ਪੰਜਾਬ ਪੁਲਸ ਭਰਤੀ : ਪੰਜਾਬ ''ਚ ਸ਼ੁਰੂ ਹੋਇਆ ਨਸ਼ੇ ਦਾ ਸਭ ਤੋਂ ਵੱਡਾ ਟੈਸਟ

07/27/2016 6:57:51 PM

ਜਲੰਧਰ : ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਕਲੰਕ ਸਹਿ ਰਹੇ ਪੰਜਾਬ ਸੂਬੇ ਦਾ ਸੱਚ ਸਾਹਮਣੇ ਆਉਣ ਵਾਲਾ ਹੈ। ਦਰਅਸਲ ਪੰਜਾਬ ਪੁਲਸ ਵਲੋਂ ਲਗਭਗ ਸੱਤ ਹਜ਼ਾਰ ਅਸਾਮੀਆਂ ਲਈ ਸੂਬੇ ਦੇ ਵੱਖ-ਵੱਖ ਸ਼ਹਿਰਾਂ ''ਚ ਬੁੱਧਵਾਰ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਰਕਾਰ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਦੌਰਾਨ ਲਏ ਜਾਣ ਵਾਲੇ ਡੋਪ ਟੈਸਟ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖੁਦ ਇਸ ਭਰਤੀ ''ਤੇ ਨਿੱਜੀ ਦਿਲਚਸਪੀ ਵਿਖਾ ਰਹੇ ਹਨ।
ਲਗਭਗ ਡੇਢ ਮਹੀਨਾ ਚੱਲਣ ਵਾਲੀ ਇਸ ਭਰਤੀ ਦੌਰਾਨ ਰੋਜ਼ਾਨਾ ਉਮੀਦਵਾਰਾਂ ਦੇ ਟੈਸਟ ਲਏ ਜਾਣਗੇ, ਜਿਸ ਦੌਰਾਨ ਡੋਪ ਟੈਸਟ ''ਚ ਪਾਜ਼ੀਟਿਵ ਆਉਣ ਵਾਲੇ ਉਮੀਦਵਾਰਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਪਹਿਲਵਾਨ ਨਰਸਿੰਘ ਯਾਦਵ ਵਰਗੇ ਹਾਲਾਤ ਨਾਲ ਨਜਿੱਠਣ ਲਈ ਵੀ ਸਰਕਾਰ ਵਲੋਂ ਪੂਰਾ ਉਪਰਾਲਾ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਸਿਰਫ ਇਕ ਵਾਰ ਡੋਪ ਟੈਸਟ ਤੋਂ ਫੇਲ੍ਹ ਹੋ ਜਾਣ ਵਾਲੇ ਵਿਦਿਆਰਥੀ ਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ। ਲਗਭਗ ਤਿੰਨ ਪੜਾਅ ਦੇ ਡੋਪ ਟੈਸਟ ਦੌਰਾਨ ਹੀ ਫੈਸਲਾ ਲਿਆ ਜਾਵੇਗਾਸ਼
27 ਜੁਲਾਈ ਤੋਂ ਸ਼ੁਰੂ ਹੋਈ ਇਹ ਭਰਤੀ ਪ੍ਰਕਿਰਿਆ ''ਚ ਲਗਭਗ ਡੇਢ ਮਹੀਨੇ ਤੱਕ ਚੱਲੇਗੀ। ''ਜਗ ਬਾਣੀ'' ਵਲੋਂ ਪੰਜਾਬ ਭਰ ਦੇ ਲਗਭਗ ਦਸ ਸ਼ਹਿਰਾਂ ਦਾ ਦੌਰਾ ਕਰਕੇ ਭਰਤੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਹਰ ਸ਼ਹੀਰ ''ਚ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ''ਚ ਟ੍ਰਾਇਲ ਲਏ ਜਾ ਰਹੇ ਹਨ। ਭਰਤੀ ''ਚ ਪਾਰਦਸ਼ਤਾ ਰੱਖਣ ਲਈ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਡਿੰਗ ਕੀਤੀ ਜਾ ਰਹੀ ਹੈ। ਚੱਪ—ਚੱਪੇ ''ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਹਰ ਹਰਕਤ ਨੂੰ ਰਿਕਾਰਡ ਕਰ ਰਹੇ ਹਨ।
ਅੰਮ੍ਰਿਤਸਰ
ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਸਟੇਡੀਅਮ ਸਥਿਤ ਗਾਂਧੀ ਗਰਾਊਂਡ ''ਚ ਤੜਕਸਾਰ ਵੇਲੇ ਹੀ ਨੌਜਵਾਨਾਂ ਦੀ ਭੀੜ ਇਕੱਤਰ ਹੋ ਗਈ। ਅੰਮ੍ਰਿਤਸਰ ਜ਼ਿਲੇ ਦੀ 159 ਅਸਾਮੀਆਂ ਲਈ 22 ਹਜ਼ਾਰ ਦੇ ਕਰੀਬ ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਹੈ। ਪੁਲਸ ਵਿਭਾਗ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਡੋਪ ਟੈਸਟ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਫਿਰੋਜ਼ਪੁਰ
ਸਰਹੱਦੀ ਖੇਤਰ ਫਿਰੋਜ਼ਪੁਰ ''ਚ ਪੁਲਸ ਭਰਤੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। 182 ਅਸਾਮੀਆਂ ਲਈ ਪੱਚੀ ਹਜ਼ਾਰ ਬਿਨੇਕਾਰ ਅਪਣਾ ਦਮ-ਖਮ ਵਿਖਾਉਣਗੇ। ਡੋਪ ਟੈਸਟ ਨੂੰ ਲੈ ਕੇ ਬਿਨੈਕਾਰਾਂ ਨੇ ਇਸ ਨੂੰ ਸਹੀ ਕਦਮ ਦੱਸਿਆ ਹੈ।
ਫਰੀਦਕੋਟ
ਸਰਕਾਰੀ ਨੌਕਰੀ ਦਾ ਸੁਪਨਾ ਸੰਜੋਈ ਬੈਠੇ ਨੌਜਵਾਨਾਂ ਦਾ ਮੌਸਮ ਨੇ ਵੀ ਖੂਬ ਸਾਥ ਦਿੱਤਾ। ਫਰੀਦਕੋਟ ਦੇ ਨਹਿਰੂ ਸਟੇਡੀਅਮ ''ਚ ਮੀਂਹ ਤੋਂ ਬਾਅਦ ਖੁਸ਼ਗਵਾਰ ਹੋਏ ਮੌਸਮ ਦਾ ਉਮੀਦਵਾਰਾਂ ਨੇ ਖੂਬ ਲਾਹਾ ਲਿਆ। ਫਰੀਦਕੋਟ ''ਚ ਕੁੱਲ਼ 182 ਅਸਾਮੀਆਂ ਹਨ।
ਤਰਨਤਾਰਨ
190 ਅਸਾਮੀਆਂ ''ਤੇ ਲਗਭਗ 24000 ਨੌਜਵਾਨਾਂ ਦੀ ਨਜ਼ਰ ਹੈ। ਬੁੱਧਵਾਰ ਨੂੰ ਭਰਤੀ ਦੇ ਪਹਿਲੇ ਦਿਨ ਪੰਜ ਸੋ ਉਮੀਦਵਾਰ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਪੁੱਜੇ ਅਤੇ ਟਰਾਇਲ ''ਚ ਹਿੱਸਾ ਲਿਆ।
ਬਠਿੰਡਾ
ਬਠਿੰਡਾ ਸ਼ਹਿਰ ''ਚ ਕੁੱਲ ਅੱਠ ਸੋ ਅਸਾਮੀਆਂ ਖਾਲੀ ਹਨ। 50,000 ਵੱਧ ਉਮੀਦਵਾਰਾਂ ਦੀਆਂ ਅਰਜ਼ੀਆਂ ਆ ਚੁੱਕੀਆਂ ਹਨ। ਰੋਜ਼ਾਨਾ ਪੰਜ ਸੋ ਉਮੀਦਵਾਰਾਂ ਦੇ ਟ੍ਰਾਇਲ ਲੈ ਕੇ ਇਸ ਨੂੰ ਮਿੱਥੇ ਸਮੇਂ ਤਕ ਨੇਪਰੇ ਚਾੜ੍ਹਿਆ ਜਾਵੇਗਾ।
ਹੁਸ਼ਿਆਰਪੁਰ
ਹੁਸ਼ਿਆਰਪੁਰ ''ਚ ਵੀ ਸੀਨੀਅਰ ਪੁਲਸ ਅਧਿਕਾਰੀ ਇਸ ਭਰਤੀ ਪ੍ਰਕਿਰਿਆ ''ਤੇ ਨਜ਼ਰ ਰੱਖ ਰਹੇ ਹਨ। ਬਿਨੈਕਾਰਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।
ਪਟਿਆਲਾ
ਸ਼ਾਹੀ ਸ਼ਹਿਰ ਪਟਿਆਲਾ ''ਚ ਵੀ ਭਰਤੀ ਨੂੰ ਲੈ ਕੇ ਨੌਜਵਾਨਾਂ ''ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਭਰਤੀ ਦੇ ਪਹਿਲੇ ਦਿਨ ਚਾਰ ਨੌਜਵਾਨ ਇੱਥੇ ਡੋਪ ਟੈਸਟ ''ਚ ਫੇਲ ਪਾਏ ਗਏ।
ਕਪੂਰਥਲਾ
ਖੁਸ਼ਗਵਾਰ ਮੌਸਮ ''ਚ ਉਮੀਦਵਾਰਾਂ ਨੇ ਇੱਥੇ ਵੀ ਰੱਜ ਕੇ ਪਸੀਨਾ ਕੱਢਿਆ। ਕਪੂਰਥਲਾ ਜ਼ਿਲੇ ਦੀਆਂ 128 ਅਸਾਮੀਆਂ ਲਈ 8500 ਬਿਨੈਕਾਰ ਜ਼ੋਰ ਅਜ਼ਮਾਇਸ਼ ਕਰਨਗੇ।
ਸੰਗਰੂਰ
ਪਹਿਲੇ ਦਿਣ ਦੀ ਭਰਤੀ ਪ੍ਰਕਿਰਿਆ ਦੌਰਾਨ ਇੱਥੇ ਸਾਰੇ ਉਮੀਦਵਾਰ ਡੋਪ ਟੈਸਟ ਤੋਂ ਪਾਸ ਹੋ ਗਏ। 181 ਅਸਾਮੀਆਂ ਲਈ ਸੰਗਰਰੂ ਜ਼ਿਲੇ ਤੋਂ 30 ਹਜ਼ਾਰ ਅਰਜ਼ੀਆਂ ਹਾਸਲ ਹੋਈਆਂ ਹਨ।
ਮੋਗਾ
ਮੋਗਾ ਜ਼ਿਲੇ ''ਚ ਪਹਿਲੇ ਦਿਨ ਹੋਏ ਡੋਪ ਟੈਸਟਾਂ ਦੌਰਾਨ 180 ਉਮੀਦਵਾਰਾਂ ''ਚੋ 9 ਉਮੀਦਵਾਰ ਟੈਸਟ ''ਚ ਪਾਜ਼ੀਟਿਵ ਪਾਏ ਗਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ।
ਡੇਢ ਮਹੀਨੇ ਤੱਕ ਚਲਣ ਵਾਲੀ ਇਸ ਭਰਤੀ ਦੌਰਾਨ ਰੋਜ਼ਾਨਾ ਡੋਪ ਟੈਸਟ ਕਰਕੇ ਦੇਰ ਸ਼ਾਮ ਤਕ ਰਿਪੋਰਟ ਤਿਆਰ ਕੀਤੀ ਜਾਵੇਗੀ। ਆਸ ਹੈ ਕਿ ''ਉੜਤਾ ਪੰਜਾਬ'' ਦਾ ਇਹ ਸਕਰੀਨ ਟੈਸਟ ਛੇਤੀ ਹੀ ਪੰਜਾਬ ਨੂੰ ਖੁਸ਼ਖਬਰੀ ਸੁਣਾ ਪੁਰਾਣੇ ਦਿਨਾਂ ''ਚ ਵਾਪਸੀ ਕਰਵਾਏਗਾ।

Gurminder Singh

This news is Content Editor Gurminder Singh