ਪੰਜਾਬ ਪੁਲਸ ਨੇ ਏਅਰ ਇੰਡੀਆ ਦਾ ਬਾਈਕਾਟ ਵਾਲੇ ਨਾਅਰੇ ਲਿਖਣ ਵਾਲੇ HFJ ਦੇ ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ

12/04/2023 6:33:19 PM

ਚੰਡੀਗੜ੍ਹ/ਬਠਿੰਡਾ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਦੋ ਕਾਰਕੁਨਾਂ ਨੂੰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ’ਚ ਜਨਤਕ ਥਾਵਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਮਾਸਟਰਮਾਈਂਡ ਗੁਰਪਤਵੰਤ ਸਿੰਘ ਪੰਨੂ ਅਤੇ ਜਗਜੀਤ ਸਿੰਘ ਦੀ ਹਮਾਇਤ ਵਾਲੀ ਨਿਊਯਾਰਕ ਸਥਿਤ ਐੱਸ. ਐੱਫ. ਜੇ. ਨੂੰ ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ। ਹਾਲ ਹੀ ’ਚ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਬਠਿੰਡਾ,  ਕ੍ਰਿਕਟ ਵਿਸ਼ਵ ਕੱਪ ਮੈਚਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ  ਧਰਮਸ਼ਾਲਾ ਵਿਖੇ, ਰਾਜਸਥਾਨ ਦੇ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ਵਿਖੇ ਅਤੇ ਜ਼ਿਲ੍ਹਾ ਅੰਮ੍ਰਿਤਸਰ ’ਚ ਗੁਰੂਪੁਰਬ ਦੌਰਾਨ ਵੱਖ-ਵੱਖ ਥਾਵਾਂ ’ਤੇ  ‘ਏਅਰ ਇੰਡੀਆ ਦਾ ਬਾਈਕਾਟ ਕਰੋ’,‘ਖਾਲਿਸਤਾਨ ਜ਼ਿੰਦਾਬਾਦ ਅਤੇ ਐੱਸ. ਐੱਫ. ਜੇ. ਜ਼ਿੰਦਾਬਾਦ’ਜਿਹੇ ਨਾਅਰੇ ਦੇਖੇ ਗਏ ਸਨ। ਗ੍ਰਿਫ਼ਤਾਰ ਕੀਤੇ  ਵਿਅਕਤੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਨਸੀਬਪੁਰਾ, ਤਲਵੰਡੀ ਸਾਬੋ, ਬਠਿੰਡਾ ਅਤੇ ਲਵਪ੍ਰੀਤ ਸਿੰਘ ਵਾਸੀ ਕੋਟਸ਼ਮੀਰ, ਬਠਿੰਡਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਕਾਲੀ ਸਪਰੇਅ ਦੇ ਤਿੰਨ ਕੈਨ, ਇਕ ਖਾਲਿਸਤਾਨ ਦਾ ਝੰਡਾ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਨੇ ਕਬੂਲਿਆ ਕਿ ਉਹ ਐੱਸ. ਐੱਫ. ਜੇ. ਸੰਗਠਨ ਲਈ ਕੰਮ ਕਰਦੇ ਸਨ ਅਤੇ ਐੱਸ. ਐੱਫ. ਜੇ. ਦੇ ਇੱਕ ਮੈਂਬਰ ਜਗਜੀਤ ਸਿੰਘ, ਜੋ ਗੁਰਪਤਵੰਤ ਪੰਨੂ ਦੀ ਤਰਫੋਂ ਭਾਰਤ ’ਚ ਐੱਸ. ਐੱਫ. ਜੇ. ਕਾਰਕੁੰਨਾਂ ਨੂੰ ਪੈਸੇ ਭੇਜਦਾ ਸੀ, ਦੇ ਸੰਪਰਕ ’ਚ ਸਨ । ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ ਇਨ੍ਹਾਂ ਕੰਮਾਂ ਨੂੰ ਅੰਜਾਮ ਦੇਣ ਲਈ ਐੱਸ. ਐੱਫ. ਜੇ. ਸੰਗਠਨ ਤੋਂ ਵੈਸਟਰਨ ਯੂਨੀਅਨ ਰਾਹੀਂ ਵੱਖ-ਵੱਖ ਕਿਸ਼ਤਾਂ ’ਚ 1,25,000 ਰੁਪਏ ਪ੍ਰਾਪਤ ਹੋਏ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਐੱਸ. ਐੱਫ. ਜੇ. ਨਾਲ ਜੁੜੇ ਦੋ ਵਿਅਕਤੀਆਂ ਦੀ ਗਤੀਵਿਧੀ ਬਾਰੇ ਭਰੋਸੇਮੰਦ ਸੂਤਰਾਂ ਤੋਂ ਮਿਲੀ ਇਤਲਾਹ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲਸ ਟੀਮਾਂ ਨੇ ਬਠਿੰਡਾ-ਬਾਦਲ ਰੋਡ ’ਤੇ ਨੰਨ੍ਹੀ ਛਾਂ ਚੌਕ ਨੇੜੇ ਵਿਸ਼ੇਸ਼ ਨਾਕਾ ਲਗਾ ਕੇ ਦੋਵਾਂ ਨੂੰ ਉਦੋਂ ਕਾਬੂ ਕਰ ਲਿਆ, ਜਦੋਂ ਦੋਸ਼ੀ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 153, 153ਏ, 505 ਅਤੇ 120ਬੀ ਅਧੀਨ ਐੱਫ.ਆਈ.ਆਰ. ਨੰਬਰ 233 ਮਿਤੀ 03/12/23 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਅਹਿਮ ਖ਼ਬਰ, 8 ਦਸੰਬਰ ਤੋਂ ਲਾਗੂ ਹੋ ਰਿਹੈ ਸਖ਼ਤ ਨਿਯਮ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha