ਪੰਜਾਬ ਪੁਲਸ ''ਚ ਭਰਤੀ ਹੋਣ ਆਏ ਜੋਸ਼ ਨਾਲ ਭਰੇ ਨੌਜਵਾਨਾਂ ਦਾ ਟੁੱਟਿਆ ਹੌਂਸਲਾ, ਹਕੀਕਤ ਦੇਖ ਰਹਿ ਗਏ ਪਰੇਸ਼ਾਨ

07/26/2016 1:02:20 PM

ਜਲੰਧਰ : ਪੰਜਾਬ ਪੁਲਸ ''ਚ ਸਿਪਾਹੀਆਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਪੰਜਾਬ ਦੇ ਕਰੀਬ 7 ਲੱਖ ਨੌਜਵਾਨ ਆਪਣੀ ਜਾਨ ਤੋੜ ਕੇ ਭਰਤੀ ਹੋਣ ਲਈ ਮੈਦਾਨਾਂ ''ਚ ਅਭਿਆਸ ਕਰ ਰਹੇ ਹਨ ਪਰ ਜੋਸ਼ ਨਾਲ ਭਰੇ ਹੋਏ ਇਨ੍ਹਾਂ ਨੌਜਵਾਨਾਂ ਦਾ ਹੌਂਸਲਾ ਉਸ ਸਮੇਂ ਟੁੱਟਦਾ ਨਜ਼ਰ ਆਇਆ, ਜਦੋਂ ਅੱਗੇ ਸਿਫਾਰਸ਼ੀ ਬੰਦਿਆਂ ਦੀ ਹੀ ਸੁਣੀ ਗਈ ਅਤੇ ਸਵੇਰ ਤੋਂ ਭੁੱਖਣ-ਭਾਣੇ ਅਤੇ ਧੁੱਪੇ ਬੈਠੇ ਨੌਜਵਾਨਾਂ ਦੀ ਵਾਰੀ ਤੱਕ ਨਹੀਂ ਆਈ। ਇਸ ਹਕੀਕਤ ਨੂੰ ਦੇਖ ਕੇ ਨੌਜਵਾਨ ਖਾਸਾ ਪਰੇਸ਼ਾਨ ਹੋ ਗਏ। 
ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਰੋਜ਼ਾਨਾ ਪੁਲਸ ਲਾਈਨ ''ਚ ਖੱਜਲ-ਖੁਆਰ ਹੋ ਰਹੇ ਹਨ ਅਤੇ ਫਾਰਮਾਂ ''ਤੇ ਨੰਬਰ ਲੱਗੇ ਹੋਣ ਦੇ ਬਾਵਜੂਦ ਵੀ ਸਿਫਾਰਸ਼ੀਆਂ ਨੂੰ ਬਿਨਾਂ ਵਾਰੀ ਦੇ ਹੀ ਜਾਂਚ ਕਮਰੇ ''ਚ ਲਿਜਾਇਆ ਜਾ ਰਿਹਾ ਹੈ। ਨੌਜਵਾਨਾਂ ਨੇ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੋਂ ਜਲੰਧਰ ਵੱਲ ਤੜਕੇ ਸਵੇਰੇ ਤੁਰ ਪਏ ਸਨ ਪਰ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਸਹੂਲਤ ਲਈ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰਾ ਦਿਨ ਉਨ੍ਹਾਂ ਨੂੰ ਕੜਕਦੀ ਧੁੱਪ ''ਚ ਬੈਠਣਾ ਪਿਆ, ਭਾਵੇਂ ਹੀ ਅਧਿਕਾਰੀਆਂ ਨੇ ਧੁੱਪ ਤੋਂ ਬਚਾਅ ਲਈ ਸ਼ਾਮਿਆਨੇ ਲਗਵਾ ਦਿੱਤੇ ਸਨ ਪਰ ਉਹ ਵੀ ਨਾ-ਮਾਤਰ ਹੀ ਸਨ। ਇਸ ਤੋਂ ਇਲਾਵਾ ਨਾ ਉਨ੍ਹਾਂ ਨੂੰ ਪੀਣ ਲਈ ਪਾਣੀ ਮਿਲ ਰਿਹਾ ਸੀ ਅਤੇ ਨਾ ਹੀ ਬੈਠਣ ਲਈ ਕੋਈ ਜਗ੍ਹਾ ਸੀ ਕਿਉਂਕਿ ਦਰੱਖਤਾਂ ਹੇਠ ਪੀਣ ਵਾਲੇ ਪਾਣੀ ਦੇ ਜਿਹੜੇ ਟੱਬ ਰੱਖੇ ਗਏ ਸਨ, ਉਨ੍ਹਾਂ ਵਿਚ ਗੰਦੇ ਪਾਣੀ ਦੇ ਨਾਲ-ਨਾਲ ਦਰੱਖਤਾਂ ਦੇ ਪੱਤੇ ਵੀ ਪੈ ਰਹੇ ਸਨ।
ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਸ ਸਮੇਂ ਧੱਕਾ ਲੱਗਿਆ, ਜਦੋਂ ਇੰਨੀ ਉਡੀਕ ਕਰਨ ਦੇ ਬਾਵਜੂਦ ਵੀ ਇਕ ਮੁਲਾਜ਼ਮ ਜਾਂਚ ਕਮਰੇ ''ਚੋਂ ਬਾਹਰ ਆਇਆ ਅਤੇ ਆਪਣੇ ਸਿਫਾਰਿਸ਼ੀਆਂ ਨੂੰ ਬਿਨਾਂ ਵਾਰੀ ਦੇ ਹੀ ਅੰਦਰ ਲਿਜਾਈ ਗਿਆ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਇਹ ਉਹ ਨੌਜਵਾਨ ਹਨ, ਜਿਨ੍ਹਾਂ ਦੀ ਵਾਰੀ ਪਹਿਲਾਂ ਆ ਗਈ ਸੀ ਪਰ ਕੋਈ ਦਸਤਾਵੇਜ਼ ਅਧੂਰਾ ਹੋਣ ਕਾਰਨ ਉਨ੍ਹਾਂ ਨੂੰ ਦੁਬਾਰਾ ਅੰਦਰ ਬੁਲਾਇਆ ਗਿਆ ਹੈ। 
ਜ਼ਿਕਰਯੋਗ ਹੈ ਕਿ ਜਿੱਥੇ ਨੌਜਵਾਨ ਪੁਲਸ ''ਚ ਭਰਤੀ ਹੋਣ ਲਈ ਹੱਡ-ਭੰਨਵੀ ਮਿਹਨਤ ਕਰ ਰਹੇ ਹਨ, ਉੱਥੇ ਉਨ੍ਹਾਂ ਨੂੰ ਭਰਤੀ ਤੋਂ ਪਹਿਲਾਂ ਤਾਂ ਮੁਸ਼ਕਲਾਂ ਆ ਹੀ ਰਹੀਆਂ ਹਨ, ਇਸ ਦੇ ਨਾਲ ਹੀ ਭਰਤੀ ਹੋਣ ਤੋਂ ਬਾਅਦ ਵੀ ਇਨ੍ਹਾਂ ਨੌਜਵਾਨਾਂ ਨੂੰ ਕੋਈ ਖਾਸ ਸਹੂਲਤ ਨਹੀਂ ਮਿਲੇਗੀ ਕਿਉਂਕਿ ਸਰਕਾਰ ਨੇ ਹੁਣ ਅਗਲੇ ਤਿੰਨ ਸਾਲਾਂ ਲਈ ਸਿਪਾਹੀਆਂ ਦੀ ਤਨਖਾਹ 30,000 ਹਜ਼ਾਰ ਤੋਂ ਘਟਾ ਕੇ 15,000 ਕਰ ਦਿੱਤੀ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਭਰਤੀ ਲਈ ਅਪਲਾਈ ਕਰਨ ਵੇਲੇ ਰੱਖੀ ਗਈ 600 ਰੁਪਿਆ ਫੀਸ ਨਾਲ ਸਰਕਾਰ ਨੇ ਤਾਂ ਕਰੋੜਾਂ ਰੁਪਏ ਕਮਾ ਲਏ ਪਰ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ, ਨਾ ਭਰਤੀ ਤੋਂ ਪਹਿਲਾਂ ਅਤੇ ਨਾ ਹੀ ਭਰਤੀ ਤੋਂ ਬਾਅਦ। 
 

Babita Marhas

This news is News Editor Babita Marhas