ਕਿਹਾ ਕਿ ਅਜਿਹੇ ਪੁਲਸ ਮੁਲਾਜ਼ਮਾਂ ਖਿਲਾਫ ਸਬੰਧਤ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕਰਨੀ ਬਣਦੀ ਸੀ। ਏ. ਡੀ. ਜੀ. ਪੀ. ਨੇ ਮੰਨਿਆ ਕਿ ਅਧੇੜ ਉਮਰ ਦੇ ਪੁਰਾਣੇ ਪੁਲਸ ਮੁਲਾਜ਼ਮ ਦੀ ਸੋਚ 'ਚ ਕਾਫੀ ਫਰਕ ਹੈ, ਜਿਨ੍ਹਾਂ ਦੀ ਸੋਚ ਬਦਲਣ ਲਈ ਬਕਾਇਦਾ ਪੁਲਸ ਵੱਲੋਂ ਟ੍ਰੇਨਿੰਗ ਕੈਂਪ ਵੀ ਲਗਾਏ ਜਾਂਦੇ ਹਨ। ਮੀਡੀਆ ਦੇ ਸਵਾਲ 'ਤੇ ਏ. ਡੀ. ਜੀ. ਪੀ. ਨੇ ਕਿਹਾ ਕਿ ਗਲਤ ਕਰਨ ਵਾਲੇ ਪੁਲਸ ਮੁਲਾਜਮਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਪੰਜਾਬ 'ਚ 1800 ਔਰਤਾਂ ਦੀ ਸੁਰੱਖਿਆ ਪਿੱਛੇ ਸਿਰਫ ਇਕ ਮਹਿਲਾ ਪੁਲਸ ਮੁਲਾਜ਼ਮ। ਇਹ ਬੜੇ ਹੀ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ। ਅਜਿਹੇ ਹਾਲਾਤ 'ਚ ਅੋਰਤਾਂ ਨੂੰ ਕਿਵੇਂ ਸੁਰੱਖਿਆ ਮਿਲੇਗੀ।

shivani attri

This news is Content Editor shivani attri