ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

02/17/2023 8:49:33 PM

ਜਲੰਧਰ (ਧਵਨ) : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਦੇਸ਼ ਵਿਰੋਧੀ ਅਨਸਰਾਂ ਦੀਆਂ ਸਾਜ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਅੰਤਰਰਾਜੀ ਸਰਹੱਦ ’ਤੇ ਚੈਕਿੰਗ ਵਧਾ ਦਿੱਤੀ ਗਈ ਹੈ। ਪੰਜਾਬ ਪੁਲਸ ਨੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ’ਤੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਟਰੱਕਾਂ ਦੀ ਅੱਜ ਪੁਲਸ ਦੇ ਐਂਟੀ-ਸੈਬੋਟਾਈਜ਼ ਵਿੰਗ ਵੱਲੋਂ ਜੰਮੂ-ਕਸ਼ਮੀਰ ਤੋਂ ਪੰਜਾਬ ’ਚ ਦਾਖ਼ਲ ਹੋਣ ਵਾਲੇ ਰਸਤਿਆਂ ’ਤੇ ਵਿਸ਼ੇਸ਼ ਤੌਰ ’ਤੇ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਪੁਲਸ ਕੋਲ ਵਿਸਫੋਟਕ ਸਮੱਗਰੀ ਦਾ ਪਤਾ ਲਗਾਉਣ ਵਾਲੇ ਯੰਤਰ ਵੀ ਸਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ

ਜੰਮੂ-ਕਸ਼ਮੀਰ ਕਿਉਂਕਿ ਅੱਤਵਾਦ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਸੂਬਾ ਹੈ, ਇਸ ਲਈ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਵਿਸ਼ੇਸ਼ ਤੌਰ ’ਤੇ ਇਸ ਸੂਬੇ ਤੋਂ ਆਉਣ ਵਾਲੇ ਟਰੱਕਾਂ ਤੇ ਸ਼ੱਕੀ ਵਾਹਨਾਂ ਸਬੰਧੀ ਤਲਾਸ਼ੀ ਮੁਹਿੰਮ ਸ਼ੁਰੂ ਕਰਵਾ ਦਿੱਤੀ ਹੈ।ਡੀ.ਜੀ.ਪੀ. ਨੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਅੱਜ ਪਠਾਨਕੋਟ ਪੁਲਸ ਦੀ ਐਂਟੀ ਸਾਬੋਟੇਜ ਟੀਮ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਵਿਆਪਕ ਚੈਕਿੰਗ ਅਭਿਆਨ ਚਲਾਇਆ ਹੈ। ਭਾਵੇਂ ਇਹ ਬਕਾਇਦਾ ਚੈਕਿੰਗ ਅਭਿਆਨ ਚੱਲ ਰਿਹਾ ਸੀ ਪਰ ਇਸ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਚੌਕਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ‘ਆਪ’ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼, ਫਿਰੌਤੀਆਂ ਤੋਂ ਡਰਦੇ ਆਲੂ ਵਪਾਰੀ ਨਹੀਂ ਆ ਰਹੇ ਪੰਜਾਬ : ਸੁਖਬੀਰ ਬਾਦਲ

ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹੋਰਨਾਂ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਸਖ਼ਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੈਅ ਕੀਤੇ ਅਪਰਾਧ ਮੁਕਤ ਰਾਜ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਡੀ.ਜੀ.ਪੀ. ਵੱਲੋਂ ਸਾਰੇ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਅਤੇ ਪੁਲਸ ਕਮਿਸ਼ਨਰਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਰੋਜ਼ਾਨਾ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : 'ਅਸ਼ੀਰਵਾਦ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਮੰਤਰੀ ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Harnek Seechewal

This news is Content Editor Harnek Seechewal